ਹੋਣ ਵਾਲਾ ਹੈ ਵੱਡਾ ਹਮਲਾ, ਨਾ ਕਰੋ ਏਅਰ ਇੰਡੀਆ ਦੀ ਯਾਤਰਾ : ਪੰਨੂ

Monday, Oct 21, 2024 - 04:52 PM (IST)

ਇੰਟਰਨੈਸ਼ਨਲ ਡੈਸਕ- ਪਿਛਲੇ ਕੁਝ ਦਿਨਾਂ ਵਿੱਚ ਭਾਰਤੀ ਏਅਰਲਾਈਨਜ਼ ਨੂੰ 100 ਤੋਂ ਵੱਧ ਧਮਕੀਆਂ ਮਿਲੀਆਂ ਹਨ। ਇਨ੍ਹਾਂ ਧਮਕੀਆਂ ਵਿਚਕਾਰ ਹੁਣ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਭਾਰਤ ਨੂੰ ਧਮਕੀ ਦਿੰਦੇ ਹੋਏ ਜਹਾਜ਼ ਨੂੰ ਉਡਾਉਣ ਦੀ ਧਮਕੀ ਦਿੱਤੀ ਹੈ। ਪੰਨੂ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਸਿੱਖ ਫਾਰ ਜਸਟਿਸ (SFJ) ਦਾ ਸੰਸਥਾਪਕ ਹੈ। ਉਸ ਕੋਲ ਅਮਰੀਕਾ ਅਤੇ ਕੈਨੇਡਾ ਦੀ ਦੋਹਰੀ ਨਾਗਰਿਕਤਾ ਵੀ ਹੈ। ਉਹ ਪਿਛਲੇ ਕੁਝ ਸਾਲਾਂ 'ਚ ਕਈ ਵਾਰ ਏਅਰ ਇੰਡੀਆ ਦੇ ਜਹਾਜ਼ਾਂ ਨੂੰ ਉਡਾਉਣ ਦੀ ਧਮਕੀ ਦੇ ਚੁੱਕਾ ਹੈ।

ਪੰਨੂ ਨੇ ਕਿਹਾ ਹੈ ਕਿ ਸਿੱਖ ਦੰਗਿਆਂ ਦੇ 40 ਸਾਲ ਪੂਰੇ ਹੋਣ 'ਤੇ ਏਅਰ ਇੰਡੀਆ ਦੀ ਫਲਾਈਟ 'ਤੇ ਹਮਲਾ ਹੋ ਸਕਦਾ ਹੈ। ਪੰਨੂ ਨੇ ਅੰਤਰਰਾਸ਼ਟਰੀ ਯਾਤਰੀਆਂ ਨੂੰ 1 ਤੋਂ 19 ਨਵੰਬਰ ਤੱਕ ਏਅਰ ਇੰਡੀਆ ਵਿਚ ਉਡਾਣ ਨਾ ਭਰਨ ਦੀ ਅਪੀਲ ਕੀਤੀ ਹੈ। ਪੰਨੂ ਦੀ ਇਹ ਨਵੀਂ ਧਮਕੀ ਅਜਿਹੇ ਸਮੇਂ ਆਈ ਹੈ ਜਦੋਂ ਭਾਰਤ ਦੀਆਂ ਕਈ ਏਅਰਲਾਈਨਾਂ ਨੂੰ ਸੰਭਾਵਿਤ ਬੰਬ ​​ਧਮਾਕਿਆਂ ਬਾਰੇ ਕਈ ਧਮਕੀ ਭਰੀਆਂ ਕਾਲਾਂ ਆਈਆਂ ਹਨ। ਇਹ ਵੀ ਅਜਿਹੇ ਸਮੇਂ 'ਚ ਆਇਆ ਹੈ ਜਦੋਂ ਭਾਰਤ ਅਤੇ ਕੈਨੇਡਾ ਵਿਚਾਲੇ ਕੂਟਨੀਤਕ ਵਿਵਾਦ ਚੱਲ ਰਿਹਾ ਹੈ। ਕੈਨੇਡਾ ਨੇ ਭਾਰਤ 'ਤੇ ਇਕ ਹੋਰ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਸਮੇਤ ਆਪਣੇ ਦੇਸ਼ 'ਚ ਖਾਲਿਸਤਾਨੀ ਅੱਤਵਾਦੀਆਂ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲਗਾਇਆ ਹੈ। ਇਸ ਤੋਂ ਪਹਿਲਾਂ ਕੈਨੇਡੀਅਨ ਮੀਡੀਆ ਦੇ ਸਵਾਲਾਂ ਦੇ ਜਵਾਬ ਵਿਚ ਗੁਰਪਤਵੰਤ ਸਿੰਘ ਪੰਨੂ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਆਪਣੇ ਸਿੱਧੇ ਸਬੰਧਾਂ ਦੀ ਗੱਲ ਕਬੂਲੀ। ਪੰਨੂ ਨੇ ਦਾਅਵਾ ਕੀਤਾ ਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਟਰੂਡੋ ਦੇ ਸਿੱਧੇ ਸੰਪਰਕ 'ਚ ਰਹੇ ਹਨ ਤੇ ਉਨ੍ਹਾਂ ਨੇ ਹੀ ਭਾਰਤ ਵਿਰੁੱਧ ਸੂਚਨਾਵਾਂ ਮੁਹੱਈਆ ਕਰਵਾਈਆਂ ਸਨ, ਜਿਸ 'ਤੇ ਟਰੂਡੋ ਨੇ ਕਾਰਵਾਈ ਕੀਤੀ ਸੀ।

ਪੜ੍ਹੋ ਇਹ ਅਹਿਮ ਖ਼ਬਰ-ਪੰਨੂ ਦੇ ਬਿਆਨਾਂ ਨੂੰ ਵਧਾਵਾ ਦੇਣ ਲਈ ਸੁੱਖੀ ਚਾਹਲ ਨੇ ਕੈਨੇਡੀਅਨ ਮੀਡੀਆ ਦੀ ਕੀਤੀ ਨਿਖੇਧੀ

ਭਾਰਤ ਨੇ ਐਲਾਨਿਆ ਅੱਤਵਾਦੀ 

ਖਾਲਿਸਤਾਨ ਦੇ ਨਾਂ 'ਤੇ ਲੋਕਾਂ ਨੂੰ ਭੜਕਾਉਣ ਕਾਰਨ ਭਾਰਤ ਪੰਨੂ ਨੂੰ ਅੱਤਵਾਦੀ ਮੰਨਦਾ ਹੈ। ਪੰਨੂ ਨੂੰ ਦੇਸ਼ਧ੍ਰੋਹ ਅਤੇ ਵੱਖਵਾਦ ਦੇ ਦੋਸ਼ਾਂ ਤਹਿਤ ਗ੍ਰਹਿ ਮੰਤਰਾਲੇ ਨੇ ਜੁਲਾਈ 2020 ਤੋਂ ਅੱਤਵਾਦੀ ਐਲਾਨਿਆ ਹੋਇਆ ਹੈ। ਉਸ 'ਤੇ ਵੱਖਵਾਦ ਨੂੰ ਉਤਸ਼ਾਹਿਤ ਕਰਨ ਅਤੇ ਪੰਜਾਬੀ ਸਿੱਖ ਨੌਜਵਾਨਾਂ ਨੂੰ ਹਥਿਆਰ ਚੁੱਕਣ ਲਈ ਉਕਸਾਉਣ ਦਾ ਦੋਸ਼ ਹੈ। ਨਵੰਬਰ 2023 ਵਿੱਚ ਪੰਨੂ ਨੇ ਇੱਕ ਵੀਡੀਓ ਜਾਰੀ ਕੀਤਾ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਮ ਬਦਲਿਆ ਜਾਵੇਗਾ ਅਤੇ 19 ਨਵੰਬਰ ਨੂੰ ਬੰਦ ਰਹੇਗਾ। ਉਸ ਨੇ ਉਸ ਦਿਨ ਲੋਕਾਂ ਨੂੰ ਏਅਰ ਇੰਡੀਆ ਨਾਲ ਉਡਾਣ ਭਰਨ ਤੋਂ ਬਚਣ ਦੀ ਚਿਤਾਵਨੀ ਦਿੱਤੀ ਸੀ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਉਸ 'ਤੇ ਅਪਰਾਧਿਕ ਸਾਜ਼ਿਸ਼ ਰਚਣ, ਧਰਮ ਦੇ ਆਧਾਰ 'ਤੇ ਵੱਖ-ਵੱਖ ਸਮੂਹਾਂ ਵਿਚਕਾਰ ਦੁਸ਼ਮਣੀ ਨੂੰ ਵਧਾਵਾ ਦੇਣ ਅਤੇ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂ.ਏ.ਪੀ.ਏ) ਤਹਿਤ ਵੱਖ-ਵੱਖ ਅਪਰਾਧਾਂ ਦਾ ਦੋਸ਼ ਲਗਾਇਆ।

ਸਾਲ 2020 ਵਿੱਚ ਉਸਨੂੰ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ (UAPA) ਦੇ ਤਹਿਤ ਅੱਤਵਾਦੀ ਘੋਸ਼ਿਤ ਕੀਤਾ ਗਿਆ ਸੀ। ਇਸ ਦੇ ਨਾਲ ਹੀ SFJ ਦੀ ਸਮੱਗਰੀ ਬਣਾਉਣ ਅਤੇ ਦਿਖਾਉਣ ਵਾਲੇ ਕਈ ਯੂ-ਟਿਊਬ ਚੈਨਲਾਂ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ। ਪੰਨੂ ਹੁਣ ਭਗੌੜਾ ਹੈ ਅਤੇ ਉਸ ਨੇ ਅਮਰੀਕਾ ਵਿਚ ਸ਼ਰਨ ਲਈ ਹੈ, ਇਸ ਤੋਂ ਇਲਾਵਾ ਉਸ ਕੋਲ ਕੈਨੇਡਾ ਦੀ ਨਾਗਰਿਕਤਾ ਵੀ ਹੈ।ਗੁਰਪਤਵੰਤ ਸਿੰਘ ਪੰਨੂ ਨੇ ਭਾਰਤ ਵਿੱਚ ਅੱਤਵਾਦੀ ਘਟਨਾਵਾਂ ਦੀ ਜ਼ਿੰਮੇਵਾਰੀ ਲਈ ਹੈ। ਅਪ੍ਰੈਲ 2023 ਵਿੱਚ ਇੱਕ ਵੀਡੀਓ ਵਿੱਚ,ਉਸਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਸਾਮ ਦੌਰੇ ਦੌਰਾਨ ਧਮਕੀ ਦਿੱਤੀ ਸੀ। ਉਹ ਪੰਜਾਬ ਅਤੇ ਭਾਰਤ ਦੇ ਕਈ ਗੁਆਂਢੀ ਖੇਤਰਾਂ ਦੇ ਧਰਮ-ਅਧਾਰਤ ਵੱਖਰੇ ਰਾਜ ਦੀ ਵਕਾਲਤ ਕਰਦਾ ਹੈ, ਜਿਸਨੂੰ ਖਾਲਿਸਤਾਨ ਵਜੋਂ ਜਾਣਿਆ ਜਾਂਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News