ਹਸੀਨਾ ਨੇ ‘ਸਭ ਕੁਝ ਤਬਾਹ’ ਕਰ''ਤਾ, ਸੁਧਾਰਾਂ ਨੂੰ ਲਾਗੂ ਕਰਨ ਤੋਂ ਬਾਅਦ ਚੋਣਾਂ ਕਰਾਵਾਂਗੇ : ਯੂਨਸ
Thursday, Dec 05, 2024 - 05:44 AM (IST)
ਢਾਕਾ - ਬੰਗਲਾਦੇਸ਼ ਦੀ ਅੰਤ੍ਰਿਮ ਸਰਕਾਰ ਦੇ ਮੁੱਖ ਸਲਾਹਕਾਰ ਮੁਹੰਮਦ ਯੂਨਸ ਨੇ ਕਿਹਾ ਹੈ ਕਿ ਸ਼ੇਖ ਹਸੀਨਾ ਸਰਕਾਰ ਨੇ ‘ਸਭ ਕੁਝ ਤਬਾਹ’ ਕਰ ਦਿੱਤਾ ਹੈ। ਉਨ੍ਹਾਂ ਨੇ ਸੰਵਿਧਾਨਕ ਅਤੇ ਨਿਆਂ ਸੁਧਾਰਾਂ ਨੂੰ ਲਾਗੂ ਕਰਨ ਤੋਂ ਬਾਅਦ ਆਮ ਚੋਣਾਂ ਕਰਵਾਉਣ ਦੀ ਗੱਲ ਕਹੀ। ਬੰਗਲਾਦੇਸ਼ ਸੰਗਬਾਦ ਸੰਸਥਾ ਨੇ ਬੁੱਧਵਾਰ ਨੂੰ ਇਕ ਜਾਪਾਨੀ ਅਖਬਾਰ ਨੂੰ ਦਿੱਤੇ ਗਏ ਯੂਨਸ ਦੇ ਇੰਟਰਵਿਊ ਦਾ ਹਵਾਲਾ ਦਿੰਦਿਆਂ ਇਹ ਜਾਣਕਾਰੀ ਦਿੱਤੀ। ਨੋਬਲ ਪੁਰਸਕਾਰ ਨਾਲ ਸਨਮਾਨਿਤ ਯੂਨਸ (84) ਨੇ ਕਿਹਾ ਕਿ ਸਾਨੂੰ (ਚੋਣਾਂ ਕਰਵਾਉਣ ਤੋਂ ਪਹਿਲਾਂ) ਅਰਥਵਿਵਸਥਾ, ਸ਼ਾਸਨ, ਨੌਕਰਸ਼ਾਹੀ ਅਤੇ ਨਿਆਪਾਲਿਕਾ ’ਚ ਵਿਆਪਕ ਸੁਧਾਰ ਕਰਨ ਦੀ ਲੋੜ ਹੈ।
ਯੂਨਸ ਨੇ ਇਕ ਵਾਰ ਫਿਰ ਕਿਹਾ ਕਿ ਬੰਗਲਾਦੇਸ਼ ’ਚ ਅੰਤਰਰਾਸ਼ਟਰੀ ਅਪਰਾਧਿਕ ਟ੍ਰਿਬਿਊਨਲ ਵਿਚ ਹਸੀਨਾ ਖਿਲਾਫ ਮੁਕੱਦਮੇ ਦੀ ਸੁਣਵਾਈ ਖਤਮ ਹੋਣ ਤੋਂ ਬਾਅਦ ਭਾਰਤ ਨੂੰ ਉਸ ਦੀ ਹਵਾਲਗੀ ਕਰਨੀ ਚਾਹੀਦੀ ਹੈ। ਯੂਨਸ ਨੇ ਕਿਹਾ ਕਿ ਮੁਕੱਦਮੇ ਦੀ ਸੁਣਵਾਈ ਪੂਰੀ ਹੋਣ ਤੋਂ ਬਾਅਦ ਫੈਸਲਾ ਆਉਣ ’ਤੇ ਅਸੀਂ ਅਧਿਕਾਰਤ ਤੌਰ ’ਤੇ ਭਾਰਤ ਨੂੰ ਇਸ ਸਬੰਧੀ ਬੇਨਤੀ ਕਰਾਂਗੇ। ਨਾਲ ਹੀ ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ਾਂ ਵੱਲੋਂ ਦਸਤਖਤ ਕੀਤੇ ਗਏ ਕੌਮਾਂਤਰੀ ਕਾਨੂੰਨ ਤਹਿਤ ਭਾਰਤ ਇਸ ਦੀ ਪਾਲਣਾ ਕਰਨ ਲਈ ਮਜਬੂਰ ਹੋਵੇਗਾ। ਮੁੱਖ ਸਲਾਹਕਾਰ ਨੇ ਇਹ ਵੀ ਕਿਹਾ ਕਿ ਹਿੰਦੂਆਂ ਦੀ ਸੁਰੱਖਿਆ ਨੂੰ ਲੈ ਕੇ ਭਾਰਤ ਸਰਕਾਰ ਦੀਆਂ ਚਿੰਤਾਵਾਂ ਤੱਥਾਂ ’ਤੇ ਆਧਾਰਿਤ ਨਹੀਂ ਹਨ ਅਤੇ ਜੋਕੁੱਝ ਕਿਹਾ ਜਾ ਰਿਹਾ ਹੈ, ਉਹ ‘ਕੂੜ ਪ੍ਰਚਾਰ’ ਹੈ।