ਭਾਰਤ-ਅਮਰੀਕਾ ਸਬੰਧ ਇਸ ਸਦੀ ਲਈ ‘ਮਹੱਤਵਪੂਰਨ ਸਾਂਝੇਦਾਰੀ’ ਹਨ: ਰਿਚਰਡ ਵਰਮਾ
Saturday, Feb 18, 2023 - 04:15 PM (IST)

ਵਾਸ਼ਿੰਗਟਨ (ਭਾਸ਼ਾ)- ਭਾਰਤ ਵਿੱਚ ਅਮਰੀਕਾ ਦੇ ਸਾਬਕਾ ਰਾਜਦੂਤ ਰਿਚਰਡ ਵਰਮਾ ਨੇ ਸੰਸਦ ਮੈਂਬਰਾਂ ਨੂੰ ਕਿਹਾ ਹੈ ਕਿ ਭਾਰਤ-ਅਮਰੀਕਾ ਵਿਚਾਲੇ ਸਬੰਧ 21ਵੀਂ ਸਦੀ ਲਈ ‘ਮਹੱਤਵਪੂਰਨ ਸਾਂਝੇਦਾਰੀ’ ਹਨ। ਉਨ੍ਹਾਂ ਨੇ ਸੈਨੇਟ ਨੂੰ ਅਪੀਲ ਕੀਤੀ ਕਿ ਜਲਦੀ ਤੋਂ ਜਲਦੀ ਨਵੀਂ ਦਿੱਲੀ ਲਈ ਅਗਲੇ ਰਾਜਦੂਤ ਦੇ ਨਾਂ ਦੀ ਪੁਸ਼ਟੀ ਕੀਤੀ ਜਾਵੇ। ਭਾਰਤ-ਅਮਰੀਕਾ ਸਬੰਧਾਂ ਨੂੰ ਡੂੰਘਾ ਕਰਨ ਦੇ ਇੱਕ ਮਜ਼ਬੂਤ ਸਮਰਥਕ ਰਹੇ ਵਰਮਾ ਨੇ ਸਿਵਲ ਪਰਮਾਣੂ ਸਮਝੌਤੇ ਦੇ ਕਾਂਗਰਸ ਵਿੱਚ ਪਾਸ ਹੋਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ 2014 ਵਿੱਚ ਭਾਰਤ ਵਿੱਚ ਅਮਰੀਕੀ ਰਾਜਦੂਤ ਦੇ ਰੂਪ ਵਿਚ ਕੰਮਕਾਜ ਸੰਭਾਲਿਆ ਸੀ ਅਤੇ ਇਸ ਅਹੁਦੇ 'ਤੇ ਕੰਮ ਕਰਨ ਵਾਲੇ ਉਹ ਪਹਿਲੇ ਭਾਰਤੀ-ਅਮਰੀਕੀ ਬਣੇ। ਉਨ੍ਹਾਂ 2014 ਤੋਂ 2017 ਤੱਕ ਭਾਰਤ ਵਿੱਚ ਅਮਰੀਕੀ ਰਾਜਦੂਤ ਦੇ ਰੂਪ ਵਿਚ ਕੰਮ ਕੀਤਾ।
ਵਰਮਾ ਨੇ ਪ੍ਰਬੰਧਨ ਅਤੇ ਸੰਸਾਧਨ ਵਿਦੇਸ਼ ਉਪ ਮੰਤਰੀ ਅਹੁਦੇ 'ਤੇ ਆਪਣੇ ਨਾਮ ਦੀ ਪੁਸ਼ਟੀ ਲਈ ਸੁਣਵਾਈ ਦੌਰਾਨ ਸੈਨੇਟ ਦੀ ਵਿਦੇਸ਼ ਮਾਮਲਿਆਂ ਦੀ ਕਮੇਟੀ ਦੇ ਮੈਂਬਰਾਂ ਨੂੰ ਕਿਹਾ ਕਿ ਮੇਰਾ ਮੰਨਣਾ ਹੈ ਕਿ ਇਹ ਇਸ ਸਦੀ ਲਈ ਪਰਿਭਾਸ਼ਿਤ ਸਾਂਝੇਦਾਰੀ ਹੈ। ਰਿਸ਼ਤੇ ਕਈ ਤਰੀਕਿਆਂ ਨਾਲ ਮਹੱਤਵਪੂਰਨ ਹਨ ਅਤੇ ਇਸ ਆਧਾਰ 'ਤੇ ਇਕ ਸੀਨੀਅਰ ਅਧਿਕਾਰੀ, ਜੋ ਰਾਸ਼ਟਰਪਤੀ ਦੀ ਨੁਮਾਇੰਦਗੀ ਕਰੇ, ਦੇ ਹੋਣ ਨਾਲ ਇਕ ਵੱਡਾ ਫ਼ਰਕ ਪੈਦਾ ਹੁੰਦਾ ਹੈ।' ਵਰਮਾ ਨੇ ਭਾਰਤ ਵਿੱਚ ਅਗਲੇ ਅਮਰੀਕੀ ਰਾਜਦੂਤ ਦੇ ਨਾਮ ਦੀ ਪੁਸ਼ਟੀ ਨੂੰ ਲੈ ਕੇ ਸੁਣਵਾਈ ਦੌਰਾਨ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਹਰ ਕੋਈ ਉਮੀਦ ਕਰਦਾ ਹੈ ਕਿ ਜਿੰਨੀ ਜਲਦੀ ਹੋ ਸਕੇ ਉੱਥੇ ਕਿਸੇ ਨੂੰ ਰੱਖਣ ਦੀ ਲੋੜ ਹੈ। ਮੈਂ ਇਹ ਵੀ ਕਹਾਂਗਾ ਕਿ ਇਹ ਟੀਮ ਲਈ ਮਨੋਬਲ ਦਾ ਮੁੱਦਾ ਹੈ। ਪਰ ਸਭ ਤੋਂ ਮਹੱਤਵਪੂਰਨ ਗੱਲ ਰਾਸ਼ਟਰਪਤੀ ਦੀਆਂ ਤਰਜੀਹਾਂ ਨੂੰ ਪੂਰਾ ਕਰਨਾ ਹੈ। ਕਰੀਬ 2 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਭਾਰਤ ਵਿੱਚ ਅਮਰੀਕੀ ਰਾਜਦੂਤ ਦਾ ਅਹੁਦਾ ਖਾਲ੍ਹੀ ਹੈ।