ਯੂਕ੍ਰੇਨ-ਰੂਸ ਸੰਕਟ ’ਚ ਕਿਸ ਦੇ ਨਾਲ ਹਨ ਇਸਲਾਮਿਕ ਦੇਸ਼? ਯੂਕ੍ਰੇਨ ’ਚ ਲਗਭਗ 2 ਫੀਸਦੀ ਮੁਸਲਮਾਨ

Friday, Feb 25, 2022 - 10:46 AM (IST)

ਯੂਕ੍ਰੇਨ-ਰੂਸ ਸੰਕਟ ’ਚ ਕਿਸ ਦੇ ਨਾਲ ਹਨ ਇਸਲਾਮਿਕ ਦੇਸ਼? ਯੂਕ੍ਰੇਨ ’ਚ ਲਗਭਗ 2 ਫੀਸਦੀ ਮੁਸਲਮਾਨ

ਯੂਕ੍ਰੇਨ ਦੀ 4.49 ਕਰੋੜ ਦੀ ਆਬਾਦੀ ਵਿਚ ਮੁਸਲਮਾਨਾਂ ਦੀ ਆਬਾਦੀ ਇਕ ਤੋਂ ਦੋ ਫੀਸਦੀ ਦੇ ਲਗਭਗ ਹੈ। ਇੱਥੋਂ ਦੀ ਬਹੁਗਿਣਤੀ ਆਬਾਦੀ ਈਸਾਈ ਹੈ। ਪੂਰਬੀ ਯੂਕ੍ਰੇਨ ’ਤੇ ਰੂਸ ਦੀ ਫ਼ੌਜੀ ਕਾਰਵਾਈ ਜਾਰੀ ਹੈ। ਰੂਸ ਦੀ ਇਸ ਕਾਰਵਾਈ ਕਾਰਨ ਦੁਨੀਆ ਦੀ ਸਭ ਤੋਂ ਵੱਡੀ ਸ਼ਕਤੀ ਅਮਰੀਕਾ ਸਮੇਤ ਪੱਛਮ ਦੇ ਕਈ ਦੇਸ਼ ਗੁੱਸੇ ਵਿਚ ਹਨ ਅਤੇ ਹੁਣ ਤਕ ਕਈ ਪਾਬੰਦੀਆਂ ਦਾ ਐਲਾਨ ਕਰ ਚੁੱਕੇ ਹਨ। ਜਾਪਾਨ ਤੇ ਆਸਟ੍ਰੇਲੀਆ ਵੀ ਪੱਛਮੀ ਦੇਸ਼ਾਂ ਨਾਲ ਖੜ੍ਹੇ ਹਨ। ਇਨ੍ਹਾਂ ਤੋਂ ਇਲਾਵਾ ਬਾਕੀ ਦੇਸ਼ ਆਪਣੇ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਸੰਤੁਲਿਤ ਬਿਆਨ ਦੇ ਰਹੇ ਹਨ। ਇਸ ਲਈ ਇੱਥੇ ਜਾਣਨਾ ਜ਼ਰੂਰੀ ਹੈ ਕਿ ਪ੍ਰਮੁੱਖ ਇਸਲਾਮਿਕ ਦੇਸ਼ ਜਾਂ ਮੁਸਲਮਾਨਾਂ ਦੀ ਬਹੁਗਿਣਤੀ ਵਾਲੇ ਦੇਸ਼ ਯੂਕ੍ਰੇਨ ਨੂੰ ਲੈ ਕੇ ਚੱਲ ਰਹੇ ਸੰਘਰਸ਼ ਵਿਚ ਕਿਸ ਦੇ ਨਾਲ ਹਨ।

ਸਾਊਦੀ ਅਰਬ ਨੇ ਨਹੀਂ ਮੰਨੀ ਅਮਰੀਕਾ ਦੀ ਗੱਲ
ਬੁੱਧਵਾਰ ਨੂੰ ਸੰਯੁਕਤ ਰਾਸ਼ਟਰ ਦੀ ਆਮ ਸਭਾ ਵਿਚ ਸਾਊਦੀ ਅਰਬ ਨੇ ਰੂਸ ਦੀ ਨਿੰਦਾ ਕੀਤੇ ਬਿਨਾਂ ਡਿਪਲੋਮੈਟਿਕ ਹੱਲ ਦੀ ਗੱਲ ਕਹੀ ਸੀ। ਸਾਊਦੀ ਅਰਬ ਨੇ ਦੋਵਾਂ ਧਿਰਾਂ ਨੂੰ ਫ਼ੌਜੀ ਤਣਾਅ ਘੱਟ ਕਰਨ ਦੀ ਅਪੀਲ ਕੀਤੀ ਸੀ। ਰੂਸ ਤੇ ਸਾਊਦੀ ਅਰਬ ਦੁਨੀਆ ਦੇ ਸਭ ਤੋਂ ਵੱਡੇ ਤੇਲ ਉਤਪਾਦਕ ਦੇਸ਼ ਹਨ ਅਤੇ ਐਕਸਪੋਰਟ ਦੇ ਫ਼ੈਸਲਿਆਂ ’ਤੇ ਇਨ੍ਹਾਂ ਦਾ ਕੰਟਰੋਲ ਹੁੰਦਾ ਹੈ। ਅਮਰੀਕਾ ਤੇ ਸਾਊਦੀ ਅਰਬ ਦੇ ਰਿਸ਼ਤੇ ਪਹਿਲਾਂ ਵਰਗੇ ਨਹੀਂ ਰਹੇ। ਇਸ ਦਾ ਸੰਕੇਤ ਇਸ ਮਹੀਨੇ ਵੀ ਮਿਲਿਆ ਸੀ, ਜਦੋਂ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਸਾਊਦੀ ਅਰਬ ਨੂੰ ਤੇਲ ਦਾ ਉਤਪਾਦਨ ਵਧਾਉਣ ਦੀ ਅਪੀਲ ਕੀਤੀ ਸੀ ਪਰ ਸਾਊਦੀ ਅਰਬ ਨੇ ਇਸ ਤੋਂ ਇਨਕਾਰ ਕਰ ਦਿੱਤਾ ਸੀ।

ਪੜ੍ਹੋ ਇਹ ਅਹਿਮ ਖ਼ਬਰ- ਰੂਸ ਵੱਲੋਂ ਯੂਕ੍ਰੇਨ ਖ਼ਿਲਾਫ਼ ਭਿਆਨਕ ਹਮਲੇ ਜਾਰੀ, ਪੂਰੇ ਘਟਨਾਕ੍ਰਮ ਦੀ ਜਾਣੋ Live Updates

ਤੁਰਕੀ : ਤੁਰਕੀ ਸੰਵਿਧਾਨਕ ਤੌਰ ’ਤੇ ਇਸਲਾਮਿਕ ਦੇਸ਼ ਨਹੀਂ ਪਰ ਇੱਥੋਂ ਦੀ ਬਹੁਗਿਣਤੀ ਆਬਾਦੀ ਮੁਸਲਮਾਨ ਹੈ। ਤੁਰਕੀ ਨਾਟੋ ਦਾ ਵੀ ਮੈਂਬਰ ਹੈ, ਜਿਸ ਕਾਰਨ ਉਹ ਯੂਕ੍ਰੇਨ ’ਤੇ ਰੂਸੀ ਹਮਲੇ ਦੇ ਨਾਲ ਨਹੀਂ ਪਰ ਤੁਰਕੀ ਦੇ ਰਾਸ਼ਟਰਪਤੀ ਰੇਚੇਪ ਤੈਯਪ ਅਰਦੋਆਨ ਜਦੋਂ ਅਮਰੀਕਾ ਨਾਲ ਨਾਰਾਜ਼ ਹੁੰਦੇ ਹਨ ਤਾਂ ਪੁਤਿਨ ਕੋਲ ਹੀ ਜਾਂਦੇ ਹਨ। ਰੂਸ ਤੋਂ ਐੱਸ.-400 ਮਿਜ਼ਾਈਲ ਸਿਸਟਮ ਲੈਣ ਕਾਰਨ ਤੁਰਕੀ ’ਤੇ ਅਮਰੀਕਾ ਨੇ ਪਾਬੰਦੀ ਵੀ ਲਾਈ ਸੀ। ਬਾਈਡੇਨ ਦੇ ਆਉਣ ਤੋਂ ਬਾਅਦ ਤੁਰਕੀ ਦਾ ਰਿਸ਼ਤਾ ਅਮਰੀਕਾ ਨਾਲ ਖਰਾਬ ਹੋਇਆ ਹੈ। ਰਾਸ਼ਟਰਪਤੀ ਅਰਦੋਆਨ ਨੇ ਕਿਹਾ ਕਿ ਉਨ੍ਹਾਂ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਗੱਲਬਾਤ ਨੂੰ ਹਮੇਸ਼ਾ ਅਹਿਮੀਅਤ ਦਿੱਤੀ ਹੈ, ਜਿਸ ਦੇ ਕਈ ਚੰਗੇ ਨਤੀਜੇ ਵੀ ਮਿਲੇ ਹਨ। ਉਹ ਅੱਗੇ ਵੀ ਗੱਲਬਾਤ ਜਾਰੀ ਰੱਖਣਗੇ।

ਯੂ. ਏ. ਈ. : ਸੰਯੁਕਤ ਅਰਬ ਅਮੀਰਾਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਯੂਕ੍ਰੇਨ ਦੇ ਮੁੱਦੇ ਨੂੰ ਕੂਟਨੀਤਿਕ ਗੱਲਬਾਤ ਰਾਹੀਂ ਹੱਲ ਕਰਨ ਦੀ ਅਪੀਲ ਕੀਤੀ ਹੈ। ਯੂ. ਏ. ਈ. ਨੇ ਇਹ ਨਹੀਂ ਕਿਹਾ ਕਿ ਰੂਸ ਨੇ ਯੂਕ੍ਰੇਨ ਦੀ ਪ੍ਰਭੂਸੱਤਾ ਦੀ ਉਲੰਘਣਾ ਕੀਤੀ ਹੈ। ਯੂ. ਏ. ਈ. ਦੀ ਸਰਕਾਰੀ ਖਬਰ ਏਜੰਸੀ ਮੁਤਾਬਕ ਰੂਸ ਤੇ ਯੂ. ਏ. ਈ. ਦੇ ਵਿਦੇਸ਼ ਮੰਤਰੀ ਨੇ ਫੋਨ ’ਤੇ ਗੱਲ ਕੀਤੀ ਅਤੇ ਆਪਣੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ। ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦਰਮਿਆਨ ਰਿਸ਼ਤੇ ਮਜ਼ਬੂਤ ਕਰਨ ਦੀ ਗੱਲ ਯੂਕ੍ਰੇਨ ਸੰਕਟ ਦੌਰਾਨ ਹੋਈ ਹੈ।

ਈਰਾਨ : ਈਰਾਨ ਸ਼ੀਆ ਮੁਸਲਿਮ ਬਹੁਗਿਣਤੀ ਦੇਸ਼ ਹੈ। ਉਸ ਦਾ ਰਿਸ਼ਤਾ ਅਮਰੀਕਾ ਨਾਲ 1979 ਦੀ ਇਸਲਾਮਿਕ ਕ੍ਰਾਂਤੀ ਦੇ ਵੇਲੇ ਤੋਂ ਹੀ ਖਰਾਬ ਹੈ। ਰੂਸ ਨਾਲ ਈਰਾਨ ਦੇ ਰਿਸ਼ਤੇ ਚੰਗੇ ਰਹੇ ਹਨ। ਯੂਕ੍ਰੇਨ ਸੰਕਟ ’ਤੇ ਈਰਾਨ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਸਈਦ ਖਾਤਿਬਜਾਦੇਹ ਨੇ ਕਿਹਾ ਸੀ ਕਿ ਇਸਲਾਮਿਕ ਰਿਪਬਲਿਕ ਆਫ ਈਰਾਨ ਸਾਰੀਆਂ ਧਿਰਾਂ ਤੋਂ ਸੰਜਮ ਰੱਖਣ ਦੀ ਉਮੀਦ ਕਰਦਾ ਹੈ। ਕਿਸੇ ਵੀ ਤਰ੍ਹਾਂ ਦੇ ਤਣਾਅ ਨੂੰ ਵਧਾਉਣ ਵਾਲੇ ਕਦਮ ਤੋਂ ਬਚਣਾ ਚਾਹੀਦਾ ਹੈ। ਸਾਰੀਆਂ ਧਿਰਾਂ ਗੱਲਬਾਤ ਰਾਹੀਂ ਆਪਣੇ ਮਤਭੇਦ ਹੱਲ ਕਰ ਸਕਦੀਆਂ ਹਨ। ਮੰਦੇ ਭਾਗੀਂ ਅਮਰੀਕਾ ਨੇ ਨਾਟੋ ਦੇ ਦਖਲ ਅਤੇ ਉਕਸਾਊ ਕਦਮ ਨਾਲ ਇਲਾਕੇ ਦੀ ਸਥਿਤੀ ਗੁੰਝਲਦਾਰ ਬਣਾ ਦਿੱਤੀ ਹੈ। ਹਾਲਾਂਕਿ ਰੂਸ ਨਾਲ ਈਰਾਨ ਦੇ ਰਿਸ਼ਤੇ ਇਤਿਹਾਸਕ ਤੌਰ ’ਤੇ ਮਧੁਰ ਨਹੀਂ ਰਹੇ। 1943 ਵਿਚ ਦੂਜੀ ਸੰਸਾਰ ਜੰਗ ਦੌਰਾਨ ਤਹਿਰਾਨ ਵਿਚ ਮਿੱਤਰ ਦੇਸ਼ਾਂ ਦੇ ਨੇਤਾਵਾਂ ਸਟਾਲਿਨ, ਚਰਚਿਲ ਤੇ ਫ੍ਰੈਂਕਲਿਨ ਡੀ. ਰੂਜ਼ਵੈਲਟ ਦੀ ਬੈਠਕ ਹੋਈ ਸੀ। ਉਸ ਵੇਲੇ ਈਰਾਨ ’ਤੇ ਰੂਸ ਤੇ ਬ੍ਰਿਟੇਨ ਦਾ ਕਬਜ਼ਾ ਸੀ।


author

Vandana

Content Editor

Related News