ਗ੍ਰੀਨਲੈਂਡ ਦਾ ਟਰੰਪ ਨੂੰ ਜਵਾਬ—'ਸਾਡਾ ਟਾਪੂ ਵਿਕਾਊ ਨਹੀਂ'

08/18/2019 12:04:16 PM

ਕੋਪਨਹੇਗਨ— ਗ੍ਰੀਨਲੈਂਡ ਨੇ ਸ਼ਨੀਵਾਰ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਕਿਹਾ ਕਿ ਉਨ੍ਹਾਂ ਦਾ ਟਾਪੂ ਵਪਾਰ ਕਰਨ ਲਈ ਖੁੱਲ੍ਹਾ ਹੈ ਪਰ ਇਹ ਵਿਕਾਊ ਨਹੀਂ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਟਰੰਪ ਨੇ ਗ੍ਰੀਨਲੈਂਡ ਖਰੀਦਣ ਦੀ ਇੱਛਾ ਪ੍ਰਗਟਾਈ ਸੀ। ਵਾਸ਼ਿੰਗਟਨ ਪੋਸਟ ਦੀ ਰਿਪੋਰਟ ਮੁਤਾਬਕ ਟਰੰਪ ਇਸ ਨੂੰ ਲੈ ਕੇ ਗੰਭੀਰ ਹਨ ਅਤੇ ਉਨ੍ਹਾਂ ਨੇ ਇਸ ਸਬੰਧ 'ਚ ਵ੍ਹਾਈਟ ਹਾਊਸ ਦੇ ਸਲਾਹਕਾਰਾਂ ਦੀ ਰਾਇ ਲਈ ਹੈ। ਸਤੰਬਰ 'ਚ ਟਰੰਪ ਕੋਪਨਹੇਗਨ (ਡੈਨਮਾਰਕ) ਦੀ ਯਾਤਰਾ 'ਤੇ ਜਾ ਰਹੇ ਹਨ। ਗ੍ਰੀਨਲੈਂਡ ਡੈਨਮਾਰਕ ਦੇ ਅਧਿਕਾਰ ਖੇਤਰ 'ਚ ਆਉਂਦਾ ਹੈ। 
ਟਰੰਪ ਦੀ ਯੋਜਨਾ ਨੂੰ ਡੈਨਮਾਰਕ ਦੇ ਕਈ ਨੇਤਾਵਾਂ ਨੇ ਵੀ ਖਾਰਜ ਕਰ ਦਿੱਤਾ। ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਲਾਰਸ ਲੋਕੇ ਰਾਸਮੁਸੇਨ ਨੇ ਟਵੀਟ ਕੀਤਾ ,''ਅਮਰੀਕੀ ਰਾਸ਼ਟਰਪਤੀ ਦੀ ਯੋਜਨਾ ਅਪ੍ਰੈਲ ਫੂਲ ਦੇ ਮਜ਼ਾਕ ਤੋਂ ਵਧ ਨਹੀਂ ਹੈ। ਇਹ ਬਕਵਾਸ ਹੈ।''
 

ਸਾਡਾ ਦੋਸਤ ਕੌਣ ਹੈ, ਇਹ ਅਸੀਂ ਤੈਅ ਕਰਾਂਗੇ—
ਉੱਥੇ ਹੀ ਗ੍ਰੀਨਲੈਂਡ ਦੇ ਪ੍ਰੀਮੀਅਰ ਕਿਮ ਕੀਲਸੇਨ ਨੇ ਸਾਫ ਕੀਤਾ,'ਸਾਡਾ ਟਾਪੂ ਅਮਰੀਕਾ ਸਮੇਤ ਕਿਸੇ ਵੀ ਦੇਸ਼ ਨਾਲ ਕਾਰੋਬਾਰ ਲਈ ਖੁੱਲ੍ਹਾ ਹੈ। ਟਾਪੂ ਕਿਸੇ ਵੀ ਤਰ੍ਹਾਂ ਨਾਲ ਵੇਚਿਆ ਨਹੀਂ ਜਾਵੇਗਾ। ਗ੍ਰੀਨਲੈਂਡ ਦੀ ਇਕ ਸੰਸਦ ਮੈਂਬਰ ਆਜਾ ਚੇਮਨਵਿਟਜ ਨੇ ਕਿਹਾ,''ਸਾਡੇ ਟਾਪੂ ਦੇ ਖਰੀਦੇ ਜਾਣ ਦੀ ਯੋਜਨਾ ਲਈ ਟਰੰਪ ਦਾ ਧੰਨਵਾਦ।''
ਅਜਿਹਾ ਪਹਿਲੀ ਵਾਰ ਨਹੀਂ ਹੋਇਆ ਕਿ ਜਦ ਕਿਸੇ ਨੇ ਗ੍ਰੀਨਲੈਂਡ ਨੂੰ ਲੈ ਕੇ ਆਪਣੀ ਇੱਛਾ ਪ੍ਰਗਟਾਈ ਹੋਵੇ। ਇਸ ਤੋਂ ਪਹਿਲਾਂ 1946 'ਚ ਤਤਕਾਲੀ ਅਮਰੀਕੀ ਰਾਸ਼ਟਰਪਤੀ ਹੈਰੀ ਟਰੂਮੈਨ ਨੇ ਡੈਨਮਾਰਕ 'ਚੋਂ 10 ਕਰੋੜ ਡਾਲਰ 'ਚ ਇਸ ਦੇ ਬਰਫੀਲੇ ਟਾਪੂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਸੀ। ਗ੍ਰੀਨਲੈਂਡ ਦੇ ਉੱਤਰੀ-ਪੱਛਮੀ ਖੇਤਰ 'ਚ ਅਮਰੀਕੀ ਹਵਾਈ ਫੌਜ ਦਾ ਅੱਡਾ ਹੈ, ਜਿੱਥੇ ਤਕਰੀਬਨ 600 ਫੌਜੀ ਤਾਇਨਾਤ ਹਨ। ਗ੍ਰੀਨਲੈਂਡ 'ਚ ਲਗਭਗ 57 ਹਜ਼ਾਰ ਲੋਕ ਰਹਿੰਦੇ ਹਨ।


Related News