ਅੱਤਵਾਦ ਖਿਲਾਫ ਮੁਕਾਬਲੇ ''ਤੇ ਸਹਿਮਤ ਹੋਏ ਭਾਰਤ-ਫਰਾਂਸ, ਰੱਖਿਆ ਸਹਿਯੋਗ ਕਰਨਗੇ ਮਜ਼ਬੂਤ

10/09/2019 7:47:09 PM

ਪੈਰਿਸ— ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਆਪਣੀ ਫ੍ਰਾਂਸੀਸੀ ਹਮਰੁਤਬਾ ਨਾਲ 'ਲੋੜੀਂਦੀ ਗੱਲਬਾਤ' ਕੀਤੀ ਤੇ ਇਸ ਦੌਰਾਨ ਦੋਵਾਂ ਨੇਤਾਵਾਂ ਨੇ ਦੋ-ਪੱਖੀ ਰੱਖਿਆ ਸਬੰਧਾਂ ਨਾਲ ਜੁੜੇ ਸਾਰੇ ਮੁੱਦਿਆਂ ਦੀ ਸਮੀਖਿਆ ਕੀਤੀ। ਇਸ ਦੇ ਨਾਲ ਹੀ ਦੋਵਾਂ ਪੱਖਾਂ ਨੇ ਅੱਤਵਾਦ ਦਾ ਮੁਕਾਬਲਾ ਕਰਨ ਲਈ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਪ੍ਰਤੀ ਵਚਨਬੱਧਤਾ ਵੀ ਜਤਾਈ।

ਸਿੰਘ ਤੇ ਫਰਾਂਸ ਦੀ ਰੱਖਿਆ ਮੰਤਰੀ ਫਲੋਰੇਂਸ ਪਾਰਲੀ ਨੇ ਮੰਗਲਵਾਰ ਨੂੰ ਦੂਜੀ ਭਾਰਤ-ਫਰਾਂਸ ਮੰਤਰੀ ਪੱਧਰੀ ਸਾਲਾਨਾ ਰੱਖਿਆ ਗੱਲਬਾਤ ਕੀਤੀ। ਉਸ ਤੋਂ ਪਹਿਲਾਂ ਫਰਾਂਸ ਨੇ ਭਾਰਤ ਨੂੰ ਪਹਿਲਾ ਰਾਫੇਲ ਜੰਗੀ ਜਹਾਜ਼ ਰਸਮੀ ਰੂਪ 'ਚ ਸੌਂਪਿਆ। ਸਿੰਘ ਨੇ ਬੈਠਕ ਤੋਂ ਕੁਝ ਦੇਰ ਬਾਅਦ ਟਵੀਟ ਕੀਤਾ ਕਿ ਫਲੋਰੇਂਸ ਪਾਰਲੀ ਦੇ ਨਾਲ ਲੋੜੀਂਦੀ ਚਰਚਾ ਹੋਈ। ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੇ ਦੋ-ਪੱਖੀ ਰੱਖਿਆ ਸਬੰਧਾਂ ਦੇ ਸਾਰੇ ਮੁੱਦਿਆਂ ਦੀ ਸਮੀਖਿਆ ਕੀਤੀ।

ਰੱਖਿਆ ਮੰਤਰੀ ਨੇ ਇਕ ਬਿਆਨ 'ਚ ਕਿਹਾ ਕਿ ਸਾਲਾਨਾ ਰੱਖਿਆ ਗੱਲਬਾਤ ਦੌਰਾਨ ਦੋਵਾਂ ਮੰਤਰੀਆਂ ਨੇ ਦੋ-ਪੱਖੀ ਰੱਖਿਆ ਸਹਿਯੋਗ ਦੀ ਵਿਆਪਕ ਸਮੀਖਿਆ ਕੀਤੀ। ਰੱਖਿਆ ਸਹਿਯੋਗ ਭਾਰਤ-ਫਰਾਂਸ ਰਣਨੀਤਿਕ ਸਾਂਝੀਦਾਰੀ ਦਾ ਪ੍ਰਮੁੱਖ ਧੁਰਾ ਹੈ। ਇਸ 'ਚ ਕਿਹਾ ਗਿਆ ਹੈ ਕਿ ਦੋਵਾਂ ਮੰਤਰੀਆਂ ਨੇ ਅੱਤਵਾਦ ਦੇ ਖਿਲਾਫ ਦੋ-ਪੱਖੀ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਉਣ ਦੀ ਵੀ ਪੁਸ਼ਟੀ ਕੀਤੀ। ਦੋਵਾਂ ਪੱਖਾਂ ਨੇ ਰੱਖਿਆ ਨਾਲ ਸਬੰਧਤ ਅਧਿਕਾਰਿਤ ਤੇ ਸੰਚਾਲਨ ਪੱਧਰ 'ਤੇ ਗੱਲਬਾਤ ਨੂੰ ਹੋਰ ਦ੍ਰਿੜ ਬਣਾਉਣ 'ਤੇ ਚਰਚਾ ਕੀਤੀ।


Baljit Singh

Content Editor

Related News