ਗ੍ਰਾਊਂਡ ਮਗਰੋਂ ਜੇਲ੍ਹ ''ਚ ਵੀ ਇਮਰਾਨ ਖ਼ਾਨ Not Out ! ਪਾਕਿ ਸਰਕਾਰ ਤੇ ਫ਼ੌਜ ਅੱਗੇ ਝੁਕਣ ਤੋਂ ਕੀਤਾ ਇਨਕਾਰ
Thursday, Sep 24, 2026 - 01:56 PM (IST)
ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ 1992 ਵਿਸ਼ਵ ਕੱਪ ਜੇਤੂ ਕਪਤਾਨ ਇਮਰਾਨ ਖ਼ਾਨ ਲਗਭਗ ਤਿੰਨ ਸਾਲਾਂ ਤੋਂ ਜੇਲ੍ਹ 'ਚ ਬੰਦ ਹਨ। ਇਸ ਦੇ ਬਾਵਜੂਦ ਉਹ ਪਾਕਿਸਤਾਨੀ ਰਾਜਨੀਤੀ ਦੇ ਕੇਂਦਰ ਬਣੇ ਹੋਏ ਹਨ। ਇੱਕ ਰਿਪੋਰਟ ਅਨੁਸਾਰ, ਸਰਕਾਰ ਅਤੇ ਫ਼ੌਜ ਦੇ ਭਾਰੀ ਦਬਾਅ ਦੇ ਬਾਵਜੂਦ ਇਮਰਾਨ ਖ਼ਾਨ ਝੁਕਣ ਲਈ ਤਿਆਰ ਨਹੀਂ ਹਨ, ਜਿਸ ਕਾਰਨ ਦੇਸ਼ 'ਚ ਇੱਕ ਨਵਾਂ ਸਿਆਸੀ ਤਣਾਅ ਪੈਦਾ ਹੋ ਗਿਆ ਹੈ।
ਇਮਰਾਨ ਖ਼ਾਨ ਦੀ ਜੇਲ੍ਹ ਵਿੱਚ ਹਾਲਤ ਨੂੰ ਦੇਖਦਿਆਂ ਆਸਟ੍ਰੇਲੀਆ ਦੇ 7 ਸਾਬਕਾ ਕ੍ਰਿਕਟ ਕਪਤਾਨਾਂ ਨੇ ਆਪਣੀ ਸਰਕਾਰ ਰਾਹੀਂ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਪੈਟ ਕਮਿੰਸ, ਗ੍ਰੈਗ ਚੈਪਲ ਅਤੇ ਸੁਨੀਲ ਗਾਵਸਕਰ ਵਰਗੀਆਂ ਨਾਮੀ ਕ੍ਰਿਕਟ ਸ਼ਖ਼ਸੀਅਤਾਂ ਨੇ ਵੀ ਇਮਰਾਨ ਦੇ ਹੱਕ 'ਚ ਆਵਾਜ਼ ਉਠਾਈ ਹੈ।
ਰਿਪੋਰਟ ਅਨੁਸਾਰ, ਲਗਭਗ 3 ਸਾਲਾਂ ਦੀ ਕੈਦ ਅਤੇ ਪਿਛਲੇ ਇੱਕ ਸਾਲ ਤੋਂ ਦਿੱਤੀ ਜਾ ਰਹੇ ਇਕਾਂਤਵਾਸ ਕਾਰਨ 73 ਸਾਲਾ ਇਮਰਾਨ ਖ਼ਾਨ ਦੀ ਸਿਹਤ ਕਾਫ਼ੀ ਵਿਗੜ ਚੁੱਕੀ ਹੈ। ਉਨ੍ਹਾਂ ਦੀ ਇੱਕ ਅੱਖ 'ਚ ਗੰਭੀਰ ਸਮੱਸਿਆ ਆਈ ਹੈ। ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਵੀ ਉਨ੍ਹਾਂ ਨੂੰ ਨਿੱਜੀ ਹਸਪਤਾਲ ਵਿੱਚ ਇਲਾਜ ਦੇਣ ਦੇ ਹੁਕਮ ਦਿੱਤੇ ਸਨ, ਪਰ ਸਰਕਾਰ ਨੇ ਇਸ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ।
ਪਾਕਿਸਤਾਨੀ ਫ਼ੌਜ ਅਤੇ ਸਰਕਾਰ ਨੇ ਇਮਰਾਨ ਖ਼ਾਨ 'ਤੇ ਭ੍ਰਿਸ਼ਟਾਚਾਰ ਅਤੇ ਅੱਤਵਾਦ ਸਣੇ ਦਰਜਨਾਂ ਮੁਕੱਦਮੇ ਦਰਜ ਕੀਤੇ ਹਨ ਅਤੇ ਮੀਡੀਆ 'ਚ ਉਨ੍ਹਾਂ ਦਾ ਨਾਂ ਲੈਣ 'ਤੇ ਵੀ ਪਾਬੰਦੀ ਲਗਾਈ ਹੋਈ ਹੈ। ਪਰ ਇਸ ਸਭ ਦੇ ਬਾਵਜੂਦ ਆਮ ਜਨਤਾ 'ਚ ਉਨ੍ਹਾਂ ਦਾ ਲੋਕਪ੍ਰਿਅਤਾ ਘਟਣ ਦੀ ਬਜਾਏ ਹੋਰ ਮਜ਼ਬੂਤ ਹੋਈ ਹੈ।
ਇਤਿਹਾਸਕ ਤੌਰ 'ਤੇ ਪਾਕਿਸਤਾਨੀ ਫ਼ੌਜ ਵਿਰੋਧੀ ਨੇਤਾਵਾਂ ਨੂੰ ਦੇਸ਼ ਛੱਡ ਕੇ ਭੱਜਣ ਲਈ ਮਜ਼ਬੂਰ ਕਰਦੀ ਰਹੀ ਹੈ, ਪਰ ਇਮਰਾਨ ਖ਼ਾਨ ਨੇ ਅਜਿਹਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਰਿਪੋਰਟ ਅਨੁਸਾਰ, ਜਿਵੇਂ ਉਹ 1992 'ਚ ਮੈਦਾਨ 'ਤੇ ਡਟੇ ਰਹੇ ਸਨ, ਉਸੇ ਤਰ੍ਹਾਂ ਉਹ ਸਿਆਸੀ ਜੰਗ 'ਚ ਵੀ ਜੇਲ੍ਹ ਅੰਦਰ ਰਹਿ ਕੇ ਵੀ "ਨੌਟ ਆਊਟ" ਹਨ।
