ਇਮਰਾਨ ਸਰਕਾਰ ਦੇ ਤਖਤਾਪਲਟ ਦੀ ਤਿਆਰੀ ਤੇਜ਼, PDM ਵੱਲੋਂ ਦੂਜੇ ਦੌਰ ਦੀਆਂ ਰੈਲੀਆਂ ਦਾ ਐਲਾਨ

Wednesday, Dec 23, 2020 - 02:06 PM (IST)

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਵਿਰੋਧੀ ਧਿਰ ਨੇ ਇਮਰਾਨ ਸਰਕਾਰ ਖਿਲਾਫ਼ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਹਨ। ਇੱਥੇ ਵਿਰੋਧੀ ਧਿਰ ਦੇ ਗਠਜੋੜ ਪਾਕਿਸਤਾਨ ਡੈਮੋਕ੍ਰੈਟਿਕ ਮੂਵਮੈਂਟ (ਪੀ.ਡੀ.ਐੱਮ.) ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਮਤਲਬ ਇਮਰਾਨ ਖਾਨ ਨੂੰ ਸੱਤਾ ਤੋਂ ਬੇਦਖਲ ਕਰਨ ਦੇ ਉਦੇਸ਼ ਨਾਲ ਆਪਣੇ ਪ੍ਰਦਰਸ਼ਨਾਂ ਦੇ ਦੂਜੇ ਪੜਾਅ ਦੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ। ਇਸ ਦੀ ਸ਼ੁਰੂਆਤ ਬੁੱਧਵਾਰ ਨੂੰ ਖੈਬਰ ਪਖਤੂਨਖਵਾ ਦੇ ਸ਼ਹਿਰ ਮਰਦਾਨ ਵਿਚ ਜਨਸਭਾ ਨਾਲ ਹੋਵੇਗੀ।

'ਦੀ ਨਿਊਜ਼' ਨੇ ਮੰਗਲਵਾਰ ਨੂੰ ਇਕ ਖ਼ਬਰ ਵਿਚ ਪੀ.ਡੀ.ਐੱਮ. ਦੇ ਬੁਲਾਰੇ ਮੀਆਂ ਇਫਤਿਖਾਰ ਹੁਸੈਨ ਦੇ ਹਵਾਲੇ ਨਾਲ ਕਿਹਾ ਕਿ 11 ਵਿਰੋਧੀ ਦਲਾਂ ਦੇ ਗਠਜੋੜ ਪੀ.ਡੀ.ਐੱਮ. ਦੀ ਸੰਚਾਲਨ ਕਮੇਟੀ ਦੀ ਬੈਠਕ ਸੋਮਵਾਰ ਨੂੰ ਹੋਈ, ਜਿਸ ਵਿਚ ਸਰਕਾਰ ਦੇ ਖਿਲਾਫ਼ ਸੰਘਰਸ਼ ਦੀ ਭਵਿੱਖ ਦੀ ਰਣਨੀਤੀ ਤੈਅ ਕੀਤੀ ਗਈ। ਅੰਦੋਲਨ ਦੇ ਤਹਿਤ ਪਹਿਲੀ ਜਨਸਭਾ 23 ਦਸੰਬਰ ਨੂੰ ਮਰਦਾਨ ਵਿਚ ਹੋਵੇਗੀ। ਇਸ ਦੇ ਬਾਅਦ 27 ਦਸੰਬਰ ਨੂੰ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ਬਰਸੀ ਤੋਂ ਪਹਿਲਾਂ ਦੀ ਸ਼ਾਮ ਸਿੰਧ ਦੇ ਲਰਕਾਨਾ ਵਿਚ ਇਕ ਹੋਰ ਜਨਸਭਾ ਹੋਵੇਗੀ। ਪੀ.ਡੀ.ਐੱਮ. ਦੀ ਸੰਚਾਲਨ ਕਮੇਟੀ ਨੇ ਛੋਟੇ ਸ਼ਹਿਰਾਂ ਵਿਚ ਵੀ ਜਨਸਭਾਵਾਂ ਆਯੋਜਿਤ ਕਰਨ ਦਾ ਫ਼ੈਸਲਾ ਲਿਆ ਹੈ। 

27 ਜਨਵਰੀ ਤੱਕ ਪਾਕਿਸਤਾਨ ਦੇ ਛੋਟੇ-ਛੋਟੇ 10 ਸ਼ਹਿਰਾਂ ਵਿਚ ਵੀ ਰੈਲੀਆਂ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਆਖਰੀ ਰੈਲੀ 27 ਜਨਵਰੀ ਨੂੰ ਸਿਆਲਕੋਟ ਵਿਚ ਹੋਵੇਗੀ। ਉਸ ਦੇ ਬਾਅਦ 31 ਜਨਵਰੀ ਨੂੰ ਰਾਜਧਾਨੀ ਇਸਲਾਮਾਬਾਦ ਨੂੰ ਘੇਰਿਆ ਜਾਵੇਗਾ। ਵਿਰੋਧੀ ਧਿਰ ਦੀ ਯੋਜਨਾ ਹੈ ਕਿ ਜਦੋਂ ਤੱਕ ਇਮਰਾਨ ਸਰਕਾਰ ਅਸਤੀਫਾ ਨਹੀਂ ਦਿੰਦੀ ਉਦੋਂ ਤੱਕ ਇਸਲਾਮਾਬਾਦ ਵਿਚ ਵਿਰੋਧੀ ਪਾਰਟੀਆਂ ਦਾ ਇਕੱਠ ਰਹੇਗਾ।

ਰੈਲੀਆਂ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ।
- ਬਹਾਵਲਪੁਰ (30 ਦਸੰਬਰ)
- ਮਾਲਾਕੰਦ (3 ਦਸੰਬਰ)
- ਬੰਨੂ (6 ਜਨਵਰੀ)
- ਖੁਜ਼ਦਾਰ (9 ਜਨਵਰੀ)
- ਲੋਰਾਰਈ (13 ਜਨਵਰੀ)
- ਥਾਰਪਰਕਰ (16ਜਨਵਰੀ)
- ਫ਼ੈਸਲਾਬਾਦ (18 ਜਨਵਰੀ)
- ਸਾਰਗੋੜ੍ਹਾ (23 ਜਨਵਰੀ)
- ਸਿਆਲਕੋਟ (27 ਜਨਵਰੀ)

ਪੜ੍ਹੋ ਇਹ ਅਹਿਮ ਖਬਰ- ਚੀਨ ਦਾ ਅਮਰੀਕਾ 'ਤੇ ਪਲਟਵਾਰ, US ਅਧਿਕਾਰੀਆਂ ਨੂੰ ਵੀਜ਼ਾ ਦੇਣ 'ਤੇ ਲਾਈ ਰੋਕ

ਰੈਲੀਆਂ 'ਤੇ ਅੱਤਵਾਦੀ ਹਮਲੇ ਦਾ ਖਦਸ਼ਾ
ਉੱਧਰ ਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ੇਖ ਰਾਸ਼ਿਦ ਨੇ ਕਿਹਾ ਹੈ ਕਿ 20 ਵੱਡੇ ਨੇਤਾ ਅੱਤਵਾਦੀਆਂ ਦੇ ਹਮਲੇ ਦੇ ਨਿਸ਼ਾਨੇ 'ਤੇ ਹਨ। ਬਾਰ-ਬਾਰ ਇਹ ਚਿਤਾਵਨੀ ਦਿੱਤੀ ਜਾ ਰਹੀ ਹੈ ਕਿ ਰੈਲੀ ਵਿਚ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਵਿਰੋਧੀ ਲਗਾਤਾਰ ਰੈਲੀਆਂ ਕਰ ਕੇ ਜਨਤਾ ਦੀਆਂ ਭਾਵਨਾਵਾਂ ਨਾਲ ਖੇਡ ਰਹੇ ਹਨ ਅਤੇ ਕੋਰੋਨਾ ਬੀਮਾਰੀ ਨੂੰ ਫੈਲਾ ਰਹੇ ਹਨ।


Vandana

Content Editor

Related News