ਇਟਲੀ 'ਚ 5 ਲੱਖ ਗੈਰ-ਕਾਨੂੰਨੀ ਵਿਦੇਸ਼ੀ ਕਾਮਿਆਂ ਨੂੰ ਜਲਦ ਮਿਲ ਸਕਦੀ ਹੈ ਖੁਸ਼ਖਬਰੀ
Tuesday, May 12, 2020 - 12:29 PM (IST)
ਰੋਮ(ਇਟਲੀ) (ਦਲਵੀਰ ਕੈਂਥ)- ਇਟਲੀ ਵਿਚ ਕੋਰੋਨਾ ਸੰਕਟ ਕਾਰਣ ਦੇਸ਼ ਦੀ ਲੜਖੜਾ ਰਹੀ ਆਰਥਿਕਤਾ ਨੂੰ ਸਥਿਰ ਕਰਨ ਅਤੇ ਸਰਕਾਰੀ ਖਜ਼ਾਨੇ ਨੂੰ ਭਰਨ ਦੇ ਮੱਦੇਨਜ਼ਰ ਇਟਲੀ ਦੀ ਕੌਂਤੇ ਸਰਕਾਰ ਲੱਖਾਂ ਉਹਨਾਂ ਗੈਰ-ਕਾਨੂੰਨੀ ਵਿਦੇਸ਼ੀ ਕਾਮਿਆਂ ਨੂੰ ਪੇਪਰ ਦੇਣ ਜਾ ਰਹੀ ਹੈ, ਜਿਹੜੇ ਕਿ ਪਿਛਲੇ ਕਈ ਸਾਲਾਂ ਤੋਂ ਪੇਪਰ ਨਾ ਹੋਣ ਕਾਰਨ ਇਟਾਲੀਅਨ ਮਾਲਕਾਂ ਦੇ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਸਨ, ਦੂਜਾ ਆਪਣੇ ਪਰਿਵਾਰਾਂ ਤੋਂ ਦੂਰ ਰਹਿਣ ਲਈ ਬੇਵੱਸ ਤੇ ਲਾਚਾਰ ਸਨ।
ਇਟਲੀ ਦੀ ਖੇਤੀਬਾੜੀ ਮੰਤਰੀ ਤੇਰੇਜਾ ਬੈਲਾਨੋਵਾ ਅਤੇ ਗ੍ਰਹਿ ਮੰਤਰੀ ਲੁਚਾਨਾ ਲਾਮੋਰਜੇਸੇ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਹਾਲ ਹੀ ਵਿਚ ਹੋਈ ਕੈਬਨਿਟ ਦੀ ਮੀਟਿੰਗ ਵਿਚ ਇਟਲੀ ਵਿਚ ਰਹਿ ਰਹੇ ਗੈਰ-ਕਾਨੂੰਨੀ ਕਾਮਿਆਂ ਨੂੰ ਪੇਪਰ ਦੇਣ ਦੇ ਪ੍ਰਸਤਾਵ ਨੂੰ ਹਰੀ ਝੰਡੀ ਮਿਲ ਗਈ ਹੈ। ਇਸ ਪ੍ਰਸਤਾਵ 'ਤੇ ਅੱਜ-ਕੱਲ ਵਿਚ ਹੀ ਅਮਲੀ ਕਾਰਵਾਈ ਸ਼ੁਰੂ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ, ਇਸ ਵਿਚ 5 ਲੱਖ ਗੈਰ-ਕਾਨੂੰਨੀ ਕਾਮਿਆਂ ਨੂੰ 6 ਮਹੀਨੇ ਦੀ ਨਿਵਾਸ ਆਗਿਆ ਦਿੱਤੀ ਜਾਵੇਗੀ। ਜਿਹੜੇ ਮਾਲਕ ਗੈਰ-ਕਾਨੂੰਨੀ ਕਾਮਿਆਂ ਨੂੰ ਪੇਪਰ ਦੇਣ ਦੇ ਲਈ ਕੰਮ ਦਾ ਇਕਰਾਰਨਾਵਾਂ ਕਰਨਗੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਜੁਰਮਾਨਾ ਨਹੀਂ ਹੋਵੇਗਾ। ਸਰਕਾਰ ਵਲੋਂ ਗੈਰ-ਕਾਨੂੰਨੀ ਕਾਮਿਆਂ ਨੂੰ ਦਿੱਤੀ ਜਾ ਰਹੀ ਨਿਵਾਸ ਆਗਿਆ ਦੌਰਾਨ ਜੇਕਰ 6 ਮਹੀਨੇ ਤੋਂ ਬਆਦ ਸਬੰਧਤ ਕਾਮੇ ਆਪਣੇ ਕੰਮ ਦਾ ਇਕਰਾਰਨਾਵਾਂ ਦਿੰਦੇ ਹਨ ਤਾਂ ਇਹ ਨਿਵਾਸ ਆਗਿਆ ਅੱਗੇ ਵੱਧ ਜਾਵੇਗੀ। ਅਜਿਹਾ ਨਾ ਹੋਣ ਦੀ ਸੂਰਤ ਵਿਚ ਉਹਨਾਂ ਦੇ ਪੇਪਰ ਰੱਦ ਹੋ ਸਕਦੇ ਹਨ।
ਇਥੇ ਇਹ ਗੱਲ ਜ਼ਿਕਰਯੋਗ ਹੈ ਕਿ ਇਹ ਨਿਵਾਸ ਆਗਿਆ ਇਟਲੀ ਦੇ ਉਹਨਾਂ ਕਾਮਿਆ ਨੂੰ ਹੀ ਮਿਲੇਗੀ, ਜਿਹਨਾਂ ਦਾ ਕੋਈ ਅਪਰਾਧਕ ਰਿਕਾਰਡ ਨਹੀਂ ਹੈ, ਜਿਹਨਾਂ ਲੋਕਾਂ 'ਤੇ ਗੰਭੀਰ ਅਪਰਾਧਾਂ ਨੂੰ ਲੈ ਕੇ ਕੇਸ ਚੱਲ ਰਹੇ ਹਨ ਉਹ ਸਰਕਾਰ ਦੀ ਇਸ ਨੀਤੀ ਦਾ ਕੋਈ ਲਾਭ ਨਹੀਂ ਲੈ ਸਕਣਗੇ। ਇਟਲੀ ਸਰਕਾਰ ਦੇ ਇਸ ਐਲਾਨ ਨਾਲ ਗੈਰ-ਕਾਨੂੰਨੀ ਕਾਮੇ ਜਿਥੇ ਖੁਸ਼ੀ ਨਾਲ ਖੀਵੇ ਹੋਏ ਦਿਖਾਈ ਦੇ ਰਹੇ ਹਨ, ਉਥੇ ਹੀ ਆਖੋਤੀ ਠੱਗ ਏਜੰਟਾਂ ਨੇ ਆਪਣੀਆਂ ਸਰਗਰਮੀਆਂ ਵੀ ਤੇਜ਼ ਕਰ ਦਿੱਤੀਆ ਹਨ।