ਹੰਗਰੀ ਦੇ PM ਓਰਬਾਨ ਅਚਾਨਕ ਪੁੱਜੇ ਚੀਨ, ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਕੀਤੀ ਮੁਲਾਕਾਤ
Monday, Jul 08, 2024 - 10:13 AM (IST)
ਬੀਜਿੰਗ (ਏਜੰਸੀ)- ਹੰਗਰੀ ਦੇ ਪ੍ਰਧਾਨ ਮੰਤਰੀ ਵਿਕਟਰ ਓਰਬਾਨ ਰੂਸ ਅਤੇ ਯੂਕ੍ਰੇਨ ਦੇ ਦੌਰੇ ਤੋਂ ਬਾਅਦ ਸੋਮਵਾਰ ਨੂੰ ਅਚਾਨਕ ਚੀਨ ਪਹੁੰਚ ਗਏ ਅਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕੀਤੀ। ਸਰਕਾਰੀ ਪ੍ਰਸਾਰਕ ਸੀਸੀਟੀਵੀ ਨੇ ਇਹ ਜਾਣਕਾਰੀ ਦਿੱਤੀ। ਓਰਬਾਨ ਯੂਕ੍ਰੇਨ 'ਚ ਸ਼ਾਂਤੀ ਸਮਝੌਤੇ ਦੀਆਂ ਸੰਭਾਵਨਾਵਾਂ 'ਤੇ ਚਰਚਾ ਕਰਨ ਲਈ ਚੀਨ ਪਹੁੰਚੇ ਹਨ। ਓਰਬਾਨ ਦੀ ਯਾਤਰਾ ਪਿਛਲੇ ਹਫ਼ਤੇ ਯੂਕ੍ਰੇਨ ਅਤੇ ਰੂਸ ਦੀ ਇਸੇ ਤਰ੍ਹਾਂ ਦੀ ਅਣਐਲਾਨੀ ਯਾਤਰਾ ਤੋਂ ਕੁਝ ਦਿਨ ਬਾਅਦ ਹੋ ਰਹੀ ਹੈ, ਜਿੱਥੇ ਉਨ੍ਹਾਂ ਨੇ ਪ੍ਰਸਤਾਵ ਦਿੱਤਾ ਸੀ ਕਿ ਯੂਕ੍ਰੇਨ ਰੂਸ ਨਾਲ ਤੁਰੰਤ ਜੰਗਬੰਦੀ ਲਈ ਸਹਿਮਤ ਹੋਣ 'ਤੇ ਵਿਚਾਰ ਕਰੇ। ਯੂਕ੍ਰੇਨ ਅਤੇ ਯੂਰਪੀਅਨ ਯੂਨੀਅਨ ਨੇ ਓਰਬਾਨ ਦੀ ਰੂਸ ਦੀ ਯਾਤਰਾ ਨੂੰ ਲੈ ਕੇ ਆਲੋਚਨਾ ਕੀਤੀ ਹੈ। ਓਰਬਾਨ ਨੇ ਕਿਹਾ,“2 ਜੰਗੀ ਦੇਸ਼ਾਂ ਨਾਲ ਗੱਲਬਾਤ ਕਰਨ ਵਾਲੇ ਦੇਸ਼ਾਂ ਦੀ ਗਿਣਤੀ ਘੱਟ ਹੁੰਦੀ ਜਾ ਰਹੀ ਹੈ। ਹੰਗਰੀ ਹੌਲੀ-ਹੌਲੀ ਯੂਰਪ 'ਚ ਇਕਲੌਤਾ ਦੇਸ਼ ਬਣ ਕੇ ਉਭਰ ਰਿਹਾ ਹੈ ਜੋ ਹਰ ਕਿਸੇ ਨਾਲ ਗੱਲ ਕਰ ਸਕਦਾ ਹੈ।''
ਹੰਗਰੀ ਨੇ ਮਹੀਨੇ ਦੀ ਸ਼ੁਰੂਆਤ ਵਿਚ ਯੂਰਪੀਅਨ ਯੂਨੀਅਨ ਦੀ 6 ਮਹੀਨਿਆਂ ਦੀ ਲੜੀਵਾਰ ਪ੍ਰਧਾਨਗੀ ਦਾ ਅਹੁਦਾ ਸੰਭਾਲ ਲਿਆ। ਇਸ ਦੌਰਾਨ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਸੰਕੇਤ ਦਿੱਤਾ ਸੀ ਕਿ ਓਰਬਾਨ ਯੂਰਪੀਅਨ ਕੌਂਸਲ ਦੇ ਚੋਟੀ ਦੇ ਪ੍ਰਤੀਨਿਧੀ ਵਜੋਂ ਮਾਸਕੋ ਆਏ ਹਨ। ਯੂਰਪੀਅਨ ਕੌਂਸਲ ਦੇ ਕਈ ਉੱਚ ਅਧਿਕਾਰੀਆਂ ਨੇ ਪੁਤਿਨ ਦੇ ਬਿਆਨ ਨੂੰ ਰੱਦ ਕੀਤਾ ਸੀ ਅਤੇ ਕਿਹਾ ਸੀ ਕਿ ਓਰਬਾਨ ਨੂੰ ਦੋ-ਪੱਖੀ ਸੰਬੰਧਾਂ 'ਤੇ ਚਰਚਾ ਤੋਂ ਇਲਾਵਾ ਕੁਝ ਵੀ ਕਰਨ ਦਾ ਅਧਿਕਾਰ ਪ੍ਰਾਪਤ ਨਹੀਂ ਹੈ। ਯੂਰਪੀ ਸੰਘ 'ਚ ਪੁਤਿਨ ਦੇ ਸਭ ਤੋਂ ਕਰੀਬੀ ਸਹਿਯੋਗੀ ਮੰਨੇ ਜਾਣ ਵਾਲੇ ਓਰਬਾਨ ਨੇ ਯੂਕ੍ਰੇਨ ਦੀ ਮਦਦ ਕਰਨ ਅਤੇ ਯੁੱਧ ਲਈ ਮਾਸਕੋ 'ਤੇ ਪਾਬੰਦੀ ਲਗਾਉਣ ਦੀਆਂ ਯੂਰਪੀ ਸੰਘ ਦੀਆਂ ਕੋਸ਼ਿਸ਼ਾਂ ਨੂੰ ਨਿਯਮਿਤ ਰੂਪ ਨਾਲ ਰੋਕਿਆ ਜਾਂ ਕਮਜ਼ੋਰ ਕੀਤਾ ਹੈ। ਉਹ ਲੰਬੇ ਸਮੇਂ ਤੋਂ ਯੂਕ੍ਰੇਨ ਨਾਲ ਦੁਸ਼ਮਣੀ ਖ਼ਤਮ ਕਰਨ ਦੀ ਵਕਾਲਤ ਕਰਦੇ ਰਹੇ ਹਨ ਪਰ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਇਸ ਦਾ ਦੇਸ਼ ਦੀ ਖੇਤਰੀ ਅਖੰਡਤਾ ਜਾਂ ਭਵਿੱਖ ਦੀ ਸੁਰੱਖਿਆ 'ਤੇ ਕੀ ਪ੍ਰਭਾਵ ਪਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e