ਹੋਂਡੂਰਾਸ ਨੇ ਤਾਈਵਾਨ ਨਾਲ ਸਬੰਧ ਖ਼ਤਮ ਕਰਨ ਤੋਂ ਬਾਅਦ ਚੀਨ ਨਾਲ ਕੂਟਨੀਤਕ ਸਬੰਧ ਕੀਤੇ ਸਥਾਪਿਤ

03/27/2023 4:15:15 PM

ਬੀਜਿੰਗ (ਭਾਸ਼ਾ)- ਹੋਂਡੂਰਾਸ ਨੇ ਤਾਈਵਾਨ ਨਾਲ ਸਬੰਧ ਖ਼ਤਮ ਕਰਨ ਤੋਂ ਬਾਅਦ ਚੀਨ ਨਾਲ ਕੂਟਨੀਤਕ ਸਬੰਧ ਸਥਾਪਿਤ ਕਰ ਲਏ ਹਨ। ਤਾਈਵਾਨ ਨੂੰ ਹੁਣ ਵੈਟੀਕਨ ਸਿਟੀ ਸਮੇਤ ਸਿਰਫ਼ 13 ਪ੍ਰਭੂਸੱਤਾ ਸੰਪੰਨ ਦੇਸ਼ਾਂ ਮਾਨਤਾ ਦਿੰਦੇ ਹਨ। ਚੀਨ ਦੇ ਸਰਕਾਰੀ ਮੀਡੀਆ 'ਸੀਸੀਟੀਵੀ' ਨੇ ਹੋਂਡੂਰਾਸ ਨਾਲ ਸਬੰਧਾਂ ਨੂੰ ਲੈ ਕੇ ਇਹ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ, ਹੋਂਡੂਰਾਸ ਅਤੇ ਤਾਈਵਾਨ ਦੀਆਂ ਸਰਕਾਰਾਂ ਨੇ ਵੱਖ-ਵੱਖ ਐਲਾਨ ਕੀਤਾ ਕਿ ਉਹ ਸਬੰਧਾਂ ਨੂੰ ਖ਼ਤਮ ਕਰ ਰਹੇ ਹਨ।

ਹੋਂਡੂਰਾਸ ਦੇ ਵਿਦੇਸ਼ ਮੰਤਰਾਲਾ ਨੇ ਟਵਿੱਟਰ 'ਤੇ ਜਾਰੀ ਕੀਤੇ ਇਕ ਬਿਆਨ ਵਿਚ ਕਿਹਾ, "ਹੌਂਡੂਰਾਸ ਗਣਰਾਜ ਦੀ ਸਰਕਾਰ ਦੁਨੀਆ ਵਿਚ ਸਿਰਫ਼ ਚੀਨ ਦੀ ਹੋਂਦ ਨੂੰ ਮਾਨਤਾ ਦਿੰਦੀ ਹੈ ਅਤੇ ਚੀਨ ਦੀ ਸਰਕਾਰ ਇਕਲੌਤੀ ਜਾਇਜ਼ ਸਰਕਾਰ ਹੈ ਜੋ ਪੂਰੇ ਚੀਨ ਦੀ ਨੁਮਾਇੰਦਗੀ ਕਰਦੀ ਹੈ।" ਉਸ ਨੇ ਕਿਹਾ, 'ਤਾਈਵਾਨ ਚੀਨੀ ਖੇਤਰ ਦਾ ਇੱਕ ਅਟੁੱਟ ਹਿੱਸਾ ਹੈ ਅਤੇ ਹੋਂਡੂਰਾਸ ਦੀ ਸਰਕਾਰ ਨੇ ਕੂਟਨੀਤਕ ਸਬੰਧਾਂ ਨੂੰ ਖ਼ਤਮ ਕਰਨ ਬਾਰੇ ਵਿਚ ਤਾਈਵਾਨ ਨੂੰ ਸੂਚਿਤ ਕਰ ਦਿੱਤਾ ਹੈ। ਉਸਨੇ ਤਾਈਵਾਨ ਨਾਲ ਕੋਈ ਅਧਿਕਾਰਤ ਸਬੰਧ ਜਾਂ ਸੰਪਰਕ ਸਥਾਪਤ ਨਾ ਕਰਨ ਦਾ ਸੰਕਲਪ ਲਿਆ।'

ਤਾਈਵਾਨ ਦੇ ਵਿਦੇਸ਼ ਮੰਤਰੀ ਜੋਸੇਫ ਵੂ ਨੇ ਐਤਵਾਰ ਨੂੰ ਕਿਹਾ ਕਿ ਤਾਈਵਾਨ ਨੇ "ਆਪਣੀ ਪ੍ਰਭੂਸੱਤਾ ਅਤੇ ਸਨਮਾਨ ਦੀ ਰੱਖਿਆ" ਲਈ ਹੋਂਡੂਰਾਸ ਨਾਲ ਆਪਣੇ ਸਬੰਧ ਤੋੜ ਲਏ ਹਨ। ਤਾਈਵਾਨ ਦੇ ਰਾਸ਼ਟਰਪਤੀ ਦਫ਼ਤਰ ਦੀ ਮਹਿਲਾ ਬੁਲਾਰਾ ਓਲੀਵੀਆ ਲਿਨ ਨੇ ਇਕ ਬਿਆਨ 'ਚ ਕਿਹਾ ਕਿ ਦੋਹਾਂ ਪੱਖਾਂ ਵਿਚਾਲੇ ਸਬੰਧ 80 ਸਾਲ ਤੋਂ ਵੱਧ ਸਮੇਂ ਤੱਕ ਰਹੇ।' ਉਨ੍ਹਾਂ ਕਿਹਾ, "ਚੀਨ ਲੰਬੇ ਸਮੇਂ ਤੋਂ ਤਾਈਵਾਨ ਦੇ ਅੰਤਰਰਾਸ਼ਟਰੀ ਪੱਧਰ ਨੂੰ ਕਮਜ਼ੋਰ ਕਰਦਾ ਆਇਆ ਹੈ ਅਤੇ ਉਹ ਇਕਪਾਸੜ ਤੌਰ 'ਤੇ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਨੂੰ ਖ਼ਤਰੇ ਵਿੱਚ ਪਾ ਰਿਹਾ ਹੈ।" ਹੋਂਡੂਰਸ ਨਾਲ ਸਬੰਧਾਂ ਨੂੰ ਲੈ ਕੇ ਇਹ ਐਲਾਨ ਅਜਿਹੇ ਸਮੇਂ 'ਚ ਕੀਤਾ ਗਿਆ ਹੈ ਜਦੋਂ ਜਦੋਂ ਸਵੈ-ਸ਼ਾਸਨ ਵਾਲੇ ਤਾਈਵਾਨ ਨੂੰ ਲੈ ਕੇ ਚੀਨ ਦੇ ਵਧਦੇ ਹਮਲਾਵਰ ਰੁਖ਼ ਸਮੇਤ ਕਈ ਮੁੱਦਿਆਂ 'ਤੇ ਚੀਨ ਅਤੇ ਅਮਰੀਕਾ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਇਸ ਕਦਮ ਤੋਂ ਬਾਅਦ ਤਾਈਵਾਨ ਨੂੰ ਪ੍ਰਭੂਸੱਤਾ ਸੰਪੰਨ ਦੇਸ਼ ਵਜੋਂ ਮਾਨਤਾ ਦੇਣ ਵਾਲੇ ਦੇਸ਼ਾਂ ਦੀ ਗਿਣਤੀ ਘੱਟ ਕੇ ਸਿਰਫ਼ 13 ਰਹਿ ਗਈ ਹੈ।


cherry

Content Editor

Related News