ਗ੍ਰੀਨਲੈਂਡ ਹੋਵੇਗਾ ਅਮਰੀਕਾ ਦਾ ਹਿੱਸਾ, ਕੋਈ ਵਿਚ ਨਹੀਂ ਆਵੇਗਾ : ਸਟੀਫਨ ਮਿਲਰ

Wednesday, Jan 07, 2026 - 09:51 AM (IST)

ਗ੍ਰੀਨਲੈਂਡ ਹੋਵੇਗਾ ਅਮਰੀਕਾ ਦਾ ਹਿੱਸਾ, ਕੋਈ ਵਿਚ ਨਹੀਂ ਆਵੇਗਾ : ਸਟੀਫਨ ਮਿਲਰ

ਇੰਟਰਨੈਸ਼ਨਲ ਡੈਸਕ- ਅਮਰੀਕੀ ਗ੍ਰਹਿ ਮੰਤਰੀ ਦੇ ਸਲਾਹਕਾਰ ਸਟੀਫਨ ਮਿਲਰ ਨੇ ਐਲਾਨ ਕੀਤਾ ਹੈ ਕਿ ਗ੍ਰੀਨਲੈਂਡ ਅਮਰੀਕਾ ਦਾ ਹਿੱਸਾ ਹੋਵੇਗਾ ਅਤੇ ਕਿਸੇ ਵੀ ਦੇਸ਼ ਦੀ ਸਰਹੱਦ ਨੂੰ ਲੈ ਕੇ ਵਾਸ਼ਿੰਗਟਨ ਨਾਲ ਲੜਨ ਦੀ ਲੋੜ ਨਹੀਂ ਹੈ। ਕੋਈ ਵੀ ਵਿਚ ਨਹੀਂ ਆਵੇਗਾ।

ਸੀ. ਐੱਨ. ਐੱਨ. ਵਿਚ ਜੇਕ ਟੈਪਰ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਮਿਲਰ ਨੇ ਸਾਫ਼ ਸ਼ਬਦਾਂ ਵਿਚ ਕਿਹਾ ਕਿ ਗ੍ਰੀਨਲੈਂਡ ਦੇ ਭਵਿੱਖ ਨੂੰ ਲੈ ਕੇ ਕੋਈ ਵੀ ਦੇਸ਼ ਅਮਰੀਕਾ ਨਾਲ ਲੜਾਈ ਨਹੀਂ ਲੜੇਗਾ। ਹਾਲਾਂਕਿ, ਉਹ ਇਸ ਸਵਾਲ ਨੂੰ ਟਾਲ ਗਏ ਕਿ ਕੀ ਅਮਰੀਕਾ ਗ੍ਰੀਨਲੈਂਡ ’ਤੇ ਕਬਜ਼ੇ ਲਈ ਫ਼ੌਜ ਭੇਜੇਗਾ। ਸਟੀਫਨ ਮਿਲਰ ਵ੍ਹਾਈਟ ਹਾਊਸ ਦੇ ਡਿਪਟੀ ਚੀਫ਼ ਆਫ਼ ਸਟਾਫ਼ ਵੀ ਹਨ।

ਵੈਨੇਜ਼ੁਏਲਾ ’ਤੇ ਅਮਰੀਕੀ ਹਮਲੇ ਤੋਂ ਬਾਅਦ ਮਿਲਰ ਦੀ ਪਤਨੀ ਅਤੇ ਪੋਡਕਾਸਟਰ ਕੈਟੀ ਮਿਲਰ ਨੇ ਵੀ ‘ਐਕਸ’ ’ਤੇ ਗ੍ਰੀਨਲੈਂਡ ਦੇ ਨਕਸ਼ੇ ਨੂੰ ਅਮਰੀਕੀ ਝੰਡੇ ਦੇ ਰੰਗ ਵਿਚ ਪੋਸਟ ਕਰ ਕੇ ਲਿਖਿਆ ਸੀ- ‘ਜਲਦ’। ਇਸ ’ਤੇ ਵਿਵਾਦ ਪੈਦਾ ਹੋ ਗਿਆ ਸੀ। ਡੈਨਮਾਰਕ ਅਤੇ ਗ੍ਰੀਨਲੈਂਡ ਦੇ ਪ੍ਰਧਾਨ ਮੰਤਰੀਆਂ ਨੇ ਇਸ ’ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ।

ਡੈਨਮਾਰਕ ਦੇ ਅਧਿਕਾਰ ਦੇ ਦਾਅਵੇ ’ਤੇ ਸਵਾਲ

ਗ੍ਰੀਨਲੈਂਡ ਡੈਨਮਾਰਕ ਸਾਮਰਾਜ ਦਾ ਹਿੱਸਾ ਹੈ ਪਰ ਸਟੀਫਨ ਮਿਲਰ ਨੇ ਸਵਾਲ ਉਠਾਇਆ ਕਿ ਡੈਨਮਾਰਕ ਦੇ ਉਸ ਇਲਾਕੇੇੇ ’ਤੇ ਦਾਅਵੇ ਦਾ ਆਧਾਰ ਕੀ ਹੈ? ਉਹ ਗ੍ਰੀਨਲੈਂਡ ਨੂੰ ਉਪ-ਨਿਵੇਸ਼ ਬਣਾ ਕੇ ਕਿਵੇਂ ਰੱਖ ਸਕਦੇ ਹਨ? ਮਿਲਰ ਅਨੁਸਾਰ ਅਮਰੀਕਾ ਨਾਟੋ ਦੀ ਮੁੱਖ ਸ਼ਕਤੀ ਹੈ। ਅਮਰੀਕਾ ਲਈ ਇਕ ਸੁਰੱਖਿਅਤ ਆਰਕਟਿਕ ਖੇਤਰ ਹੀ ਨਾਟੋ ਅਤੇ ਉਸ ਦੇ ਹਿੱਤਾਂ ਦੀ ਰੱਖਿਆ ਕਰ ਸਕਦਾ ਹੈ। ਇਸ ਲਈ ਗ੍ਰੀਨਲੈਂਡ ਨੂੰ ਅਮਰੀਕਾ ਦਾ ਹਿੱਸਾ ਹੋਣਾ ਚਾਹੀਦਾ ਹੈ। ਰਾਸ਼ਟਰਪਤੀ ਟਰੰਪ ਵੀ ਇਸ ਗੱਲ ਨੂੰ ਕਈ ਮਹੀਨਿਆਂ ਤੋਂ ਕਹਿ ਰਹੇ ਹਨ।


author

cherry

Content Editor

Related News