ਇਮਰਾਨ ਖਾਨ ਦੀ ਮੁੜ ਬੇਇੱਜ਼ਤੀ, OIC ਨੇ ਕਸ਼ਮੀਰ ''ਤੇ ਬੈਠਕ ਦੀ ਨਹੀਂ ਮੰਨੀ ਗੱਲ

02/07/2020 1:56:59 PM

ਇਸਲਾਮਾਬਾਦ- ਇਸਲਾਮਿਕ ਸਹਿਯੋਗ ਸੰਗਠਨ (ਓ.ਆਈ.ਸੀ.) ਵਿਚ ਸ਼ਾਮਲ ਮੁਸਲਿਮ ਦੇਸ਼ਾਂ ਦੇ ਵਿਚਾਲੇ ਆਪਣੀ ਆਵਾਜ਼ ਕਮਜ਼ੋਰ ਹੋਣ ਨਾਲ ਪਾਕਿਸਤਾਨ ਦੀ ਬੌਖਲਾਹਟ ਸਾਫ ਨਜ਼ਰ ਆਉਣ ਲੱਗੀ ਹੈ। ਪਾਕਿਸਤਾਨ ਲੰਬੇ ਸਮੇਂ ਤੋਂ ਓਆਈਸੀ ਨਾਲ ਜੁੜੇ ਦੇਸ਼ਾਂ ਨੂੰ ਕਸ਼ਮੀਰ ਦੇ ਸਵਾਲ 'ਤੇ ਇਕ ਹੋ ਕੇ ਆਵਾਜ਼ ਚੁੱਕਣ ਦੀ ਗੱਲ ਕਰਦਾ ਰਿਹਾ ਹੈ। ਦਸੰਬਰ ਵਿਚ ਹੋਣ ਵਾਲੀ ਇਸਲਾਮਿਕ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਤੋਂ ਪਹਿਲਾਂ ਪਾਕਿਸਤਾਨ ਲਗਾਤਾਰ ਓ.ਆਈ.ਸੀ. ਨੂੰ ਕਸ਼ਮੀਰ ਦੇ ਸਵਾਲ 'ਤੇ ਤੁਰੰਤ ਬੈਠਕ ਬੁਲਾਉਣ ਦੀ ਮੰਗ ਕਰਦਾ ਰਿਹਾ ਹੈ ਪਰ ਸਾਊਦੀ ਅਰਬ ਇਸ ਸਵਾਲ 'ਤੇ ਪਾਕਿਸਤਾਨ ਦੇ ਨਾਲ ਨਹੀਂ ਦਿਖ ਰਿਹਾ ਹੈ ਤੇ ਉਹ ਨਹੀਂ ਚਾਹੁੰਦਾ ਕਿ ਓ.ਆਈ.ਸੀ. ਦੀ ਬੈਠਕ ਵਿਚ ਕਸ਼ਮੀਰ ਦੇ ਮੁੱਦੇ ਨੂੰ ਪ੍ਰਮੁੱਖਤਾ ਨਾਲ ਚੁੱਕਿਆ ਜਾਵੇ।

ਆਉਣ ਵਾਲੀ 9 ਫਰਵਰੀ ਨੂੰ ਓ.ਆਈ.ਸੀ. ਦੇ ਸੀਨੀਅਰ ਅਧਿਕਾਰੀਆਂ ਦੀ ਬੈਠਕ ਜੇਦਾਹ ਵਿਚ ਹੋਣ ਵਾਲੀ ਹੈ, ਜਿਸ ਵਿਚ ਦਸੰਬਰ ਵਿਚ ਹੋਣ ਵਾਲੀ ਬੈਠਕ ਦੀਆਂ ਤਿਆਰੀਆਂ ਤੇ ਏਜੰਡੇ 'ਤੇ ਚਰਚਾ ਹੋਵੇਗੀ। ਓ.ਆਈ.ਸੀ. ਨਾਲ ਜੁੜੇ ਡਿਪਲੋਮੈਟਿਕ ਸੂਤਰਾਂ ਦੇ ਹਵਾਲੇ ਨਾਲ ਖਬਰ ਆ ਰਹੀ ਹੈ ਕਿ ਸਾਊਦੀ ਅਰਬ ਕਸ਼ਮੀਰ ਦੇ ਮਸਲੇ 'ਤੇ ਤੁਰੰਤ ਬੈਠਕ ਬੁਲਾਉਣ ਦੇ ਪੱਖ ਵਿਚ ਨਹੀਂ ਹੈ ਤੇ ਉਹ ਇਮਰਾਨ ਖਾਨ ਦੀ ਗੱਲ ਨੂੰ ਗੰਭੀਰਤਾ ਨਾਲ ਨਹੀਂ ਲੈ ਰਿਹਾ ਹੈ। ਪਾਕਿਸਤਾਨ ਨੇ ਓ.ਆਈ.ਸੀ. ਦੇ ਇਸ ਰੁਖ 'ਤੇ ਨਾਰਾਜ਼ਗੀ ਜਤਾਈ ਹੈ।

ਇਮਰਾਨ ਖਾਨ ਨੇ ਹਾਲ ਹੀ ਵਿਚ ਮਲੇਸ਼ੀਆ ਦੇ ਦੋ ਦਿਨਾਂ ਦੌਰੇ ਦੌਰਾਨ ਕਸ਼ਮੀਰ ਮੁੱਦੇ ਨੂੰ ਬੇਹੱਦ ਗੰਭੀਰ ਮੁੱਦਾ ਦੱਸਦੇ ਹੋਏ ਮੁਸਲਿਮ ਦੇਸ਼ਾਂ ਨੂੰ ਇਕ ਹੋਣ ਤੇ ਇਸਲਾਮਿਕ ਸਹਿਯੋਗ ਸੰਗਠਨ ਨਾਲ ਜੁੜੇ ਦੇਸ਼ਾਂ ਨੂੰ ਇਸ ਨੂੰ ਮਜ਼ਬੂਤੀ ਨਾਲ ਚੁੱਕਣ ਲਈ ਕਿਹਾ ਸੀ। ਇਮਰਾਨ ਖਾਨ ਨੇ ਬੇਹੱਦ ਬੌਖਲਾਹਟ ਦੇ ਨਾਲ ਕਿਹਾ ਸੀ ਕਿ ਦੁਨੀਆਭਰ ਵਿਚ ਮੁਸਲਮਾਨਾਂ ਦੀ ਗਿਣਤੀ ਸਵਾ ਅਰਬ ਤੋਂ ਵੀ ਜ਼ਿਆਦਾ ਹੋਣ ਦੇ ਬਾਵਜੂਦ ਸਾਰੇ ਦੇਸ਼ਾਂ ਵਿਚ ਉਹ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਤੇ ਨਫਰਤ ਸਹਿ ਰਹੇ ਹਨ।

ਇਮਰਾਨ ਨੇ ਸਵਾਲ ਚੁੱਕਿਆ ਕਿ ਕੀ ਅਜਿਹੇ ਸਮੇਂ ਵਿਚ ਮੁਸਲਿਮ ਦੇਸ਼ਾਂ ਨੂੰ ਇਕ ਹੋਣ ਦੀ ਲੋੜ ਨਹੀਂ ਹੈ। ਦੁਨੀਆਭਰ ਵਿਚ ਮੁਸਲਮਾਨ ਇਸ ਲਈ ਤਕਲੀਫ ਤੇ ਨਫਰਤ ਸਹਿਣ ਨੂੰ ਮਜਬੂਰ ਹਨ ਕਿਉਂਕਿ ਸਾਡੀ ਕੋਈ ਆਵਾਜ਼ ਨਹੀਂ ਹੈ ਤੇ ਅਸੀਂ ਪੂਰੀ ਤਰ੍ਹਾਂ ਵੰਡੇ ਹੋਏ ਹਾਂ। ਇਮਰਾਨ ਨੇ ਓ.ਆਈ.ਸੀ. 'ਤੇ ਨਿਸ਼ਾਨਾ ਵਿੰਨ੍ਹਿਆ ਹੈ ਤੇ ਕਿਹਾ ਹੈ ਕਿ ਜਦੋਂ ਕਸ਼ਮੀਰ ਜਾਂ ਮਿਆਂਮਾਰ ਵਿਚ ਮਨੁੱਖੀ ਅਧਿਕਾਰਾਂ ਦੇ ਘਾਣ ਜਿਹੇ ਸਵਾਲ 'ਤੇ ਬੈਠਕ ਨਹੀਂ ਹੋ ਸਕਦੀ, ਇਸ ਨੂੰ ਲੈ ਕੇ ਕੋਈ ਕਦਮ ਨਹੀਂ ਚੁੱਕਿਆ ਜਾ ਸਕਦਾ ਤਾਂ ਅਜਿਹੇ ਵਿਚ ਇਸਲਾਮਿਕ ਸਹਿਯੋਗ ਸੰਗਠਨ ਦਾ ਕੀ ਮਤਲਬ ਰਹਿ ਜਾਂਦਾ ਹੈ।


Baljit Singh

Content Editor

Related News