ਅਣਅਧਿਕਾਰਤ ਪ੍ਰਵੇਸ਼...ਸੀਏਟਲ ''ਚ ਭਾਰਤੀ ਕੌਂਸਲੇਟ ਨੂੰ ਅਧਿਕਾਰੀਆਂ ਨੂੰ ਬੁਲਾਉਣ ਲਈ ਹੋਣਾ ਪਿਆ ਮਜਬੂਰ

Friday, Feb 07, 2025 - 06:43 PM (IST)

ਅਣਅਧਿਕਾਰਤ ਪ੍ਰਵੇਸ਼...ਸੀਏਟਲ ''ਚ ਭਾਰਤੀ ਕੌਂਸਲੇਟ ਨੂੰ ਅਧਿਕਾਰੀਆਂ ਨੂੰ ਬੁਲਾਉਣ ਲਈ ਹੋਣਾ ਪਿਆ ਮਜਬੂਰ

ਨਿਊਯਾਰਕ (ਏਜੰਸੀ)- ਸੀਏਟਲ ਸਥਿਤ ਭਾਰਤੀ ਕੌਂਸਲੇਟ ਨੇ ਕਿਹਾ ਕਿ ਵੀਰਵਾਰ ਨੂੰ ਕੁਝ ਵਿਅਕਤੀਆਂ ਦੇ ਉਨ੍ਹਾਂ ਦੇ ਕੰਪਲੈਕਸ ਵਿੱਚ ਅਣਅਧਿਕਾਰਤ ਦਾਖਲੇ ਕਾਰਨ ਕਾਨੂੰਨ ਵਿਵਸਥਾ ਦੀ ਸਮੱਸਿਆ ਪੈਦਾ ਹੋ ਗਈ। ਕੌਂਸਲੇਟ ਦੁਆਰਾ ਜਿਨ੍ਹਾਂ ਵਿਕਤੀਆਂ ਦਾ ਜ਼ਿਕਰ ਕੀਤਾ ਗਿਆ, ਉਨ੍ਹਾਂ ਵਿੱਚੋਂ ਇੱਕ ਕਸ਼ਮਾ ਸਾਵੰਤ ਹੈ, ਜਿਨ੍ਹਾਂ ਦੇ 'ਐਕਸ' ਬਾਇਓ ਵਿੱਚ ਜ਼ਿਕਰ ਹੈ ਕਿ ਉਹ 2014 ਤੋਂ 2023 ਤੱਕ ਸੀਏਟਲ ਸਿਟੀ ਕੌਂਸਲ ਦੀ ਮੈਂਬਰ ਸੀ। ਇਸ ਘਟਨਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਸਾਵੰਤ ਅਤੇ ਉਨ੍ਹਾਂ ਦੇ ਨਾਲ ਆਏ ਇੱਕ ਵਿਅਕਤੀ ਇਹ ਦਾਅਵਾ ਕਰਦੇ ਹੋਏ ਦਿਖਾਈ ਦੇ ਰਹੇ ਹਨ ਕਿ ਉਨ੍ਹਾਂ ਨੂੰ ਭਾਰਤ ਯਾਤਰਾ ਲਈ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ।

ਭਾਰਤੀ ਕੌਂਸਲੇਟ ਨੇ ਉਨ੍ਹਾਂ ਨੂੰ "ਘੁਸਪੈਠ ਕਰਨ ਵਾਲੇ" ਦੱਸਦਿਆਂ 'ਐਕਸ' 'ਤੇ ਲਿਖਿਆ: "ਵਾਰ-ਵਾਰ ਬੇਨਤੀਆਂ ਦੇ ਬਾਵਜੂਦ, ਇਨ੍ਹਾਂ ਵਿਅਕਤੀਆਂ ਨੇ ਕੌਂਸਲੇਟ ਕੰਪਲੈਕਸ ਤੋਂ ਬਾਹਰ ਜਾਣ ਤੋਂ ਇਨਕਾਰ ਕਰ ਦਿੱਤਾ ਅਤੇ ਸਟਾਫ ਪ੍ਰਤੀ ਹਮਲਾਵਰ ਅਤੇ ਧਮਕੀ ਭਰਿਆ ਵਿਵਹਾਰ ਕੀਤਾ। ਸਾਨੂੰ ਸਥਿਤੀ ਨਾਲ ਨਜਿੱਠਣ ਲਈ ਸਬੰਧਤ ਸਥਾਨਕ ਅਧਿਕਾਰੀਆਂ ਨੂੰ ਬੁਲਾਉਣ ਲਈ ਮਜਬੂਰ ਹੋਣਾ ਪਿਆ।"  ਪੋਸਟ ਵਿੱਚ ਕਿਹਾ ਗਿਆ ਹੈ, "ਘੁਸਪੈਠੀਆਂ ਵਿਰੁੱਧ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ।"

ਸਾਵੰਤ ਨੇ 'ਐਕਸ' 'ਤੇ ਇਹ ਵੀ ਲਿਖਿਆ, "ਇੱਕ ਕੌਂਸਲੇਟ ਅਧਿਕਾਰੀ ਨੇ ਕਿਹਾ ਕਿ ਮੈਨੂੰ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ, ਕਿਉਂਕਿ ਮੈਂ ਉਨ੍ਹਾਂ ਲੋਕਾਂ ਵਿੱਚੋਂ ਇੱਕ ਹਾਂ, ਜਿਨ੍ਹਾਂ ਦੇ ਵੀਜ਼ੇ ਮੋਦੀ ਸਰਕਾਰ ਨੇ ਰੱਦ ਕਰ ਦਿੱਤੇ ਹਨ। ਇਹ ਸਪੱਸ਼ਟ ਹੈ ਕਿ ਕਿਉਂ। ਮੇਰੇ ਨਗਰ ਕੌਂਸਲ ਦਫ਼ਤਰ ਨੇ ਮੋਦੀ ਦੇ ਮੁਸਲਿਮ ਵਿਰੋਧੀ, ਗਰੀਬ ਵਿਰੋਧੀ CAA-NRC ਨਾਗਰਿਕਤਾ ਕਾਨੂੰਨ ਦੀ ਨਿੰਦਾ ਕਰਦੇ ਹੋਏ ਇੱਕ ਮਤਾ ਪਾਸ ਕੀਤਾ ਸੀ।"


author

cherry

Content Editor

Related News