-40 ਡਿਗਰੀ ਤੱਕ ਡਿੱਗੇਗਾ ਪਾਰਾ ! ਸਕੂਲਾਂ ਬੰਦ, 12 ਸੂਬਿਆਂ ''ਚ ਐਮਰਜੈਂਸੀ ; US ''ਚ ਬਣੇ Ice Age ਵਰਗੇ ਹਾਲਾਤ
Saturday, Jan 24, 2026 - 10:26 AM (IST)
ਇੰਟਰਨੈਸ਼ਨਲ ਡੈਸਕ- ਇਕ ਪਾਸੇ ਪੂਰਾ ਉੱਤਰੀ ਭਾਰਤ ਹੱਡ ਚੀਰਵੀਂ ਠੰਡ ਦੀ ਚਪੇਟ 'ਚ ਆਇਆ ਹੋਇਆ ਹੈ, ਉੱਥੇ ਹੀ ਬਾਕੀ ਦੇਸ਼ ਵੀ ਇਸ ਤੋਂ ਬਚੇ ਹੋਏ ਨਹੀਂ ਹਨ। ਇਸੇ ਦੌਰਾਨ ਅਮਰੀਕਾ ਦੇ ਅੱਧੇ ਤੋਂ ਵੀ ਜ਼ਿਆਦਾ ਸੂਬਿਆਂ 'ਚ ਭਿਆਨਕ ਸਰਦੀ ਦੇ ਤੂਫ਼ਾਨ ਅਤੇ ਆਰਕਟਿਕ ਹਵਾਵਾਂ ਨੇ ਦਸਤਕ ਦਿੱਤੀ ਹੈ, ਜਿਸ ਨਾਲ ਦੇਸ਼ ਦੀ ਲਗਭਗ 23 ਕਰੋੜ ਆਬਾਦੀ ਪ੍ਰਭਾਵਿਤ ਹੋਣ ਦਾ ਖ਼ਤਰਾ ਹੈ। ਇਸ ਤੂਫ਼ਾਨ ਕਾਰਨ ਭਾਰੀ ਮੀਂਹ, ਬਰਫ਼ਬਾਰੀ ਅਤੇ ਹੱਡ-ਚੀਰਵੀਂ ਠੰਢ ਪੈ ਰਹੀ ਹੈ, ਜਿਸ ਨਾਲ ਕਈ ਇਲਾਕਿਆਂ ਵਿੱਚ ਬਿਜਲੀ ਗੁੱਲ ਹੋਣ ਅਤੇ ਜਨ-ਜੀਵਨ ਠੱਪ ਹੋਣ ਦੀ ਚਿਤਾਵਨੀ ਦਿੱਤੀ ਗਈ ਹੈ।
ਅਮਰੀਕਾ ਦੇ 40 ਸੂਬਿਆਂ 'ਚ ਤਾਪਮਾਨ ਮਨਫ਼ੀ 40 ਡਿਗਰੀ ਸੈਲਸੀਅਸ ਤੱਕ ਡਿੱਗਣ ਦੀ ਸੰਭਾਵਨਾ ਹੈ। ਇੰਨੀ ਜ਼ਿਆਦਾ ਠੰਢ ਕਾਰਨ ਸਿਰਫ਼ 10 ਮਿੰਟਾਂ ਵਿੱਚ 'ਫ੍ਰੌਸਟਬਾਈਟ' ਹੋਣ ਦਾ ਖ਼ਤਰਾ ਬਣਿਆ ਹੋਇਆ ਹੈ। ਖ਼ਰਾਬ ਮੌਸਮ ਦੇ ਮੱਦੇਨਜ਼ਰ ਹਜ਼ਾਰਾਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ, ਜਦਕਿ ਸ਼ਿਕਾਗੋ ਅਤੇ ਮੱਧ-ਪੱਛਮੀ ਇਲਾਕਿਆਂ ਦੇ ਕਈ ਸ਼ਹਿਰਾਂ ਵਿੱਚ ਸਕੂਲਾਂ ਦੀਆਂ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ ਕਿਉਂਕਿ ਬੱਚਿਆਂ ਲਈ ਬੱਸ ਦੀ ਉਡੀਕ ਕਰਨਾ ਜਾਂ ਪੈਦਲ ਜਾਣਾ ਖ਼ਤਰਨਾਕ ਹੋ ਸਕਦਾ ਹੈ। ਇਸ ਤੋਂ ਇਲਾਵਾ 12 ਤੋਂ ਵੱਧ ਸੂਬਿਆਂ 'ਚ ਐਮਰਜੈਂਸੀ ਐਲਾਨ ਦਿੱਤੀ ਗਈ ਹੈ। ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ (FEMA) ਨੇ ਪ੍ਰਭਾਵਿਤ ਖੇਤਰਾਂ ਵਿੱਚ ਲੱਖਾਂ ਭੋਜਨ ਦੇ ਪੈਕੇਟ, ਕੰਬਲ ਅਤੇ ਜਨਰੇਟਰ ਤਾਇਨਾਤ ਕੀਤੇ ਹਨ।
ਇਹ ਵੀ ਪੜ੍ਹੋ- ''ਮੁਆਫ਼ੀ ਮੰਗਣ ਟਰੰਪ..!'', ਨਾਟੋ ਦੀ ਭੂਮਿਕਾ 'ਤੇ ਬਿਆਨ ਨੂੰ ਲੈ ਕੇ ਬ੍ਰਿਟਿਸ਼ PM ਨੇ US ਰਾਸ਼ਟਰਪਤੀ ਦੀ ਕੀਤੀ ਨਿੰਦਾ
ਇਸੇ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ਰਾਹੀਂ ਇਸ ਰਿਕਾਰਡ ਤੋੜ ਠੰਢ ਦਾ ਜ਼ਿਕਰ ਕਰਦਿਆਂ ਗਲੋਬਲ ਵਾਰਮਿੰਗ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਜਿਹੀ ਠੰਢ ਪਹਿਲਾਂ ਕਦੇ ਨਹੀਂ ਦੇਖੀ ਗਈ ਅਤੇ ਉਨ੍ਹਾਂ ਨੇ ਵਾਤਾਵਰਣ ਕਾਰਕੁੰਨਾਂ ਨੂੰ ਇਸ ਸਥਿਤੀ ਬਾਰੇ ਪੁੱਛਿਆ ਹੈ। ਜਿੱਥੇ ਟਰੰਪ ਨੇ ਇਸ ਨੂੰ ਗਲੋਬਲ ਵਾਰਮਿੰਗ ਦੇ ਵਿਰੁੱਧ ਦਲੀਲ ਵਜੋਂ ਵਰਤਿਆ ਹੈ, ਉੱਥੇ ਹੀ ਜਲਵਾਯੂ ਵਿਗਿਆਨੀਆਂ ਦਾ ਕਹਿਣਾ ਹੈ ਕਿ ਜਲਵਾਯੂ ਪਰਿਵਰਤਨ ਕਾਰਨ ਹੀ ਅਜਿਹੀਆਂ ਅਤਿ ਦੀਆਂ ਮੌਸਮੀ ਘਟਨਾਵਾਂ ਅਤੇ ਧਰੁਵੀ ਹਵਾਵਾਂ ਵਿੱਚ ਵਿਘਨ ਪੈ ਰਿਹਾ ਹੈ, ਜੋ ਠੰਢੀਆਂ ਹਵਾਵਾਂ ਨੂੰ ਦੱਖਣ ਵੱਲ ਧੱਕਦਾ ਹੈ।
ਟੈਕਸਾਸ ਵਰਗੇ ਦੱਖਣੀ ਸੂਬਿਆਂ 'ਚ, ਜਿੱਥੇ ਘਰਾਂ ਨੂੰ ਗਰਮ ਰੱਖਣ ਲਈ ਬਿਜਲੀ 'ਤੇ ਨਿਰਭਰਤਾ ਜ਼ਿਆਦਾ ਹੈ, ਉੱਥੇ ਪਿਛਲੇ ਸਾਲਾਂ ਦੇ ਤਜ਼ਰਬੇ ਨੂੰ ਦੇਖਦੇ ਹੋਏ ਬਿਜਲੀ ਗਰਿੱਡ ਨੂੰ ਬਚਾਉਣ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਪੂਰੇ ਦੇਸ਼ ਵਿੱਚ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਅਤੇ ਸੁਰੱਖਿਅਤ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
