ਅਮਰੀਕਾ, ਕੈਨੇਡਾ ''ਚ ਗਰਮੀ ਨੇ ਕੱਢੇ ਵੱਟ, ਅਲਰਟ ਜਾਰੀ

07/20/2019 9:41:40 PM

ਨਿਊਯਾਰਕ (ਏਜੰਸੀ)- ਅਮਰੀਕਾ ਵਿਚ ਇਨੀਂ ਦਿਨੀਂ ਗਰਮੀ ਆਪਣੇ ਪੂਰੇ ਸਿਖਰ 'ਤੇ ਹੈ। ਦੇਸ਼ ਵਿਚ ਇਸ ਹਫਤੇ ਹੋਰ ਭਿਆਨਕ ਗਰਮੀ ਪੈਣ ਵਾਲੀ ਹੈ। ਇਸ ਦੌਰਾਨ ਨਿਊਯਾਰਕ ਅਤੇ ਵਾਸ਼ਿੰਗਟਨ ਸਣੇ ਦੇਸ਼ ਦੇ ਕਈ ਪ੍ਰਮੁੱਖ ਸ਼ਹਿਰਾਂ ਵਿਚ ਤਾਪਮਾਨ 38 ਡਿਗਰੀ ਸੈਲਸੀਅਸ ਤੋਂ ਉਪਰ ਪਹੁੰਚ ਸਕਦਾ ਹੈ। ਰਾਸ਼ਟਰੀ ਮੌਸਮ ਸੇਵਾ ਨੇ ਸ਼ੁੱਕਰਵਾਰ ਨੂੰ ਅਲਰਟ ਜਾਰੀ ਕੀਤਾ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ 150 ਮਿਲੀਅਨ ਲੋਕ ਇਸ ਦੀ ਲਪੇਟ ਵਿਚ ਹੋਣਗੇ। ਇਸ ਦਾ ਅਸਰ ਮਿਡਵੈਸਟਰਨ ਦੇ ਮੈਦਾਨੀ ਇਲਾਕਿਆਂ ਤੋਂ ਅਟਲਾਂਟਿਕ ਤਟ ਤੱਕ ਰਹੇਗਾ।

ਪੂਰਬੀ ਕੈਨੇਡਾ ਦੇ ਕੁਝ ਹਿੱਸਿਆਂ ਵਿਚ ਵੀ ਭਿਆਨਕ ਗਰਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਨਿਊਯਾਰਕ ਸਿਟੀ ਨੇ ਇਸ ਤੋਂ ਆਪਣੇ ਵਾਸੀਆਂ ਨੂੰ ਬਚਾਉਣ ਲਈ 500 ਕੂਲਿੰਗ ਸੈਂਟਰ ਖੋਲ੍ਹੇ ਹਨ। ਇਥੋਂ ਦੇ ਮੇਅਰ ਬਿਲ ਡੀ ਬਲਾਸੀਓ ਨੇ ਕਿਹਾ ਕਿ ਅਸਲ ਵਿਚ ਇਸ ਸ਼ਨੀਵਾਰ ਅਤੇ ਐਤਵਾਰ ਨੂੰ ਹਾਲਾਤ ਸਥਿਤੀ ਤੋਂ ਭਿਆਨਕ ਹੋਣ ਵਾਲੇ ਹਨ। ਆਪਣਾ ਖਿਆਲ ਰੱਖੋ ਜੇਕਰ ਲੋੜ ਨਾ ਹੋਵੇ ਤਾਂ ਗਰਮੀ ਵਿਚ ਬਾਹਰ ਨਾ ਨਿਕਲੋ। ਸਥਿਤੀ ਕਾਫੀ ਗੰਭੀਰ ਹੈ।

ਜ਼ਿਕਰਯੋਗ ਹੈ ਕਿ ਇਸ ਸਾਲ ਜੂਨ ਦੇ ਮਹੀਨੇ ਗਰਮੀ ਦੇ ਕਈ ਰਿਕਾਰਡ ਤੋੜ ਦਿੱਤੇ। ਪੂਰੀ ਦੁਨੀਆ ਵਿਚ ਸਭ ਤੋਂ ਗਰਮ ਮਹੀਨਾ ਰਿਹਾ। ਇਹ ਲਗਾਤਾਰ ਦੂਜਾ ਮਹੀਨਾ ਰਿਹਾ ਜਦੋਂ ਆਰਕਟਿਕ 'ਤੇ ਜਮੀ ਬਰਫ ਦੀ ਮੋਟਾਈ ਵਿਚ ਰਿਕਾਰਡ ਕਮੀ ਦਰਜ ਕੀਤੀ ਗਈ। ਇਸ ਮਹੀਨੇ ਵਿਚ 0.95 ਡਿਗਰੀ ਸੈਂਟੀਗ੍ਰੇਡ ਦਾ ਵਾਧਾ ਦਰਜ ਕੀਤਾ ਗਿਆ। ਇਸ ਕਾਰਨ ਜੂਨ 140 ਸਾਲ ਵਿਚ ਸਭ ਤੋਂ ਗਰਮ ਬਣ ਗਿਆ। ਜੂਨ ਮਹੀਨੇ ਦਾ ਔਸਤ ਸੰਸਾਰਕ ਤਾਪਮਾਨ 15.3 ਡਿਗਰੀ ਸੈਂਟੀਗ੍ਰੇਡ ਰਹੀ। ਇਸ ਦੌਰਾਨ ਹਵਾਈ ਟਾਪੂ ਵਰਗੇ ਟ੍ਰਾਪੀਕਲ ਖੇਤਰ ਵਿਚ ਵੀ ਗਰਮੀ ਦੇਖਣ ਨੂੰ ਮਿਲੀ। ਅਮਰੀਕਾ ਦੇ ਅਲਾਸਕਾ ਵਿਚ ਸਾਲ 1925 ਤੋਂ ਬਾਅਦ ਤੋਂ ਇਹ ਦੂਜਾ ਮੌਕਾ ਸੀ ਜਦੋਂ ਜੂਨ ਸਭ ਤੋਂ ਗਰਮ ਮਹੀਨਾ ਰਿਹਾ। ਕੁਝ ਅਜਿਹਾ ਹੀ ਹਾਲ ਮੈਕਸੀਕੋ ਦੀ ਖਾੜੀ ਵਿਚ ਵੀ ਦੇਖਣ ਨੂੰ ਮਿਲਿਆ।


Sunny Mehra

Content Editor

Related News