ਗੁਰਮਤਿ ਵਿਦਿਆਲੇ ਦੀ ਪਹਿਲੀ ਵਰ੍ਹੇਗੰਢ ਮੌਕੇ ਕਰਵਾਏ ਵਿਸ਼ਾਲ ਗੁਰਮਤਿ ਗਿਆਨ ਮੁਕਾਬਲੇ
Wednesday, Jul 08, 2026 - 03:46 PM (IST)
ਮਾਨਤੋਵਾ (ਦਲਵੀਰ ਸਿੰਘ ਕੈਂਥ) ਇਟਲੀ ਵਿੱਚ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਅਗਾਂਹ ਵਧੂ ਸਿਰਮੌਰ ਸੰਸਥਾ ਕਲਤੂਰਾ ਸਿੱਖ ਇਟਲੀ ਵੱਲੋਂ ਸਮੇਂ-ਸਮੇਂ ਉਪਰਾਲੇ ਕੀਤੇ ਜਾ ਰਹੇ ਹਨ। ਜਿਨ੍ਹਾਂ ਦਾ ਮੁੱਖ ਮਕਸਦ ਇਟਾਲੀਅਨ ਲੋਕਾਂ ਨੂੰ ਆਪਣੇ ਧਰਮ ਦੇ ਪ੍ਰਤੀ ਜਾਣੂ ਕਰਵਾਉਣਾ ਅਤੇ ਸਿੱਖ ਬਾਲ ਫੁੱਲਵਾੜੀ ਜੋ ਸਾਡੇ ਪੰਜਾਬੀ ਬੱਚੇ ਇੱਥੇ ਜਨਮੇ ਹਨ ਉਨ੍ਹਾਂ ਨੂੰ ਸਿੱਖ ਇਤਿਹਾਸ ਅਤੇ ਗੁਰਬਾਣੀ ਨਾਲ ਜੋੜਨਾ ਹੈ। ਇਸੇ ਲੜੀ ਤਹਿਤ ਸ਼ਹੀਦ ਭਾਈ ਤਾਰੂ ਸਿੰਘ ਜੀ ਅਤੇ ਸ਼ਹੀਦ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਰੋਦੀਗੋ (ਮਾਨਤੋਵਾ) ਵਿਖੇ ਗੁਰਮਤਿ ਗਿਆਨ ਮੁਕਾਬਲੇ ਕਰਵਾਏ ਗਏ। ਇਹ ਮੁਕਾਬਲੇ ਸ਼ਹੀਦ ਭਾਈ ਮਨੀ ਸਿੰਘ ਜੀ ਗੁਰਮਤਿ ਵਿਦਿਆਲੇ ਇਟਲੀ ਦੀ ਪਹਿਲੀ ਵਰ੍ਹੇਗੰਢ ਮੌਕੇ ਕਰਵਾਏ ਗਏ।

ਦੂਰੋਂ ਨੇੜਿਓਂ ਚੱਲ ਕੇ ਸੰਗਤਾਂ ਨੇ ਪਹੁੰਚ ਕੇ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਸ਼ਰਧਾ ਦੇ ਫੁੱਲ ਭੇਂਟ ਕੀਤੇ। ਗੌਰਤਲਬ ਹੈ ਕਿ ਗੁਰਮਤਿ ਗਿਆਨ ਮੁਕਾਬਲਿਆਂ ਵਿੱਚ 91 ਬੱਚਿਆਂ ਨੇ ਭਾਗ ਲਿਆ। ਇਹ ਗੁਰਮਤਿ ਗਿਆਨ ਮੁਕਾਬਲੇ ਚਾਰ ਵੱਖ-ਵੱਖ, ਗਰੁੱਪ A 4 ਤੋਂ 8 ਸਾਲ, ਗਰੁੱਪ B 8 ਤੋਂ 11 ਸਾਲ, ਗਰੁੱਪ C 11 ਤੋਂ 14 ਸਾਲ ਅਤੇ ਗਰੁੱਪ D 14 ਸਾਲ ਤੋਂ ਉੱਪਰ ਵਿੱਚ ਕਰਵਾਏ ਗਏ। ਇਹ ਗੁਰਮਤਿ ਗਿਆਨ ਮੁਕਾਬਲੇ ਲਿਖਤੀ ਰੂਪ ਵਿੱਚ ਕਰਵਾਏ ਗਏ।ਜਿਸ ਵਿੱਚ ਬੱਚਿਆਂ ਨੇ ਪੇਪਰ ਸ਼ੀਟ ਦੇ ਉੱਪਰ ਸਹੀ ਜਵਾਬ ਉੱਪਰ ਨਿਸ਼ਾਨ ਲਗਾ ਕੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਆਪਣੀ ਕੀਤੀ ਮਿਹਨਤ ਅਨੁਸਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਗਰੁੱਪ A ਵਿੱਚ ਸਤਕੀਰਤ ਸਿੰਘ, ਭਵਨੂਰ ਸਿੰਘ, ਅਨਹਦ ਸਿੰਘ ਨੇ 34 ਵਿੱਚੋਂ 34 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅਵਨੀਤ ਕੌਰ 34 ਵਿੱਚੋਂ 32 ਅੰਕ ਪ੍ਰਾਪਤ ਕਰਕੇ ਦੂਜੇ ਸਥਾਨ 'ਤੇ ਰਹੇ। ਉਪਰੰਤ ਤੇਗਵੀਰ ਸਿੰਘ ਅਤੇ ਮਨਰਾਜ ਕੌਰ ਨੇ 34 ਵਿੱਚੋਂ 29 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ।

ਇਸੇ ਤਰ੍ਹਾਂ ਗਰੁੱਪ B ਵਿੱਚ ਹਰਮਨਜੋਤ ਸਿੰਘ ਨੇ 64 ਵਿੱਚੋਂ 64 ਅੰਕ ਪ੍ਰਾਪਤ ਕਰਕੇ ਪਹਿਲਾ ਮੁਕਾਮ ਹਾਸਿਲ ਕੀਤਾ। ਮਨਜੋਤ ਸਿੰਘ, ਕਮਲਪ੍ਰੀਤ ਸਿੰਘ 64 ਵਿੱਚੋਂ 63 ਅੰਕ ਪ੍ਰਾਪਤ ਕਰਕੇ ਦੂਜੇ ਸਥਾਨ ਤੇ ਰਹੇ ਅਤੇ ਕਰਨਵੀਰ ਸਿੰਘ 64 ਵਿੱਚੋਂ 61 ਅੰਕ ਪ੍ਰਾਪਤ ਕਰਕੇ ਤੀਜੇ ਸਥਾਨ ਤੇ ਰਹੇ। ਗਰੁੱਪ C ਵਿੱਚ ਤਰਨਪ੍ਰੀਤ ਸਿੰਘ ਅਤੇ ਹਰਜੋਤ ਕੌਰ ਨੇ ਆਪਣੀ ਮਿਹਨਤ ਦੇ ਸਦਕਾ 68 ਵਿੱਚੋਂ 68 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। 68 ਵਿੱਚੋਂ 67 ਅੰਕ ਪ੍ਰਾਪਤ ਕਰਕੇ ਰਣਜੋਤ ਸਿੰਘ ਦੂਜੇ ਸਥਾਨ 'ਤੇ ਰਹੇ। ਹਰਫਤਿਹ ਸਿੰਘ ਨੇ 68 ਵਿੱਚੋਂ 61 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। ਗਰੁੱਪ D ਵਿੱਚੋਂ ਹਰਸਿਮਰਨ ਕੌਰ 93 ਵਿੱਚੋਂ 89 ਅੰਕ ਪ੍ਰਾਪਤ ਕਰਕੇ ਪਹਿਲੇ ਸਥਾਨ 'ਤੇ ਰਹੇ। ਸਾਹਿਬਜੀਤ ਸਿੰਘ ਨੇ 93 ਵਿੱਚੋਂ 88 ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਹਾਸਿਲ ਕੀਤਾ। ਖੁਸ਼ਦੀਪ ਕੌਰ ਨੇ 93 ਵਿੱਚੋਂ 87 ਨੰਬਰ ਲੈ ਕੇ ਤੀਜਾ ਸਥਾਨ ਹਾਸਿਲ ਕੀਤਾ।

ਦੂਸਰੇ ਪਾਸੇ ਸ਼ਹੀਦ ਭਾਈ ਮਨੀ ਸਿੰਘ ਗੁਰਮਤਿ ਵਿਦਿਆਲੇ ਇਟਲੀ ਵਿੱਚ ਪੜ੍ਹ ਰਹੇ ਬੱਚਿਆਂ ਵਿੱਚੋਂ 21 ਬੱਚੇ ਗੁਰਦੁਆਰਾ ਸਾਹਿਬ ਪਹੁੰਚੇ। ਜਿਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਸਜ ਕਰਕੇ ਬਾਰੋ ਬਾਰੀ ਸ੍ਰੀ ਜਪੁਜੀ ਸਾਹਿਬ ਦੇ ਜਾਪ ਕੀਤੇ। ਇਸ ਪ੍ਰੋਗਰਾਮ ਵਿੱਚ ਜੋ ਨਵੀਂ ਸੰਵੇਦਨਸ਼ੀਲਤਾ ਦੇਖਣ ਨੂੰ ਮਿਲੀ, ਉਹ ਇਹ ਕਿ ਸੰਗਤਾਂ ਇੱਕਜੁੱਟ ਹੋ ਕੇ ਦਰਬਾਰ ਸਾਹਿਬ ਵਿੱਚ ਸਜੀਆਂ ਰਹੀਆਂ। ਪੂਰਾ ਦਰਬਾਰ ਸਾਹਿਬ ਸੰਗਤ ਦੇ ਨਾਲ ਭਰਿਆ ਹੋਇਆ ਸੀ ਅਤੇ ਸੰਗਤਾਂ ਨੇ ਬੱਚਿਆਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਹੋਇਆਂ ਉਨ੍ਹਾਂ ਦੇ ਨਾਲ-ਨਾਲ ਉੱਚੀ ਆਵਾਜ਼ ਦੇ ਵਿੱਚ ਸ੍ਰੀ ਜਪੁਜੀ ਸਾਹਿਬ ਦੇ ਸੈਂਕੜੇ ਸੰਗਤਾਂ ਵੱਲੋਂ ਪਾਠ ਕੀਤੇ ਗਏ ਅਤੇ ਇਸ ਦੇ ਨਾਲ ਹੀ ਦਸਤਾਰ ਅਤੇ ਦੁਮਾਲਾ ਸਜਾਉਣ ਦੇ ਮੁਕਾਬਲੇ ਵੀ ਕਰਵਾਏ ਗਏ। ਦਸਤਾਰ ਮੁਕਾਬਲਿਆਂ ਵਿੱਚ 14 ਸਾਲ ਤੋਂ ਥੱਲੇ ਅਤੇ 14 ਸਾਲ ਤੋਂ ਉੱਪਰ ਦੋ ਗਰੁੱਪ ਬਣਾਏ ਗਏ। ਅਤੇ ਇਹਨਾਂ ਮੁਕਾਬਲਿਆਂ ਵਿੱਚ 14 ਸਾਲ ਤੋਂ ਥੱਲੇ ਵਾਲੇ ਗਰੁੱਪ ਵਿੱਚ ਅਗਮਪ੍ਰੀਤ ਸਿੰਘ ਨੇ ਪਹਿਲਾ, ਹਰਮਨਜੋਤ ਸਿੰਘ ਨੇ ਦੂਜਾ ਅਤੇ ਗੁਰਨੂਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
14 ਸਾਲ ਤੋਂ ਉੱਪਰ ਵਾਲੇ ਗਰੁੱਪ ਵਿੱਚ ਗੁਰਵੀਰ ਸਿੰਘ ਨੇ ਪਹਿਲਾ, ਸਮਰਦੀਪ ਸਿੰਘ ਨੇ ਦੂਜਾ ਅਤੇ ਕਵਲਜੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਦੁਮਾਲਾ ਸਜਾਉਣ ਦੇ ਮੁਕਾਬਲੇ ਵਿੱਚ ਵੀ 12 ਸਾਲ ਤੋਂ ਥੱਲੇ ਅਤੇ 12 ਸਾਲ ਤੋਂ ਉੱਪਰ ਦੋ ਗਰੁੱਪ ਬਣਾਏ ਗਏ। ਜਿਸ ਵਿੱਚ 12 ਸਾਲ ਤੋਂ ਥੱਲੇ ਵਾਲੇ ਗਰੁੱਪ ਵਿੱਚ ਪਹਿਲਾ ਸਥਾਨ ਗੁਰਮਨ ਕੌਰ, ਦੂਜਾ ਸਥਾਨ ਭਵਨੂਰ ਸਿੰਘ ਅਤੇ ਤੀਜਾ ਸਥਾਨ ਬਾਜਵੀਰ ਸਿੰਘ ਨੇ ਹਾਸਿਲ ਕੀਤਾ। ਅਤੇ 12 ਸਾਲ ਤੋਂ ਉੱਪਰ ਵਾਲੇ ਗਰੁੱਪ ਵਿੱਚ ਗੁਰਨੂਰ ਕੌਰ ਪਹਿਲੇ ਸਥਾਨ 'ਤੇ, ਸੰਦੀਪ ਕੌਰ ਦੂਜੇ ਸਥਾਨ 'ਤੇ ਅਤੇ ਹਰਜੋਤ ਕੌਰ ਤੀਜੇ ਸਥਾਨ 'ਤੇ ਰਹੇ। ਬੱਚਿਆਂ ਦੇ ਵਿੱਚ ਇਸ ਪ੍ਰੋਗਰਾਮ ਦੇ ਪ੍ਰਤੀ ਭਰਪੂਰ ਉਤਸ਼ਾਹ ਦੇਖਣ ਨੂੰ ਮਿਲਿਆ। ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਟਰਾਫੀਆਂ ਅਤੇ ਦਸਤਾਰਾਂ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਗੁਰਮਤਿ ਵਿਦਿਆਲੇ ਦੇ ਬੱਚਿਆਂ ਨੂੰ ਬਹੁਤ ਹੀ ਖੂਬਸੂਰਤ ਸਨਮਾਨ ਚਿੰਨ ਜਿਸ ਵਿੱਚ ਓ ਅ ਪੰਜਾਬੀ ਰੁੱਤਾਂ ਅਤੇ ਮਹੀਨਿਆਂ ਦੇ ਨਾਮ ਲਿਖੇ ਹੋਏ ਸਨ, ਦੇ ਕੇ ਸਨਮਾਨ ਕੀਤਾ ਗਿਆ। ਅਤੇ ਬਾਕੀ ਜਿਨਾਂ ਬੱਚਿਆਂ ਨੇ ਸਾਰੇ ਪ੍ਰੋਗਰਾਮਾਂ ਵਿੱਚ ਭਾਗ ਲਿਆ ਸੀ। ਉਹਨਾਂ ਦਾ ਮੈਡਲਾਂ ਨਾਲ ਸਨਮਾਨ ਕੀਤਾ ਗਿਆ। ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਵੱਲੋਂ ਕਲਤੂਰਾ ਸਿੱਖ ਦੇ ਸਾਰੇ ਸੇਵਾਦਾਰਾਂ ਦਾ ਵੀ ਦਸਤਾਰਾਂ ਨਾਲ ਸਨਮਾਨ ਕੀਤਾ ਗਿਆ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ, ਕਲਤੂਰਾ ਸਿੱਖ ਇਟਲੀ ਦੀ ਸਮੁੱਚੀ ਟੀਮ ਅਤੇ ਗੁਰਦੁਆਰਾ ਸਾਹਿਬ ਦੇ ਟੀਚਰ ਸਾਹਿਬਾਨਾਂ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਦਿਲੋਂ ਧੰਨਵਾਦ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
