ਕੈਨੇਡਾ ਨੇ ਗੁਰਬਖਸ਼ ਸਿੰਘ ਮੱਲ੍ਹੀ ਨੂੰ ਕੀਤਾ ਯਾਦ, ਸਿੱਖਾਂ ਨੂੰ ਦਿਵਾਇਆ ਸੀ ਸੰਸਦ ਵਿਚ ਇਹ ਵੱਡਾ ਹੱਕ (ਤਸਵੀਰਾਂ)

06/28/2017 5:02:01 PM

ਟੋਰਾਂਟੋ— ਡੇਢ ਸਦੀ ਪਹਿਲਾਂ ਹੋਂਦ ਵਿਚ ਆਏ ਕੈਨੇਡਾ ਦਾ 150ਵਾਂ ਜਨਮ ਦਿਨ ਮਨਾਉਣ ਲਈ ਦੇਸ਼ ਭਰ ਵਿਚ ਸਮਾਗਮਾਂ ਦੀਆਂ ਤਿਆਰੀਆਂ ਜਾਰੀ ਹਨ। ਇਸ ਮੌਕੇ ਹੈਰੀਟੇਜ਼ ਡਿਪਾਰਟਮੈਂਟ ਦੀ ਕੈਨੇਡੀਅਨ ਰੇਸ ਰਿਲੇਸ਼ਨਜ਼ ਫਾਊਂਡੇਸ਼ਨ ਵੱਲੋਂ ਦੇਸ਼ ਅੰਦਰ ਪ੍ਰਫੁੱਲਤ ਹੋਏ ਵੱਖ-ਵੱਖ ਭਾਈਚਾਰਿਆਂ ਵਿਚੋਂ ਕੈਨੇਡਾ 'ਚ ਵਿਲੱਖਣ ਯੋਗਦਾਨ ਪਾਉਣ ਵਾਲੀਆਂ 150 ਸ਼ਖਸੀਅਤਾਂ ਨੂੰ ਯਾਦ ਕੀਤਾ ਗਿਆ, ਜਿਨ੍ਹਾਂ ਵਿਚ ਸਿੱਖ ਭਾਈਚਰੇ ਵਿਚੋਂ ਪਹਿਲੇ ਦਸਤਾਰਧਾਰੀ ਮੈਂਬਰ ਪਾਰਲੀਮੈਂਟ ਗੁਰਬਖਸ਼ ਸਿੰਘ ਮੱਲ੍ਹੀ ਨੂੰ ਯਾਦ ਕੀਤਾ ਗਿਆ। ਮੱਲ੍ਹੀ 1993 ਤੋਂ2011 ਤੱਕ ਕੈਨੇਡਾ ਵਿਚ ਸੰਸਦ ਮੈਂਬਰ ਰਹੇ ਅਤੇ ਉਹ ਬਰੈਮਲੀ-ਗੋਰ-ਮਾਲਟਨ ਹਲਕੇ ਤੋਂ ਲਗਾਤਾਰ 6 ਵਾਰ ਚੋਣਾਂ ਜਿੱਤੇ ਸਨ। ਮੱਲ੍ਹੀ ਉਹ ਵਿਅਕਤੀ ਸਨ, ਜਿਨ੍ਹਾਂ ਨੇ ਸਿੱਖਾਂ ਨੂੰ ਸੰਸਦ ਅੰਦਰ ਸਿਰ ਢੱਕ ਕੇ ਜਾਣ ਦਾ ਹੱਕ ਦਿਵਾਇਆ ਸੀ। 1993 ਤੱਕ ਕੈਨੇਡਾ ਦੀ ਸੰਸਦ ਵਿਚ ਸਿਰ ਢੱਕ ਕੇ ਜਾਣ ਦੀ ਮਨਾਹੀ ਸੀ ਪਰ ਜਦੋਂ ਉਹ ਚੋਣ ਜਿੱਤੇ ਤਾਂ ਇਹ ਕਾਨੂੰਨ ਖਤਮ ਕਰ ਦਿੱਤਾ ਗਿਆ ਅਤੇ ਉਹ ਪਹਿਲੇ ਵਿਅਕਤੀ ਬਣੇ, ਜੋ ਕੈਨੇਡਾ ਦੀ ਸੰਸਦ ਵਿਚ ਹਾਊਸ ਆਫ ਕਾਮਨਜ਼ ਵਿਚ ਬਿਰਾਜੇ। ਵਿਸਾਖੀ ਅਤੇ ਖਾਲਸਾ ਦੇ ਸਾਜਨਾ ਦਿਵਸ ਮੌਕੇ ਸੰਸਦ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਦਾ ਸ੍ਰੀ ਅਖੰਡ ਸਾਹਿਬ ਪਾਠ ਕਰਵਾਉਣ ਦੀ ਪਰੰਪਰਾ ਵੀ ਸ. ਮੱਲ੍ਹੀ ਦੇ ਯਤਨਾਂ ਨਾਲ ਆਰੰਭ ਹੋਈ ਸੀ, ਜੋ ਹਰ ਸਾਲ ਹੋਰ ਪ੍ਰਭਾਵਸ਼ਾਲੀ ਤਰੀਕੇ ਨਾਲ ਜਾਰੀ ਰੱਖੀ ਜਾ ਰਹੀ ਹੈ।


Kulvinder Mahi

News Editor

Related News