ਵਾਹਗੇ ਦੇ ਆਰ-ਪਾਰ ਵੱਸਦੇ ਲੋਕਾਂ ਦੇ ਦਿਲਾਂ ''ਚ ਧੜਕਦੈ ਸ਼ਹੀਦ ਭਗਤ ਸਿੰਘ

01/31/2017 11:06:42 AM

 ਜਲੰਧਰ (ਲਾਹੌਰ)—ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਰਿਸ਼ਤਿਆਂ ''ਚ ਬਹੁਤ ਕੁਝ ਸਾਂਝਾ, ਅਪਣੱਤ ਭਰਿਆ ਅਤੇ ਮਾਣ-ਮੱਤਾ ਹੈ। ਹਕੀਕਤ ''ਚ ਵਾਹਗੇ ਦੇ ਆਰ-ਪਾਰ ਵੱਸਦੇ ਜੀਵਨ ਦਾ ਮੁੱਢ ਇਕ ਹੀ ਹੈ। ਇਹ ਤਾਂ 1947 ''ਚ ਸਿਆਸੀ ਖੇਡਾਂ ਦਾ ਅਜਿਹਾ ਸਾਇਆ ਇਸ ''ਇਕ ਮੁੱਢ'' ''ਤੇ ਪਿਆ ਕਿ ਇਸ ਨੂੰ ਲਕੀਰ ਨੇ ਦੋ ਹਿੱਸਿਆਂ ''ਚ ਵੰਡ ਦਿੱਤਾ। ਇਸ ਦੇ ਬਾਵਜੂਦ ਨਾ ਸਾਂਝਾਂ ਘਟਾਈਆਂ ਜਾ ਸਕਦੀਆਂ ਹਨ ਅਤੇ ਨਾ ਮਿਟਾਈਆਂ ਜਾ ਸਕਦੀਆਂ ਹਨ। ਲੋਕ ਭਾਵੇਂ ਵਲਗਣਾਂ ''ਚ ਡੱਕੇ ਹੋਣ ਪਰ ਉਨ੍ਹਾਂ ਦੇ ਜਜ਼ਬਾਤ ਅਤੇ ਸੋਚ ਕਿਸੇ ਪਾਬੰਦੀ ''ਚ ਨਹੀਂ ਰਹਿ ਸਕਦੀ। ਦੋਹਾਂ ਪੰਜਾਬਾਂ ਦੇ ਸਾਂਝੇ ਇਤਿਹਾਸ ''ਚ ਜਿਹੜੇ ਕੁਝ ਇਕ ਰੋਸ਼ਨ-ਮੀਨਾਰ ਹਨ ਉਨ੍ਹਾਂ ''ਚ ਬੁਲੰਦੀ ਵਾਲਾ ਇਕ ਨਾਂ ਸ਼ਹੀਦੇ ਆਜ਼ਮ ਸ. ਭਗਤ ਸਿੰਘ ਦਾ ਹੈ, ਜਦੋਂ ਤੱਕ ਦੁਨੀਆ ਰਹੇਗੀ ਉਦੋਂ ਤੱਕ ਭਗਤ ਸਿੰਘ ਦੀ ਯਾਦ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਲੋਕਾਂ ਦੇ ਦਿਲਾਂ ''ਚ ਧੜਕਦੀ ਰਹੇਗੀ। ਦੋਹਾਂ ਪਾਸਿਆਂ ਦੇ ਲੋਕ ਅੱਜ ਵੀ ਮਾਣ ਨਾਲ ਗਾਉਂਦੇ ਹਨ ''ਮੇਰਾ ਰੰਗ ਦੇ ਬਸੰਤੀ ਚੋਲਾ'' ਅਤੇ ''ਪੱਗੜੀ ਸੰਭਾਲ ਜੱਟਾ, ਪੱਗੜੀ ਸੰਭਾਲ ਓਏ।'' ਭਗਤ ਸਿੰਘ ਦੇ ਵੱਡੇ-ਵਡੇਰਿਆਂ ਦਾ ਪਿੰਡ ਚੜ੍ਹਦੇ ਪੰਜਾਬ ਦੇ ਜ਼ਿਲਾ ਨਵਾਂ ਸ਼ਹਿਰ (ਜਿਸ ਦਾ ਨਾਂ ਬਦਲ ਕੇ ਹੁਣ ਸ਼ਹੀਦ ਭਗਤ ਸਿੰਘ ਨਗਰ ਰੱਖ ਦਿੱਤਾ ਗਿਆ ਹੈ) ''ਚ ਖਟਕੜ ਕਲਾਂ ਹੈ। ਇਸ ਪਿੰਡ ''ਚ ਭਗਤ ਸਿੰਘ ਦਾ ਜੱਦੀ ਘਰ ਅੱਜ ਵੀ ਮੌਜੂਦ ਹੈ ਅਤੇ ਹੁਣ ਇਸ ਪਿੰਡ ਦਾ ਨਕਸ਼ਾ ਵੀ ਸੰਵਾਰ ਦਿੱਤਾ ਗਿਆ ਹੈ ਅਤੇ ਨਾਲ ਹੀ ਸ਼ਹੀਦ ਦੀ ਇਕ ਯਾਦਗਾਰ ਵੀ ਕਾਇਮ ਕਰ ਦਿੱਤੀ ਗਈ ਹੈ। ਯਾਦਗਾਰ ਦੇ ਸਾਹਮਣੇ ਲਾਇਆ ਗਿਆ ਭਗਤ ਸਿੰਘ ਦਾ ਬੁੱਤ ਅੱਜ ਵੀ ਨੌਜਵਾਨਾਂ ਨੂੰ ਪ੍ਰੇਰਣਾ ਦਿੰਦਾ ਹੈ ਕਿ ਕਿਵੇਂ ਉਨ੍ਹਾਂ ਨੇ ਆਪਣੀ ਧਰਤੀ ਮਾਂ ਦੀ ਰਾਖੀ ਕਰਨੀ ਹੈ ਅਤੇ ਕਿਸ ਤਰ੍ਹਾਂ ਗੈਰਤ ਨਾਲ ਸਿਰ ਉੱਚਾ ਕਰਕੇ ਜਿਊਣਾ ਹੈ। ਭਗਤ ਸਿੰਘ ਦੇ ਜਨਮ ਤੋਂ ਪਹਿਲਾਂ ਉਸ ਦੇ ਵੱਡੇ-ਵਡੇਰੇ ਖਟਕੜ ਕਲਾਂ ਨੂੰ ਛੱਡ ਕੇ ਜ਼ਿਲਾ ਲਾਇਲਪੁਰ (ਪਾਕਿਸਤਾਨ) ''ਚ ਚਲੇ ਗਏ ਸਨ, ਜਿਸ ਨੂੰ ਹੁਣ ਫੈਸਲਾਬਾਦ ਕਿਹਾ ਜਾਂਦਾ ਹੈ। ਇਸ ਜ਼ਿਲੇ ਦੇ ਪਿੰਡ ਚੱਕ ਨੰ. 105, ਬੰਗਾ ''ਚ 28 ਸਤੰਬਰ 1907 ਨੂੰ ਭਗਤ ਸਿੰਘ ਦਾ ਜਨਮ ਹੋਇਆ ਸੀ। ਇਸ ਪਿੰਡ ''ਚ ਅੱਜ ਵੀ ਭਗਤ ਸਿੰਘ ਦੇ ਜਨਮ ਵਾਲਾ ਘਰ ਅਤੇ ਉਹ ਸਕੂਲ ਵੀ ਮੌਜੂਦ ਹੈ, ਜਿੱਥੇ ਉਸ ਨੇ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ ਸੀ। ਪਿੰਡ ਬੰਗੇ ਲਾਹੌਰ ਤੋਂ 150 ਕਿਲੋਮੀਟਰ ਦੂਰ ਦੱਸਿਆ ਜਾਂਦਾ ਹੈ। ਇਹ ਵੀ ਇਤਫਾਕ ਦੀ ਗੱਲ ਹੈ ਕਿ ਚੜ੍ਹਦੇ ਪੰਜਾਬ ''ਚ ਭਗਤ ਸਿੰਘ ਦਾ ਜੱਦੀ ਪਿੰਡ ਖਟਕੜ ਕਲਾਂ ਵੀ ਬੰਗਾ ਨਾਂਮੀ ਸ਼ਹਿਰ ਦੇ ਨੇੜੇ ਹੈ। ਪੰਜਾਬ ਸਰਕਾਰ ਨੇ ਜਿਸ ਤਰ੍ਹਾਂ ਖਟਕੜ ਕਲਾਂ ਦੀ ਦਿੱਖ ਸਵਾਰੀ ਹੈ ਅਤੇ ਉਸ ਨੂੰ ਕੌਮੀ ਵਿਰਾਸਤ ਵਾਲਾ ਮਾਣ-ਸਨਮਾਨ ਹਾਸਲ ਹੋਇਆ ਹੈ ਉਸ ਤਰ੍ਹਾਂ ਪਾਕਿਸਤਾਨ ''ਚ ਵੀ ਭਗਤ ਸਿੰਘ ਦੇ ਪਿੰਡ ਦੀ ਨੁਹਾਰ ਬਦਲਣ ਲਈ ਲਹਿੰਦੇ ਪੰਜਾਬ ਦੀ ਸਰਕਾਰ ਵੱਡੇ ਪੱਧਰ ''ਤੇ ਯਤਨ ਕਰ ਰਹੀ ਹੈ। ਸਰਕਾਰ ਨੇ ਭਗਤ ਸਿੰਘ ਦੇ ਜਨਮ ਵਾਲੇ ਘਰ ਅਤੇ ਸਕੂਲ ਦੀ ਦਿੱਖ ਸੰਵਾਰਨ ਅਤੇ ਸ਼ਿੰਗਾਰਨ ਲਈ ਕਰੋੜਾਂ ਰੁਪਏ ਖਰਚਣ ਦੀ ਯੋਜਨਾ ਬਣਾਈ ਹੈ। ਪਿੰਡ ਦੇ ਲੋਕਾਂ ਨੂੰ ਪੀਣ ਵਾਲਾ ਸ਼ੁੱਧ ਪਾਣੀ ਮੁਹੱਈਆ ਕਰਵਾਇਆ ਜਾਵੇਗਾ। ਡਰੇਨੇਜ਼ ਪ੍ਰਣਾਲੀ ''ਚ ਸੁਧਾਰ ਕੀਤਾ ਜਾਵੇਗਾ ਅਤੇ ਇਮਾਰਤਾਂ ਦੀ ਪੂਰਾ ਨਕਸ਼ਾ ਬਦਲਿਆ ਜਾਵੇਗਾ। ਪਿੰਡ ਦੇ ਲੋਕ ਖੁਦ ਅੱਗੇ ਵਧ ਕੇ ਇਸ ਪ੍ਰਾਜੈਕਟ ਦਾ ਹਿੱਸਾ ਬਣ ਰਹੇ ਹਨ ਅਤੇ ਉਹ ਚਾਹੁੰਦੇ ਹਨ ਕਿ ਇੱਥੇ ਅਜਿਹੀ ਖੂਬਸੂਰਤ ਯਾਦਗਾਰ ਉਸਾਰੀ ਜਾਵੇ, ਜਿਸ ਨੂੰ ਵੇਖਣ ਲਈ ਦੁਨੀਆ ਭਰ ਦੇ ਲੋਕ ਆਉਣ। ਸਿਰਫ ਇਸ ਪਿੰਡ ਦੇ ਹੀ ਨਹੀਂ ਸਗੋਂ ਪੂਰੇ ਲਹਿੰਦੇ ਪੰਜਾਬ ਦੇ ਲੋਕਾਂ ਨੂੰ ਇਸ ਗੱਲ ''ਤੇ ਮਾਣ ਹੈ ਕਿ ਭਗਤ ਸਿੰਘ ਦਾ ਜਨਮ ਉਨ੍ਹਾਂ ਦੇ ਸੂਬੇ ''ਚ ਹੋਇਆ। ਲਹਿੰਦੇ ਪੰਜਾਬ ਦੀ ਸਰਕਾਰ ਇਸ ਗੱਲ ਲਈ ਵੀ ਯਤਨਸ਼ੀਲ ਹੈ ਕਿ ਜਿਹੜੇ ਲੋਕ ਨਨਕਾਣਾ ਸਾਹਿਬ ਦੀ ਯਾਤਰਾ ਲਈ ਆਉਂਦੇ ਹਨ, ਉਹ ਭਗਤ ਸਿੰਘ ਦਾ ਜਨਮ ਸਥਾਨ ਵੀ ਵੇਖ ਕੇ ਜਾਣ। ਪਿੰਡ ਬੰਗਾ ਨਨਕਾਣਾ ਸਾਹਿਬ ਤੋਂ ਸਿਰਫ 35 ਕਿਲੋਮੀਟਰ ਦੂਰ ਹੈ। ਇਸ ਪਿੰਡ ਦੀ ਆਬਾਦੀ ਵਰਤਮਾਨ ਸਮੇਂ ''ਚ 5 ਹਜ਼ਾਰ ਦੇ ਕਰੀਬ ਹੈ ਅਤੇ ਭਗਤ ਸਿੰਘ ਦੇ ਜਨਮ ਵਾਲੇ 2 ਕਨਾਲ ਦੇ ਘਰ ''ਚ ਇਸ ਵੇਲੇ ਇਕ ਵਕੀਲ ਇਕਬਾਲ ਵਿਰਕ ਦੀ ਰਿਹਾਇਸ਼ ਹੈ। ਸਰਕਾਰ ਦਾ ਯਤਨ ਹੈ ਕਿ ਇਸ ਪਿੰਡ ਨੂੰ ਸਿੱਖਾਂ ਅਤੇ ਪੰਜਾਬੀ ਸੈਲਾਨੀਆਂ ਦੇ ਨਾਲ-ਨਾਲ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਯਾਤਰੂਆਂ ਲਈ ਖਿੱਚ ਦਾ ਕੇਂਦਰ ਬਣਾ ਦਿੱਤਾ ਜਾਵੇ। ਇਸ ਪਿੰਡ ''ਚ ਜਿਹੜੀ ਯਾਦਗਾਰ ਉਸਾਰੀ ਜਾਣੀ ਹੈ ਉਸ ''ਚ ਭਗਤ ਸਿੰਘ ਨਾਲ ਸੰਬੰਧਤ ਚੀਜ਼ਾਂ ਫੈਸਲਾਬਾਦ ਦੇ ਅਜਾਇਬ ਘਰ ਅਤੇ ਲਾਇਬਰੇਰੀ ਤੋਂ ਲਿਆ ਕੇ ਸਥਾਪਤ ਕੀਤੀਆਂ ਜਾਣਗੀਆਂ। ਪਾਕਿਸਤਾਨੀ ਪੰਜਾਬ ਦੀ ਸਰਕਾਰ ਦਾ ਕਹਿਣਾ ਹੈ ਕਿ ਭਗਤ ਸਿੰਘ ਦੇ ਜਨਮ ਸਥਾਨ ਵਾਲੀ ਹਵੇਲੀ ਉੱਥੇ ਰਹਿੰਦੇ ਵਕੀਲ ਨੂੰ ਪੈਸੇ ਦੇ ਕੇ ਖਰੀਦ ਲਈ ਜਾਵੇਗੀ ਅਤੇ 2017 ਦੇ ਆਖੀਰ ਤੱਕ ਇਸ ਪ੍ਰਾਜੈਕਟ ਨੂੰ ਪੂਰਾ ਕਰ ਦਿੱਤਾ ਜਾਵੇਗਾ। ਸਰਹੱਦ ਦੇ ਦੋਹੀ ਪਾਸੀ ਸਰਕਾਰਾਂ ਵੱਲੋਂ ਸ਼ਹੀਦਾਂ ਦੀਆਂ ਯਾਦਗਾਰਾਂ ਸਥਾਪਿਤ ਕਰਨ ਲਈ ਕੀਤੇ ਫੈਸਲੇ ਇਹ ਦਰਸਾਉਂਦੇ ਹਨ ਕਿ ਸ਼ਹੀਦਾਂ ਪ੍ਰਤੀ ਸਭ ਦੇ ਦਿਲਾਂ ''ਚ ਮਾਣ-ਸਨਮਾਨ ਹੁੰਦਾ ਹੈ ਅਤੇ ਉਹ ਸਭ ਲੋਕਾਂ ਦੇ ਪਿਆਰ ਦੇ ਹੱਕਦਾਰ ਹੁੰਦੇ ਹਨ।

                                                                                                              ਪੇਸ਼ਕਸ਼: ਜੁਗਿੰਦਰ ਸੰਧੂ

                                                                                                                       94174-02327


Related News