ਇਮਰਾਨ ਦੀ ਪਾਰਟੀ ਨੇ ਲਿਆ ਸ਼ਾਂਤੀ ਤੇ ਵਿਕਾਸ ਲਈ ਕੰਮ ਕਰਨ ਦਾ ਸੰਕਲਪ
Wednesday, Aug 01, 2018 - 12:44 PM (IST)

ਇਸਲਾਮਾਬਾਦ,(ਭਾਸ਼ਾ)— ਪਾਕਿਸਤਾਨ 'ਚ ਕ੍ਰਿਕਟਰ ਤੋਂ ਨੇਤਾ ਬਣੇ ਇਮਰਾਨ ਖਾਨ ਦੀ ਪਾਰਟੀ 'ਪਾਕਿਸਤਾਨ ਤਹਿਰੀਕ-ਏ-ਇਨਸਾਫ' ਨੇ ਦੇਸ਼ 'ਚ ਸ਼ਾਂਤੀ ਅਤੇ ਵਿਕਾਸ ਦੇ ਕੰਮ ਕਰਨ ਦਾ ਸੰਕਲਪ ਲਿਆ ਹੈ। ਪਾਰਟੀ ਦੇ ਮੁੱਖ ਬੁਲਾਰੇ ਨਈਮ ਉਲ ਹੱਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਦੇ ਵਧਾਈ ਸੰਦੇਸ਼ਾਂ ਦਾ ਹਵਾਲਾ ਦਿੰਦੇ ਹੋਏ ਬੁੱਧਵਾਰ ਨੂੰ ਟਵੀਟ ਕੀਤਾ ਕਿ ਪਾਕਿਸਤਾਨ ਦੀ ਨਵੀਂ ਸਰਕਾਰ ਗਰੀਬੀ ਨਾਲ ਲੜਾਈ 'ਚ ਇਮਰਾਨ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦੇ ਹੋਏ ਦੇਸ਼ 'ਚ ਸ਼ਾਂਤੀ ਸਥਾਪਨਾ ਲਈ ਕੰਮ ਕਰੇਗੀ।
ਹੱਕ ਨੇ ਕਿਹਾ,''ਪਿਛਲੇ ਤਿੰਨ ਦਿਨਾਂ 'ਚ ਇਮਰਾਨ ਖਾਨ ਨੂੰ ਪ੍ਰਧਾਨ ਮੰਤਰੀ ਮੋਦੀ, ਅਸ਼ਰਫ ਗਨੀ ਅਤੇ ਤੁਰਕੀ ਦੇ ਰਾਸ਼ਟਰਪਤੀ ਤਾਇਪੇ ਅਰਦੋਗਨ ਸਮੇਤ ਕਈ ਨੇਤਾਵਾਂ ਦੇ ਵਧਾਈ ਸੰਦੇਸ਼ ਮਿਲੇ ਹਨ। ਪੀ. ਟੀ. ਆਈ. ਦੀ ਸਰਕਾਰ ਬਣਨ 'ਤੇ ਪੂਰਾ ਖੇਤਰ ਗਰੀਬੀ ਨਾਲ ਲੜਾਈ 'ਚ ਖਾਨ ਦੇ ਦ੍ਰਿਸ਼ਟੀਕੋਣ ਤਹਿਤ ਸ਼ਾਂਤੀ ਅਤੇ ਵਿਕਾਸ ਦੇ ਨਵੇਂ ਯੁੱਗ ਦੀ ਉਮੀਦ ਕਰ ਸਕਦਾ ਹੈ।'' ਪਾਰਟੀ ਨੇ ਸਰਕਾਰ ਗਠਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਮੋਦੀ ਨੇ ਸੋਮਵਾਰ ਸ਼ਾਮ ਨੂੰ ਇਮਰਾਨ ਖਾਨ ਨੂੰ ਫੋਨ ਕਰਕੇ ਵਧਾਈ ਦਿੱਤੀ ਅਤੇ ਗੁਆਂਢੀਆਂ ਨਾਲ ਸ਼ਾਂਤੀ ਅਤੇ ਵਿਕਾਸ ਦੇ ਦ੍ਰਿਸ਼ਟੀਕੋਣ 'ਤੇ ਵੀ ਗੱਲ ਕੀਤੀ।