ਗੁਰਦੁਆਰਾ ਗਲੇਨਵੁੱਡ ਸਾਹਿਬ ਵਿਖੇ ਕਰਵਾਇਆ ਜਾਵੇਗਾ ਗੁਰਬਾਣੀ ਕਥਾ ਕੀਰਤਨ ਪ੍ਰੋਗਰਾਮ

01/24/2019 6:05:03 PM

ਸਿਡਨੀ (ਸਨੀ ਚਾਂਦਪੁਰੀ)- ਗੁਰਦੁਆਰਾ ਗਲੇਨਵੁੱਡ ਸਾਹਿਬ ਵਿਖੇ ਸੋਮਵਾਰ ਤੋਂ ਹਫਤਾਵਾਰੀ ਗੁਰਬਾਣੀ ਕਥਾ ਅਤੇ ਕੀਰਤਨ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਇਨ੍ਹਾਂ ਪ੍ਰੋਗਰਾਮਾਂ ਵਿੱਚ ਪੰਥ ਦੇ ਉੱਘੇ ਕਥਾ ਵਾਚਕਾਂ ਵੱਲੋਂ ਸੰਗਤਾਂ ਨੂੰ ਕੀਰਤਨ ਸਰਵਣ ਕਰਵਾਇਆ ਜਾ ਰਿਹਾ ਹੈ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਕਪਾਟ ਖੁੱਲ੍ਹਣ ਦਾ ਸਮਾਂ ਸਵੇਰੇ 4:30 ਵਜੇ ਦਾ ਹੈ ਤੇ ਉਸ ਤੋਂ ਉਪਰੰਤ ਨਿੱਤ-ਨੇਮ ਅਤੇ ਆਸਾਂ ਦੀ ਵਾਰ ਦੇ ਕੀਰਤਨ ਕੀਤੇ ਜਾਣਗੇ। ਸ਼ਾਮ ਨੂੰ ਰਹਿਰਾਸ ਸਾਹਿਬ ਜੀ ਦੇ ਪਾਠ ਤੋਂ ਬਾਅਦ ਦੀਵਾਨ ਲਗਾਏ ਜਾਣਗੇ।

ਕੱਲ ਦੇ ਦੀਵਾਨ ਕਥਾਵਾਚਕ ਭਾਈ ਬਲਵਿੰਦਰ ਸਿੰਘ ਵੱਲੋਂ ਕਥਾ ਕੀਤੀ ਗਈ ਅਤੇ ਭਾਈ ਚਰਨਜੀਤ ਸਿੰਘ ਵੱਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤ ਨੂੰ ਹਰਿ ਜੱਸ ਸਰਵਣ ਕਰਵਾਇਆ ਗਿਆ। ਉਨ੍ਹਾਂ ਆਪਣੇ ਕੀਰਤਨ ਦੌਰਾਨ ਕਿਹਾ ਕਿ ਗੁਰੂ ਦੀ ਭਗਤੀ ਵਿੱਚ ਇੰਨੀ ਤਾਕਤ ਹੈ ਕਿ ਬੰਦਾ ਹਰ ਔਕੜ ਸਰਲਤਾ ਨਾਲ ਪਾਰ ਪਾ ਲੈਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਗੁਰੂ ਦੀਆਂ ਵਡਿਆਂਈਆਂ ਕਰਦਿਆਂ ਹੀ ਜੀਵਨ ਬਤੀਤ ਕਰਨਾ ਚਾਹੀਦਾ ਹੈ। ਇਸ ਮੌਕੇ ਕਾਫ਼ੀ ਤਾਦਾਦ ਵਿੱਚ ਸੰਗਤ ਗੁਰੂ ਘਰ ਕੀਰਤਨ ਦਾ ਲਾਹਾ ਲੈਣ ਲਈ ਅਤੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ।

ਸ਼ਨੀਵਾਰ ਅਤੇ ਐਤਵਾਰ ਨੂੰ ਗੁਰਬਾਣੀ ਕੀਰਤਨਾਂ ਦੀ ਜਾਣਕਾਰੀ ਦਿੰਦੇ ਹੋਏ ਜਸਵੀਰ ਸਿੰਘ ਥਿੰਦ ਨੇ ਦੱਸਿਆ ਕਿ ਸ਼ਨੀਵਾਰ ਨੂੰ ਕਪਾਟ ਖੁੱਲ੍ਹਣ ਦਾ ਸਮਾਂ ਸਵੇਰੇ 3:30 ਵਜੇ ਦਾ ਹੋਵੇਗਾ। ਉਸ ਉਪਰੰਤ ਨਾਮ ਸਿਮਰਨ ਅਤੇ ਨਿੱਤ-ਨੇਮ ਹੋਵੇਗਾ ਤੇ ਆਸਾਂ ਦੀ ਵਾਰ ਦੇ ਕੀਰਤਨ ਕੀਤੇ ਜਾਣਗੇ। ਸ਼ਾਮ 5:45 ਵਜੇ ਰਹਿਰਾਸ ਸਾਹਿਬ ਦੇ ਪਾਠ ਤੋਂ ਬਾਅਦ ਕੀਰਤਨੀਆਂ ਵੱਲੋਂ ਕੀਰਤਨ ਕੀਤੇ ਜਾਣਗੇ। ਇਸ ਮੌਕੇ ਜਸਵੀਰ ਸਿੰਘ ਥਿੰਦ, ਤਲਵਿੰਦਰ ਸਿੰਘ, ਅਮਰਜੀਤ ਸਿੰਘ, ਕੈਪਟਨ ਸੁਰਿੰਦਰ ਸਿੰਘ ਸੰਧੂ, ਮਹਿੰਗਾ ਸਿੰਘ, ਬਲਵਿੰਦਰ ਸਿੰਘ ਆਦਿ ਤੋਂ ਇਲਾਵਾ ਵੱਡੀ ਤਾਦਾਦ 'ਚ ਸੰਗਤ ਮੌਜੂਦ ਸੀ।


Sunny Mehra

Content Editor

Related News