ਇਮਰਾਨ ਦੀ ਚਿਤਾਵਨੀ, ਨਿਯਮਾਂ ਦੀ ਹੋਈ ਉਲੰਘਣਾ ਤਾਂ ਬੰਦ ਕਰ ਦਿੱਤੀਆਂ ਜਾਣਗੀਆਂ ਮਸਜਿਦਾਂ
Wednesday, Apr 22, 2020 - 01:23 AM (IST)

ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਮੰਗਲਵਾਰ ਨੂੰ ਚਿਤਾਵਨੀ ਦਿੱਤੀ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੇ ਇਨਫੈਕਸ਼ਨ ਨੂੰ ਰੋਕਣ ਲਈ ਅਧਿਕਾਰਤ ਦਿਸ਼ਾ-ਨਿਰਦੇਸ਼ਾਂ ਦਾ ਜੇਕਰ ਲੋਕਾਂ ਨੇ ਪਾਲਨ ਨਹੀਂ ਕੀਤਾ ਤਾਂ ਰਮਜ਼ਾਨ ਦੇ ਮਹੀਨੇ ਵਿਚ ਮਸਜਿਦਾਂ ਨੂੰ ਬੰਦ ਕਰਨਾ ਪਵੇਗਾ। ਪਾਕਿਸਤਾਨ ਵਿਚ ਕੋਰੋਨਾ ਵਾਇਰਸ ਨਾਲ 9000 ਤੋਂ ਜ਼ਿਆਦਾ ਲੋਕ ਇਨਫੈਕਟਿਡ ਹੋਏ ਹਨ। ਲੋਕਾਂ ਵਿਚਾਲੇ ਸਮਾਜਿਕ ਦੂਰੀ 'ਤੇ ਮੌਲਵੀਆਂ ਦੀ ਸਹਿਮਤੀ ਜਤਾਉਣ ਤੋਂ ਬਾਅਦ ਸਰਕਾਰ ਨੇ ਰਮਜ਼ਾਨ ਦੇ ਮਹੀਨੇ ਵਿਚ ਮਸਜਿਦਾਂ ਵਿਚ ਨਮਾਜ਼ ਅਦਾ ਕਰਨ ਦੀ ਇਜਾਜ਼ਤ ਦਿੱਤੀ ਸੀ।
ਇਸ 'ਤੇ ਬਣੀ ਸਹਿਮਤੀ ਦੇ ਤਹਿਤ 50 ਤੋਂ ਜ਼ਿਆਦਾ ਉਮਰ ਦੇ ਲੋਕਾਂ, ਨਾਬਾਲਗਾਂ ਅਤੇ ਬੁਖਾਰ ਨਾਲ ਪੀੜਤ ਲੋਕਾਂ ਨੂੰ ਮਸਜਿਦ ਵਿਚ ਦਾਖਲ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਲੋਕਾਂ ਨੂੰ ਨਮਾਜ਼ ਦੌਰਾਨ 6 ਫੁੱਟ ਦੀ ਦੂਰੀ ਬਣਾ ਕੇ ਰੱਖਣੀ ਹੋਵੇਗੀ ਅਤੇ ਮਾਸਕ ਵੀ ਪਹਿਨਾ ਹੋਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਨੇ ਰਮਜ਼ਾਨ ਦੌਰਾਨ ਮਸਜਿਦਾਂ ਨੂੰ ਖੁੱਲ੍ਹਾ ਰੱਖਣ ਦਾ ਫੈਸਲਾ ਕੀਤਾ ਕਿਉਂਕਿ ਅਸੀਂ ਇਕ ਆਜ਼ਾਦ ਦੇਸ਼ ਦੇ ਵਾਸੀ ਹਾਂ ਅਤੇ ਆਪਣੇ ਹਾਲਾਤ ਮੁਤਾਬਕ ਫੈਸਲਾ ਕਰਦੇ ਹਾਂ। ਹਾਲਾਂਕਿ ਉਨ੍ਹਾਂ ਨੇ ਲੋਕਾਂ ਨੂੰ ਘਰਾਂ ਵਿਚ ਹੀ ਨਮਾਜ਼ ਅਦਾ ਕਰਨ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਮਸਜਿਦ ਜਾਣ ਵਾਲਿਆਂ ਨੂੰ ਅਧਿਕਾਰਤ ਹਿਦਾਇਤਾਂ ਦਾ ਪਾਲਨ ਕਰਨਾ ਚਾਹੀਦਾ ਹੈ।
ਪਾਕਿਸਤਾਨ ਵਿਚ ਮੰਗਲਵਾਰ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਨਾਲ 16 ਹੋਰ ਲੋਕਾਂ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਦੇਸ਼ ਵਿਚ ਇਨਫੈਕਸ਼ਨ ਨਾਲ ਮਰਨ ਵਾਲਿਆਂ ਦੀ ਗਿਣਤੀ 201 ਪਹੁੰਚ ਗਈ। ਦੇਸ਼ ਵਿਚਇਨਫੈਕਟਿਡ ਲੋਕਾਂ ਦੀ ਗਿਣਤੀ ਵੀ ਵੱਧ ਕੇ 9000 ਤੋਂ ਜ਼ਿਆਦਾ ਹੋ ਗਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਂਮਾਰੀ ਨਾਲ ਨਜਿੱਠਣ ਵਿਚ ਦੂਜੇ ਦੇਸ਼ਾਂ ਦੇ ਮੁਕਾਬਲੇ ਪਾਕਿਸਤਾਨ ਸਾਹਮਣੇ ਵੱਡੀ ਚੁਣੌਤੀ ਹੈ ਕਿਉਂਕਿ ਦੇਸ਼ ਨੂੰ ਮੌਜੂਦਾ ਲਾਕ ਡਾਊਨ ਵਿਚਾਲੇ ਗਰੀਬੀ ਨਾਲ ਵੀ ਜੂਝਣਾ ਹੈ ਅਤੇ ਸੰਕਟ ਦਾ ਅਸਰ ਦੇਸ਼ ਦੀ ਕਮਜ਼ੋਰ ਅਰਥਵਿਵਸਥਾ 'ਤੇ ਪੈ ਸਕਦਾ ਹੈ।