ਮਰਦਾਂ ਤੇ ਔਰਤਾਂ ਦੇ ਦਿਮਾਗ ''ਚ ਸੈਂਕੜੇ ਜੀਨ ਕਰਦੇ ਨੇ ਵੱਖ-ਵੱਖ ਤਰੀਕੇ ਨਾਲ ਕੰਮ : ਅਧਿਐਨ

Friday, Nov 07, 2025 - 05:24 PM (IST)

ਮਰਦਾਂ ਤੇ ਔਰਤਾਂ ਦੇ ਦਿਮਾਗ ''ਚ ਸੈਂਕੜੇ ਜੀਨ ਕਰਦੇ ਨੇ ਵੱਖ-ਵੱਖ ਤਰੀਕੇ ਨਾਲ ਕੰਮ : ਅਧਿਐਨ

ਮੈਲਬੋਰਨ : ਲੰਬੇ ਸਮੇਂ ਤੋਂ ਚੱਲ ਰਹੀ ਬਹਿਸ ਦਰਮਿਆਨ ਵਿਗਿਆਨੀਆਂ ਨੇ ਇੱਕ ਵੱਡਾ ਖੁਲਾਸਾ ਕੀਤਾ ਹੈ। ਨਵੇਂ ਵਿਗਿਆਨਕ ਸਬੂਤ ਇਹ ਦਰਸਾਉਂਦੇ ਹਨ ਕਿ ਜੀਵ-ਵਿਗਿਆਨਕ ਤੌਰ 'ਤੇ ਮਰਦਾਂ ਅਤੇ ਔਰਤਾਂ ਦੇ ਦਿਮਾਗ ਵਿੱਚ ਸੈਂਕੜੇ ਜੀਨ ਵੱਖ-ਵੱਖ ਢੰਗ ਨਾਲ ਸਰਗਰਮ ਰਹਿੰਦੇ ਹਨ।

ਖੋਜਕਰਤਾਵਾਂ ਦਾ ਕਹਿਣਾ ਹੈ ਕਿ ਜੀਨਾਂ ਦੀ ਗਤੀਵਿਧੀ ਵਿੱਚ ਇਹ ਅੰਤਰ ਦਿਮਾਗੀ ਵਿਕਾਰਾਂ ਜਿਵੇਂ ਕਿ ਅਲਜ਼ਾਈਮਰ ਅਤੇ ਪਾਰਕਿੰਸਨ ਵਰਗੀਆਂ ਬਿਮਾਰੀਆਂ ਨਾਲ ਜੁੜਿਆ ਹੋ ਸਕਦਾ ਹੈ।

ਕੀ ਕਹਿੰਦੇ ਨੇ ਅੰਕੜੇ
ਦਹਾਕਿਆਂ ਦੇ ਖੋਜ ਨੇ ਪਹਿਲਾਂ ਹੀ ਮਰਦਾਂ ਅਤੇ ਔਰਤਾਂ ਵਿੱਚ ਦਿਮਾਗ ਦੀ ਬਣਤਰ, ਕਾਰਜਪ੍ਰਣਾਲੀ ਤੇ ਮਾਨਸਿਕ ਰੋਗਾਂ ਦੀ ਪ੍ਰਵਿਰਤੀ 'ਚ ਅੰਤਰ ਦੀ ਪੁਸ਼ਟੀ ਕੀਤੀ ਹੈ। ਇਸ ਸਾਲ ਪ੍ਰਕਾਸ਼ਿਤ ਇੱਕ ਅਧਿਐਨ 'ਚ ਇਹ ਖਾਸ ਤੌਰ 'ਤੇ ਪਾਇਆ ਗਿਆ ਕਿ ਮਰਦ ਦਿਮਾਗ 'ਚ 610 ਜੀਨ ਵਧੇਰੇ ਸਰਗਰਮ ਸਨ, ਜਦੋਂ ਕਿ ਔਰਤ ਦਿਮਾਗ ਵਿੱਚ 316 ਜੀਨ ਵਧੇਰੇ ਸਰਗਰਮ ਪਾਏ ਗਏ। ਇਹ ਆਨੁਵੰਸ਼ਿਕ ਅੰਤਰ ਵਿਕਾਸ ਦੀ ਸ਼ੁਰੂਆਤੀ ਅਵਸਥਾ ਵਿੱਚ ਹੀ ਸਥਾਪਿਤ ਹੋ ਜਾਂਦੇ ਹਨ ਅਤੇ ਦਿਮਾਗ ਦੇ ਵਿਕਾਸ ਨੂੰ ਆਕਾਰ ਦੇਣ ਵਿੱਚ ਭੂਮਿਕਾ ਨਿਭਾਉਂਦੇ ਹਨ।

ਹਾਰਮੋਨਜ਼ ਦਾ ਰੋਲ ਅਤੇ ਬਿਮਾਰੀ ਨਾਲ ਸਬੰਧ
ਵਿਗਿਆਨੀਆਂ ਦਾ ਮੰਨਣਾ ਹੈ ਕਿ ਲਗਭਗ 90 ਪ੍ਰਤੀਸ਼ਤ ਲਿੰਗ-ਆਧਾਰਿਤ ਜੀਨ ਆਮ ਕ੍ਰੋਮੋਸੋਮ 'ਤੇ ਪਾਏ ਗਏ ਹਨ। ਇਸ ਤੋਂ ਸੰਕੇਤ ਮਿਲਦਾ ਹੈ ਕਿ ਸੈਕਸ ਹਾਰਮੋਨ ਜਿਵੇਂ ਕਿ ਟੈਸਟੋਸਟੇਰੋਨ ਅਤੇ ਐਸਟ੍ਰੋਜਨ ਇਨ੍ਹਾਂ ਜੀਨਾਂ ਦੀ ਸਰਗਰਮੀ ਨੂੰ ਕੰਟਰੋਲ ਕਰ ਸਕਦੇ ਹਨ। ਇੱਥੋਂ ਤੱਕ ਕਿ ਇੱਕ 2025 ਵਿੱਚ ਪ੍ਰਕਾਸ਼ਿਤ ਅਧਿਐਨ ਨੇ 266 ਭਰੂਣਾਂ ਦੇ ਦਿਮਾਗ ਦੇ ਨਮੂਨਿਆਂ ਦੀ ਜਾਂਚ ਕਰਕੇ ਦੱਸਿਆ ਕਿ ਇਹ ਅੰਤਰ ਭਰੂਣ ਅਵਸਥਾ ਵਿੱਚ ਹੀ ਬਣਨੇ ਸ਼ੁਰੂ ਹੋ ਜਾਂਦੇ ਹਨ।

ਬਿਮਾਰੀਆਂ ਦੇ ਲਿਹਾਜ਼ ਨਾਲ, ਖੋਜ ਵਿੱਚ ਪਾਇਆ ਗਿਆ ਹੈ ਕਿ ਕਈ ਔਰਤ-ਪ੍ਰਧਾਨ ਜੀਨ ਅਲਜ਼ਾਈਮਰ ਰੋਗ ਨਾਲ ਜੁੜੇ ਹੋਏ ਹਨ। ਇਹ ਅੰਸ਼ਕ ਤੌਰ 'ਤੇ ਔਰਤਾਂ ਵਿੱਚ ਇਸ ਬਿਮਾਰੀ ਦੀ ਦੋਹਰੀ ਦਰ ਨੂੰ ਸਪੱਸ਼ਟ ਕਰ ਸਕਦਾ ਹੈ। ਦੂਜੇ ਪਾਸੇ, ਪਸ਼ੂ ਅਧਿਐਨਾਂ 'ਚ ਇਹ ਸੰਕੇਤ ਮਿਲਿਆ ਹੈ ਕਿ ਮਰਦਾਂ ਦੇ ਦਿਮਾਗ 'ਚ ਪਾਏ ਜਾਣ ਵਾਲਾ ਐਸਆਰਵਾਈ ਜੀਨ ਪਾਰਕਿੰਸਨ ਰੋਗ ਦੀ ਗੰਭੀਰਤਾ ਨੂੰ ਵਧਾ ਸਕਦਾ ਹੈ।

7 ਕਰੋੜ ਸਾਲ ਪੁਰਾਣਾ ਰਾਜ਼
ਖੋਜਕਰਤਾਵਾਂ ਦਾ ਇਹ ਵੀ ਕਹਿਣਾ ਹੈ ਕਿ ਅਜਿਹੇ ਲਿੰਗਕਤਾ-ਆਧਾਰਿਤ ਜੀਨ ਅੰਤਰ ਸਿਰਫ਼ ਮਨੁੱਖਾਂ ਵਿੱਚ ਹੀ ਨਹੀਂ, ਬਲਕਿ ਚੂਹੇ, ਬਾਂਦਰ ਅਤੇ ਹੋਰ ਸਤਨਧਾਰੀਆਂ ਵਿੱਚ ਵੀ ਦੇਖੇ ਗਏ ਹਨ। ਮਨੁੱਖਾਂ ਅਤੇ ਬਾਂਦਰਾਂ ਵਿੱਚ ਪਾਏ ਗਏ ਜੀਨ ਪੈਟਰਨ ਕਾਫ਼ੀ ਹੱਦ ਤੱਕ ਸਮਾਨ ਹਨ, ਜਿਸ ਤੋਂ ਸੰਕੇਤ ਮਿਲਦਾ ਹੈ ਕਿ ਇਹ ਅੰਤਰ ਲਗਭਗ ਸੱਤ ਕਰੋੜ ਸਾਲ ਪਹਿਲਾਂ ਦੇ ਸਾਂਝੇ ਪੂਰਵਜਾਂ ਵਿੱਚ ਉਤਪੰਨ ਹੋਏ ਹੋਣਗੇ।


author

Baljit Singh

Content Editor

Related News