ਯੂਨੈਸਕੋ ''ਚ ਸ਼ਰਮਿੰਦਾ ਪਾਕਿ, ਭਾਰਤ ਨੇ ਅਯੋਧਿਆ ਤੇ ਕਸ਼ਮੀਰ ਮੁੱਦੇ ''ਤੇ ਪਾਈ ਝਾੜ

11/15/2019 2:13:46 PM

ਜਿਨੇਵਾ— ਭਾਰਤ ਨੇ ਕਸ਼ਮੀਰ ਮੁੱਦੇ ਤੇ ਅਯੋਧਿਆ ਮਾਮਲੇ 'ਚ ਸੁਪਰੀਮ ਕੋਰਟ ਦੇ ਫੈਸਲੇ 'ਤੇ ਘੜੇ ਗਏ ਝੂਠ ਦੇ ਰਾਹੀਂ ਭਾਰਤ ਨੂੰ ਬਦਨਾਮ ਕਰਨ ਦੇ ਪ੍ਰੋਪੇਗੇਂਡਾ ਦੇ ਲਈ ਪਾਕਿਸਤਾਨ ਨੂੰ ਝਾੜ ਪਾਈ ਹੈ ਤੇ ਦੇਸ਼ ਦੇ ਅੰਦਰੂਨੀ ਮਾਮਲਿਆਂ 'ਚ ਟਿੱਪਣੀ ਕਰਨ ਦੀ ਪਾਕਿਸਤਾਨ ਦੀ ਆਦਤ ਦੀ ਨਿੰਦਾ ਕੀਤੀ ਹੈ।

ਜਨਰਲ ਪਾਲਿਸੀ ਡਿਬੇਟ 'ਤੇ ਯੂਨੈਸਕੋ ਦੀ 49ਵੀਂ ਜਨਰਲ ਕਾਨਫਰੰਸ 'ਚ ਜਵਾਬ ਦੇਣ ਦੇ ਆਪਣੇ ਅਧਿਕਾਰ ਦੀ ਵਰਤੋਂ ਕਰਦੇ ਹੋਏ ਇਕ ਭਾਰਤੀ ਅਧਿਕਾਰੀ ਨੇ ਪਾਕਿਸਤਾਨ ਨੂੰ ਝਾੜ ਪਾਈ। ਉਨ੍ਹਾਂ ਨੇ ਕਿਹਾ ਕਿ ਜੰਮੂ-ਕਸ਼ਮੀਰ ਤੇ ਲੱਦਾਖ ਹਮੇਸ਼ਾ ਤੋਂ ਸਾਡੇ ਰਹੇ ਹਨ ਤੇ ਭਾਰਤ ਦਾ ਅਨਿੱਖੜਵਾਂ ਹਿੱਸਾ ਰਹਿਣਗੇ। ਇਸ 'ਚ ਉਹ ਹਿੱਸੇ ਵੀ ਸ਼ਾਮਲ ਹਨ ਜੋ ਅਜੇ ਪਾਕਿਸਤਾਨ ਦੇ ਕਬਜ਼ੇ 'ਚ ਹਨ। ਅਧਿਕਾਰੀ ਨੇ ਕਿਹਾ ਕਿ ਅਸੀਂ ਘੜੇ ਗਏ ਝੂਠ ਦੇ ਰਾਹੀਂ ਭਾਰਤ ਨੂੰ ਬਦਨਾਮ ਕਰਨ ਦੇ ਪਾਕਿਸਤਾਨ ਦੇ ਜੁਵੇਨਾਈਲ ਪ੍ਰੋਪੇਗੇਂਡਾ ਨੂੰ ਖਾਰਿਜ ਕਰਦੇ ਹਾਂ। ਅਸੀਂ ਭਾਰਤੀ ਸੁਪਰੀਮ ਕੋਰਟ ਦੇ ਫੈਸਲੇ 'ਤੇ ਪਾਕਿਸਤਾਨ ਦੀ ਗੈਰ-ਲੋੜੀਂਦੀ ਟਿੱਪਣੀ ਦੀ ਨਿੰਦਾ ਕਰਦੇ ਹਾਂ। ਇਹ ਫੈਸਲਾ ਰੂਲ ਆਫ ਲਾਅ 'ਤੇ ਆਧਾਰਿਤ ਹੈ, ਇਸ 'ਚ ਸਾਰੇ ਧਰਮਾਂ ਦਾ ਸਨਮਾਨ ਕੀਤਾ ਗਿਆ ਹੈ, ਜੋ ਇਕ ਅਜਿਹਾ ਵਿਚਾਰ ਹੈ ਜੋ ਪਾਕਿਸਤਾਨ ਤੇ ਇਸ ਦੇ ਮੁੱਲਾਂ ਤੋਂ ਬਿਲਕੁੱਲ ਵੱਖਰਾ ਹੈ।

ਅਧਿਕਾਰੀ ਨੇ ਕਿਹਾ ਕਿ ਅਜਿਹੇ 'ਚ ਪਾਕਿਸਤਾਨ ਦੀ ਸਮਝ ਦੀ ਕਮੀ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਪਰ ਨਫਰਤ ਫੈਲਾਉਣ ਦੇ ਸਾਫ ਟੀਚੇ ਦੇ ਨਾਲ ਸਾਡੇ ਅੰਦਰੂਨੀ ਮਾਮਲਿਆਂ 'ਚ ਟਿੱਪਣੀ ਕਰਨ ਦੀ ਉਸ ਦੀ ਆਦਤ ਨਿੰਦਣਯੋਗ ਹੈ। ਅਧਿਕਾਰੀ ਨੇ ਕਿਹਾ ਕਿ ਯੂਨੈਸਕੋ ਦੀ ਮੈਂਬਰਤਾ ਇਸ ਦੇ ਸੰਵਿਧਾਨ ਤੋਂ ਪੂਰੀ ਤਰ੍ਹਾਂ ਨਾਲ ਜਾਣੂ ਹੈ, ਜਿਸ ਦਾ ਕਹਿਣਾ ਹੈ ਕਿ ਸੰਗਠਨ 'ਤੇ ਉਨ੍ਹਾਂ ਮਾਮਲਿਆਂ 'ਚ ਦਖਲ ਦੇਣ ਦੀ ਮਨਾਹੀ ਹੈ ਜੋ ਕਿ ਮੂਲ ਰੂਪ ਨਾਲ ਦੇਸ਼ ਦੇ ਘਰੇਲੂ ਅਧਿਕਾਰ ਖੇਤਰ 'ਚ ਆਉਂਦੇ ਹਨ। ਭਾਰਤ ਦੀਆਂ ਇਹ ਟਿੱਪਣੀਆਂ ਪਾਕਿਸਤਾਨ ਦੇ ਸਿੱਖਿਆ ਮੰਤਰੀ ਸ਼ਫਕਤ ਮਹਿਮੂਦ ਦੇ ਬਿਆਨ ਤੋਂ ਬਾਅਦ ਆਈਆਂ, ਜਿਸ 'ਚ ਉਨ੍ਹਾਂ ਨੇ ਕਿਹਾ ਸੀ ਕਿ ਭਾਰਤੀ ਸੁਪਰੀਮ ਕੋਰਟ ਦਾ ਅਯੋਧਿਆ ਮਾਮਲੇ 'ਚ ਫੈਸਲਾ ਯੂਨੈਸਕੋ ਦੇ ਧਾਰਮਿਕ ਸੁਤੰਤਰਤਾ ਦੇ ਮੁੱਲਾਂ ਨਾਲ ਮੇਲ ਨਹੀਂ ਖਾਂਦਾ।


Baljit Singh

Content Editor

Related News