ਜਾਪਾਨ : ਲੂ ਕਾਰਨ ਦੋ ਲੋਕਾਂ ਦੀ ਮੌਤ, 48 ਹਸਪਤਾਲ ''ਚ ਭਰਤੀ

Wednesday, Sep 11, 2019 - 01:33 PM (IST)

ਜਾਪਾਨ : ਲੂ ਕਾਰਨ ਦੋ ਲੋਕਾਂ ਦੀ ਮੌਤ, 48 ਹਸਪਤਾਲ ''ਚ ਭਰਤੀ

ਟੋਕੀਓ—  ਜਾਪਾਨ 'ਚ ਤੂਫਾਨ ਅਤੇ ਲੂ ਲੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ, ਇਸ ਦੀ ਪੁਸ਼ਟੀ ਅਧਿਕਾਰੀਆਂ ਨੇ ਬੁੱਧਵਾਰ ਨੂੰ ਕੀਤੀ। ਜਾਣਕਾਰੀ ਮੁਤਾਬਕ 5 ਲੱਖ ਤੋਂ ਵਧੇਰੇ ਲੋਕਾਂ ਦੇ ਘਰਾਂ ਦੀ ਬੱਤੀ ਗੁੱਲ ਹੈ ਅਤੇ ਗਰਮੀ ਕਾਰਨ ਉਹ ਹਾਲੋ-ਬੇਹਾਲ ਹਨ।

ਜਾਣਕਾਰੀ ਮੁਤਾਬਕ ਇਕ 93 ਸਾਲਾ ਬਜ਼ੁਰਗ ਔਰਤ ਅਤੇ 65 ਸਾਲਾ ਵਿਅਕਤੀ ਆਪਣੇ-ਆਪਣੇ ਘਰਾਂ 'ਚ ਬੇਹੋਸ਼ ਮਿਲੇ ਸਨ ਤੇ ਬਾਅਦ 'ਚ ਡਾਕਟਰਾਂ ਨੇ ਦੱਸਿਆ ਕਿ ਉਹ ਮ੍ਰਿਤਕ ਹਨ। ਮੰਗਲਵਾਰ ਨੂੰ ਉਨ੍ਹਾਂ ਕਿਹਾ ਕਿ ਲੂ ਲੱਗਣ ਕਾਰਨ 48 ਲੋਕ ਹਸਪਤਾਲਾਂ 'ਚ ਭਰਤੀ ਹਨ ਅਤੇ ਇਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਬੁੱਧਵਾਰ ਸਵੇਰ ਤਕ ਲਗਭਗ 4,56,000 ਲੋਕਾਂ ਬਿਨਾਂ ਬਿਜਲੀ ਦੇ ਗੁਜ਼ਾਰਾ ਕਰ ਰਹੇ ਹਨ ਤੇ ਗਰਮੀ ਕਾਰਨ ਉਹ ਪ੍ਰੇਸ਼ਾਨ ਹਨ। ਉੱਥੇ 35 ਡਿਗਰੀ ਤੋਂ ਵਧੇਰੇ ਤਾਪਮਾਨ ਹੈ।

ਲੋਕਾਂ ਨੂੰ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਠੰਡੇ ਇਲਾਕਿਆਂ ਵੱਲ ਜਾਣ ਤੇ ਵੱਧ ਤੋਂ ਵੱਧ ਪਾਣੀ ਪੀਣ। ਮੰਗਲਵਾਰ ਨੂੰ ਲਗਭਗ 84,000 ਲੋਕਾਂ ਦੇ ਘਰਾਂ 'ਚ ਪਾਣੀ ਨਹੀਂ ਸੀ ਕਿਉਂਕਿ ਕਈ ਪਿਊਰੀਫਿਕੇਸ਼ਨ ਪਲਾਂਟਾਂ 'ਚ ਬਿਜਲੀ ਨਹੀਂ ਸੀ। ਲੋਕਾਂ ਦੀ ਮਦਦ ਕਰਨ ਲਈ ਮਿਲਟਰੀ ਦੀ ਮਦਦ ਲਈ ਜਾ ਰਹੀ ਹੈ। ਪਾਣੀ ਟੈਂਕਰਾਂ ਨੂੰ ਵੱਖ-ਵੱਖ ਇਲਾਕਿਆਂ 'ਚ ਭੇਜਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸੋਮਵਾਰ ਸਵੇਰੇ ਤੂਫਾਨ ਆਉਣ ਕਾਰਨ 10 ਹਜ਼ਾਰ ਤੋਂ ਵਧੇਰੇ ਲੋਕਾਂ ਨੂੰ ਘਰ ਛੱਡ ਕੇ ਜਾਣ ਲਈ ਕਿਹਾ ਗਿਆ ਸੀ। ਬਹੁਤ ਸਾਰੀਆਂ ਉਡਾਣਾਂ ਰੱਦ ਹੋਣ ਕਾਰਨ 17,000 ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।


Related News