''ਮੈਂ ਟਰੰਪ ਨੂੰ ਹਰਾ ਦਿੰਦਾ ਪਰ...'' ਰਾਸ਼ਟਰਪਤੀ ਅਹੁਦੇ ਦੀ ਦੌੜ ਤੋਂ ਹਟਣ ਬਾਰੇ ਬਾਈਡੇਨ ਨੇ ਕੀਤਾ ਵੱਡਾ ਖੁਲਾਸਾ
Saturday, Jan 11, 2025 - 09:50 PM (IST)
ਵਾਸ਼ਿੰਗਟਨ, (ਭਾਸ਼ਾ)– ਅਮਰੀਕਾ ਦੇ ਅਹੁਦਾ ਛੱਡ ਰਹੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਹੈ ਕਿ ਉਹ ਨਵੰਬਰ ’ਚ ਹੋਈਆਂ ਆਮ ਚੋਣਾਂ ਵਿਚ ਡੋਨਾਲਡ ਟਰੰਪ ਨੂੰ ਹਰਾ ਦਿੰਦੇ ਪਰ ਉਨ੍ਹਾਂ ਡੈਮੋਕ੍ਰੈਟਿਕ ਪਾਰਟੀ ਦੀ ਇਕਜੁੱਟਤਾ ਖਾਤਿਰ ਚੋਣਾਂ ਦੇ ਵਿਚਾਲੇ ਹੀ ਉਮੀਦਵਾਰੀ ਵਾਪਸ ਲੈਣ ਦਾ ਫੈਸਲਾ ਕਰ ਲਿਆ।
ਬਾਈਡੇਨ ਨੇ ਵ੍ਹਾਈਟ ਹਾਊਸ ’ਚ ਕਿਹਾ, ‘‘ਪਾਰਟੀ ਨੂੰ ਇਕਜੁੱਟ ਕਰਨਾ ਜ਼ਰੂਰੀ ਹੈ ਅਤੇ ਜਦੋਂ ਪਾਰਟੀ ਇਸ ਗੱਲ ਨੂੰ ਲੈ ਕੇ ਫਿਕਰਮੰਦ ਸੀ ਕਿ ਮੈਂ ਅੱਗੇ ਵਧ ਸਕਾਂਗਾ ਜਾਂ ਨਹੀਂ ਤਾਂ ਮੈਂ ਸੋਚਿਆ ਕਿ ਪਾਰਟੀ ਨੂੰ ਇਕਜੁੱਟ ਕਰਨਾ ਬਿਹਤਰ ਹੋਵੇਗਾ। ਹਾਲਾਂਕਿ ਮੈਨੂੰ ਲੱਗਾ ਸੀ ਕਿ ਮੈਂ ਜਿੱਤ ਸਕਦਾ ਹਾਂ।’’
ਜੂਨ ’ਚ ਅਟਲਾਂਟਾ ’ਚ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ਵਿਚਾਲੇ ਹੋਈ ‘ਡਿਬੇਟ’ ਵਿਚ ਬਾਈਡੇਨ (82) ਦੀ ਕਾਰਗੁਜ਼ਾਰੀ ਕੁਝ ਖਾਸ ਨਹੀਂ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਹੀ ਪਾਰਟੀ ਦੇ ਮੈਂਬਰ ਬਾਈਡੇਨ ਦੇ ਇਸ ਅਹੁਦੇ ਦੀ ਦੌੜ ’ਚੋਂ ਹਟਣ ਦੀ ਗੱਲ ਕਰਨ ਲੱਗੇ ਸਨ ਅਤੇ ਆਖਰ ਬਾਈਡੇਨ ਨੇ ਟਰੰਪ ਖਿਲਾਫ ਰਾਸ਼ਟਰਪਤੀ ਅਹੁਦੇ ਦੀ ਦੌੜ ’ਚੋਂ ਹਟਣ ਦਾ ਫੈਸਲਾ ਕਰ ਲਿਆ।
ਰੂਸ ’ਤੇ ਪਾਬੰਦੀ ਲਾਉਣ ਨਾਲ ਯੂਕ੍ਰੇਨ ਨੂੰ ਮਦਦ ਮਿਲੇਗੀ
ਜੋਅ ਬਾਈਡੇਨ ਨੇ ਕਿਹਾ ਕਿ ਅਮਰੀਕਾ ਨੇ ਰੂਸ ’ਤੇ ਵੱਡੇ ਪੱਧਰ ’ਤੇ ਪਾਬੰਦੀਆਂ ਲਾਈਆਂ ਹਨ ਤਾਂ ਜੋ ਯੂਕ੍ਰੇਨ ਨੂੰ ਆਪਣੀ ਆਜ਼ਾਦੀ ਬਣਾਈ ਰੱਖਣ ਅਤੇ ਮਾਸਕੋ ਖਿਲਾਫ ਲੜਨ ’ਚ ਮਦਦ ਮਿਲ ਸਕੇ।
ਡੋਨਾਲਡ ਟਰੰਪ ਨੂੰ ਕਮਾਨ ਸੌਂਪਣ ਤੋਂ 10 ਦਿਨ ਪਹਿਲਾਂ ਬਾਈਡੇਨ ਪ੍ਰਸ਼ਾਸਨ ਨੇ ਉਨ੍ਹਾਂ ਕੰਪਨੀਆਂ ਤੇ ਸੰਸਥਾਵਾਂ ’ਤੇ ਪਾਬੰਦੀਆਂ ਲਾ ਦਿੱਤੀਆਂ ਹਨ, ਜੋ ਊਰਜਾ, ਖਾਸ ਤੌਰ ’ਤੇ ਗੈਸ ਦੀ ਬਰਾਮਦ ’ਚ ਰੂਸ ਦੀ ਮਦਦ ਕਰਦੀਆਂ ਹਨ। ਇਨ੍ਹਾਂ ਵਿਚ 2 ਕੰਪਨੀਆਂ ਭਾਰਤ ਦੀਆਂ ਹਨ।