ਅਫਗਾਨ ਵਿਰੋਧੀਆਂ ਦੇ ਜਵਾਬੀ ਹਮਲੇ ਵਜੋਂ ਕਪਿਸਾ 'ਚ ਤਾਲਿਬਾਨ ਨੂੰ ਭਾਰੀ ਨੁਕਸਾਨ
Sunday, Aug 29, 2021 - 11:32 AM (IST)
ਕਾਬੁਲ (ਬਿਊਰੋ) ਅਫਗਾਨਸਿਤਾਨ ਦੇ ਕਪਿਸਾ ਸੂਬੇ ਵਿਚ ਤਾਲਿਬਾਨ ਅਤੇ ਵਿਰੋਧੀ ਸ਼ਕਤੀਆਂ ਵਿਚਾਲੇ ਭਿਆਨਕ ਲੜਾਈ ਹੋਣ ਦੀ ਖ਼ਬਰ ਹੈ। ਸਥਾਨਕ ਮੀਡੀਆ ਮੁਤਾਬਕ ਇਸ ਲੜਾਈ ਵਿਚ ਤਾਲਿਬਾਨ ਨੂੰ ਭਾਰੀ ਨੁਕਸਾਨ ਹੋਇਆ ਹੈ ਅਤੇ ਉਸ ਦੇ ਕਈ ਅੱਤਵਾਦੀ ਮਾਰੇ ਗਏ ਹਨ।
ਸਥਾਨਕ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪੰਜਸ਼ੀਰ ਸੂਬੇ ਦੇ ਅਫਗਾਨੀਆਂ ਦੀ ਅਗਵਾਈ ਵਾਲੇ ਵਿਰੋਧੀ ਫਰੰਟ ਨਾਲ ਜੰਗਬੰਦੀ ਉਲੰਘਣਾ ਕਰਨ 'ਤੇ ਤਾਲਿਬਾਨ ਨੂੰ ਭਾਰੀ ਖਮਿਆਜਾ ਭੁਗਤਣਾ ਪਿਆ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਤਾਲਿਬਾਨ ਨੇ ਪੰਜਸ਼ੀਰ ਸੂਬੇ ਦੀ ਸਰਹੱਦ 'ਤੇ ਹਮਲਾ ਕੀਤਾ। ਇਸ ਦੇ ਜਵਾਬ ਵਿਚ ਨੈਸ਼ਨਲ ਰਸਿਸਟੈਂਸ ਫਰੰਟ (ਐੱਨ.ਆਰ.ਐੱਫ..) ਦੇ ਲੜਾਕਿਆਂ ਨੇ ਵੀ ਜ਼ਬਰਦਸਤ ਜਵਾਬੀ ਹਮਲਾ ਕੀਤਾ ਅਤੇ ਤਾਲਿਬਾਨ ਅੱਤਵਾਦੀਆਂ ਨੂੰ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ ਹੈ। ਇਹ ਘਟਨਾ ਅਜਿਹੇ ਸਮੇਂ ਵਿਚ ਵਾਪਰੀ ਹੈ ਜਦੋਂ ਤਾਲਿਬਾਨ ਦਾ ਦੂਜੇ ਨੰਬਰ ਦਾ ਨੇਤਾ ਮੁੱਲਾ ਅਬਦੁੱਲ ਗਨੀ ਬਰਾਦਰ ਕਾਬੁਲ ਤੋਂ ਕੰਧਾਰ ਪਰਤ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ -ਕਾਬੁਲ ਹਵਾਈ ਅੱਡੇ 'ਤੇ ਮੁੜ ਹਮਲੇ ਦਾ ਖਦਸ਼ਾ, ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਲਈ ਚਿਤਾਵਨੀ ਜਾਰੀ
ਮੀਡੀਆ ਵਿਚ ਪੰਜਸ਼ੀਰ ਦੇ ਸ਼ੇਰ ਦੇ ਨਾਮ ਨਾਲ ਮਸ਼ਹੂਰ ਰਹੇ ਅਹਿਮਦ ਸ਼ਾਹ ਮਸੂਦ ਦੇ ਬੇਟੇ ਅਹਿਮਦ ਮਸੂਦ ਅਤੇ ਅਫਗਾਨਿਸਤਾਨ ਦੇ ਪਹਿਲੇ ਉਪ ਰਾਸ਼ਟਰਪਤੀ ਅਮਰੂੱਲਾ ਸਾਲੇਹ ਦੀ ਅਗਵਾਈ ਵਿਚ ਵਿਰੋਧੀ ਫਰੰਟ ਨੇ ਤਾਲਿਬਾਨ ਖ਼ਿਲਾਫ਼ ਯੁੱਧ ਦਾ ਐਲਾਨ ਕੀਤਾ ਹੈ। ਅਹਿਮਦ ਸ਼ਾਹ ਮਸੂਦ ਨੂੰ ਤਾਲਿਬਾਨ ਨੇ ਅਲ ਕਾਇਦਾ ਨਾਲ ਮਿਲ ਕੇ ਮਾਰ ਦਿੱਤਾ ਸੀ। ਪੰਜਸ਼ੀਰ ਸੂਬਾ ਹਾਲੇ ਤਾਲਿਬਾਨ ਤੇ ਕਬਜ਼ੇ ਵਿਚ ਨਹੀਂ ਹੈ। ਉਹ ਇਸ 'ਤੇ ਕਬਜ਼ਾ ਕਰਨ ਦੀ ਕੋਸਿਸ਼ ਕਰ ਰਿਹਾ ਹੈ। ਅਹਿਮਦ ਮਸੂਦ ਦੇ ਨਾਲ ਹੀ ਸਾਲੇਹ ਨੇ ਤਾਲਿਬਾਨ ਸਾਹਮਣੇ ਆਤਮ ਸਮਰਪਣ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਲੜਨ ਦੀ ਗੱਲ ਕਹੀ ਹੈ। ਭਾਵੇਂਕਿ ਤਾਲਿਬਾਨ ਅਤੇ ਪੰਜਸ਼ੀਰ ਵਿਚਕਾਰ ਗੱਲਬਾਤ ਦੀਆਂ ਖ਼ਬਰਾਂ ਵੀ ਆ ਰਹੀਆਂ ਹਨ। ਪੰਜਸ਼ੀਰ ਵਿਚ ਮਸੂਦ ਅਤੇ ਸਾਲੇਹ ਨਾਲ ਤਾਲਿਬਾਨ ਦੇ ਵਿਰੋਧੀ ਅਫਗਨੀਆਂ ਨੇ ਐੱਨ.ਆਰ.ਐੱਫ. ਨਾਮ ਨਾਲ ਨਵਾਂ ਸੰਗਠਨ ਬਣਾਇਆ ਹੈ। ਉਹਨਾਂ ਨੇ ਤਾਲਿਬਾਨ ਦੇ ਹਮਲੇ ਦਾ ਜਵਾਬ ਦੇਣ ਲਈ ਪੰਜਸ਼ੀਰ ਦੀਆਂ ਪਹਾੜੀਆਂ 'ਤੇ ਆਪਣੇ ਲੜਾਕੇ ਤਾਇਨਾਤ ਕਰ ਦਿੱਤੇ ਹਨ।