ਪਵਿੱਤਰ ਸਿੰਘ ਬਾਸੀ ਕਤਲ ਦਾ ਦੂਜਾ ਦੋਸ਼ੀ ਗੁਰਜੋਧ ਸਿੰਘ ਖੱਟੜਾ ਗ੍ਰਿਫਤਾਰ
Sunday, Mar 25, 2018 - 03:12 AM (IST)

ਬਰੈਂਪਟਨ— 21 ਸਾਲਾਂ ਪਵਿੱਤਰ ਸਿੰਘ ਬਾਸੀ ਦੇ ਕਤਲ ਕੇਸ 'ਚ ਪੀਲ ਪੁਲਸ ਨੇ ਦੂਜੇ ਦੋਸ਼ੀ ਬਰੈਂਪਟਨ ਵਾਸੀ 22 ਸਾਲਾਂ ਗੁਰਜੋਧ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਉਸ 'ਤੇ ਫਸਟ ਡਿਗਰੀ ਕਤਲ ਦੇ ਦੋਸ਼ ਲਾਏ ਗਏ ਹਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕਰਨਵੀਰ ਸਿੰਘ ਬਾਸੀ ਨੂੰ ਮੰਗਲਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਕਰਨਵੀਰ ਬਾਰੇ ਪੁਲਸ ਨੇ ਕਿਹਾ ਸੀ ਕਿ ਉਸ ਦਾ ਪਵਿੱਤਰ ਸਿੰਘ ਬਾਸੀ ਨਾਲ ਆਪਸ 'ਚ ਕੋਈ ਰਿਸ਼ਤਾ ਨਹੀਂ ਹੈ।
ਬਰੈਂਪਟਨ ਦੇ ਸੈਂਡਲਵੁੱਡ ਹਾਈਟਸ ਸੈਕੰਡਰੀ ਸਕੂਲ ਦੇ ਮੈਦਾਨ 'ਚ ਡਾਂਗਾਂ ਨਾਲ ਕੁੱਟ-ਕੁੱਟ ਕੇ ਗੰਭੀਰ ਜ਼ਖਮੀ ਕੀਤੇ 21 ਸਾਲਾਂ ਪਵਿੱਤਰ ਸਿੰਘ ਬਾਸੀ ਦੀ ਬੀਤੇ ਮੰਗਲਵਾਰ ਨੂੰ ਸਵੇਰੇ ਇਲਾਜ ਦੌਰਾਨ ਮੌਤ ਹੋ ਗਈ ਸੀ। ਬਾਸੀ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਉਨ੍ਹਾਂ ਦੇ ਜਵਾਨ ਪੁੱਤ ਨੂੰ ਕਿਉਂ ਮਾਰਿਆ ਗਿਆ। ਇਸ ਸਾਲ ਅਜਿਹਾ ਕੁੱਟਮਾਰ ਦਾ 8ਵਾਂ ਮਾਮਲਾ ਹੈ। ਜਾਣਕਾਰੀ ਮੁਤਾਬਕ ਸ਼ਾਮ ਨੂੰ ਕਰੀਬ 6 ਵਜੇ ਵਾਪਰੀ ਇਸ ਘਟਨਾ ਦੌਰਾਨ ਕੁਝ ਵਿਅਕਤੀਆਂ ਨੇ ਪਵਿੱਤਰ ਸਿੰਘ ਬਾਸੀ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ ਤੇ ਸਿਰ ਦੀਆਂ ਗੰਭੀਰ ਸੱਟਣ ਕਾਰਨ ਉਸ ਦੀ ਜਾਨ ਚਲੀ ਗਈ।
ਘਟਨਾ ਨੂੰ ਅੱਖੀ ਦੇਖਣ ਵਾਲਿਆਂ ਨੇ ਚਾਹੇ ਤੁਰੰਤ ਪੁਲਸ ਨੂੰ ਫੋਨ ਕਰ ਦਿੱਤਾ ਪਰ ਪੁਲਸ ਦੇ ਪੁੱਜਣ ਤੋਂ ਪਹਿਲਾਂ ਹੀ ਸ਼ੱਕੀ ਫਰਾਰ ਹੋ ਗਏ ਸਨ। ਜਾਣਕਾਰੀ ਮੁਤਾਬਕ ਬਾਸੀ ਦਾ ਪਰਿਵਾਰ ਜ਼ਿਲਾ ਨਵਾਂ ਸ਼ਹਿਰ ਦੇ ਗੜ੍ਹਸ਼ੰਕਰ 'ਚ ਪੈਂਦੇ ਪਿੰਡ ਨਾਲ ਸਬੰਧ ਰੱਖਦਾ ਹੈ। ਪਵਿੱਤਰ ਸਿੰਘ ਯੂਨੀਵਰਸਿਟੀ 'ਚ ਪੜਾਈ ਦੇ ਨਾਲ-ਨਾਲ ਸਕਿਓਰਿਟੀ ਦਾ ਕੰਮ ਵੀ ਕਰਦਾ ਸੀ।