ਦੁਬਈ 'ਚ ਭਾਰਤੀ ਲੜਕੀ ਚਮਕਾਏਗੀ ਨਾਂ, 80 ਭਾਸ਼ਾਵਾਂ 'ਚ ਗੀਤ ਗਾ ਕੇ ਬਣਾਵੇਗੀ ਗਿਨੀਜ਼ ਰਿਕਾਰਡ

Sunday, Nov 12, 2017 - 06:00 PM (IST)

ਦੁਬਈ 'ਚ ਭਾਰਤੀ ਲੜਕੀ ਚਮਕਾਏਗੀ ਨਾਂ, 80 ਭਾਸ਼ਾਵਾਂ 'ਚ ਗੀਤ ਗਾ ਕੇ ਬਣਾਵੇਗੀ ਗਿਨੀਜ਼ ਰਿਕਾਰਡ

ਦੁਬਈ (ਭਾਸ਼ਾ)— ਦੁਬਈ ਦੇ ਇੰਡੀਅਨ ਹਾਈ ਸਕੂਲ ਵਿਚ ਪੜ੍ਹਨ ਵਾਲੀ ਇਕ ਭਾਰਤੀ ਲੜਕੀ 80 ਭਾਸ਼ਾਵਾਂ 'ਚ ਗੀਤ ਗਾ ਸਕਦੀ ਹੈ ਅਤੇ ਇਕ ਪ੍ਰੋਗਰਾਮ ਵਿਚ ਗਿਨੀਜ਼ ਵਰਲਡ ਰਿਕਾਰਡ ਤੋੜਨ ਦੀ ਕੋਸ਼ਿਸ਼ ਕਰੇਗੀ। ਇਕ ਮੀਡੀਆ ਰਿਪੋਰਟ ਤੋਂ ਇਹ ਜਾਣਕਾਰੀ ਮਿਲੀ ਹੈ। ਇਕ ਅਖਬਾਰ ਦੀ ਖਬਰ ਮੁਤਾਬਕ 12 ਸਾਲਾ ਸੁਚੇਤਾ ਸਤੀਸ਼ 29 ਦਸੰਬਰ ਨੂੰ ਹੋਣ ਵਾਲੇ ਇਕ ਪ੍ਰੋਗਰਾਮ ਵਿਚ 80 ਭਾਸ਼ਾਵਾਂ ਵਿਚ ਗੀਤ ਗਾਉਣ ਦੀ ਕੋਸ਼ਿਸ਼ ਕਰੇਗੀ। 
ਸੁਚੇਤਾ ਨੇ ਦੱਸਿਆ ਕਿ ਉਹ 80 ਭਾਸ਼ਾਵਾਂ ਵਿਚ ਗੀਤ ਗਾਉਣਾ ਜਾਣਦੀ ਹੈ ਅਤੇ ਇਹ ਉਸ ਨੇ ਇਕ ਸਾਲ ਵਿਚ ਸਿੱਖਿਆ ਹੈ। ਮੌਜੂਦਾ ਸਮੇਂ ਵਿਚ ਸਭ ਤੋਂ ਵਧ ਭਾਸ਼ਾਵਾਂ ਵਿਚ ਗੀਤ ਗਾਉਣ ਦਾ ਰਿਕਾਰਡ ਕੇ. ਸੀ. ਰਾਜੂ ਸ਼੍ਰੀਨਿਵਾਸ ਕੋਲ ਹੈ। ਉਨ੍ਹਾਂ ਨੇ 76 ਭਾਸ਼ਾਵਾਂ ਵਿਚ ਗੀਤ ਗਾਏ ਸਨ।
ਰਿਪੋਰਟ ਮੁਤਾਬਕ ਰਿਕਾਰਡ ਤੋੜਨ ਤੋਂ ਪਹਿਲਾਂ ਸੁਚੇਤਾ ਦੀ ਯੋਜਨਾ 5 ਹੋਰ ਭਾਸ਼ਾਵਾਂ 'ਚ 5 ਵੱਖਰੇ ਗੀਤ ਸਿੱਖਣ ਦੀ ਹੈ। ਸੁਚੇਤਾ ਕੇਰਲ ਨਾਲ ਸੰਬੰਧ ਰੱਖਦੀ ਹੈ ਅਤੇ ਉਹ ਪਹਿਲਾਂ ਤੋਂ ਹੀ ਭਾਰਤੀ ਭਾਸ਼ਾਵਾਂ— ਹਿੰਦੀ, ਮਲਿਆਲਮ ਅਤੇ ਤਮਿਲ ਵਿਚ ਗੀਤ ਗਾਣਾ ਜਾਣਦੀ ਹੈ। ਉਹ ਸਕੂਲ ਦੇ ਮੁਕਾਬਲਿਆਂ ਵਿਚ ਅੰਗਰੇਜ਼ੀ ਗਾਣੇ ਗਾਉਂਦੀ ਰਹੀ ਹੈ। ਸੁਚੇਤਾ ਨੇ ਦੱਸਿਆ, ''ਵਿਦੇਸ਼ੀ ਭਾਸ਼ਾ ਵਿਚ ਮੇਰਾ ਪਹਿਲਾ ਗਾਣਾ ਜਾਪਾਨੀ ਵਿਚ ਸੀ।'' ਉਸ ਦਾ ਕਹਿਣਾ ਹੈ ਕਿ ਉਸ ਲਈ ਫਰਾਂਸੀਸੀ ਅਤੇ ਜਰਮਨ ਭਾਸ਼ਾਵਾਂ ਵਿਚ ਗੀਤ ਗਾਉਣਾ ਸਭ ਤੋਂ ਵਧ ਮੁਸ਼ਕਲ ਸੀ।


Related News