ਗਲਾਸਗੋ ਯੂਨੀਵਰਸਿਟੀ ਦੇ ਵਿਦਿਆਰਥੀ ਬੇਫਿਕਰੀ ਨਾਲ ਕਰ ਰਹੇ ਪਾਰਟੀਆਂ
Sunday, Sep 27, 2020 - 12:19 PM (IST)

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਵਿਚ ਪਿਛਲੇ ਕਾਫੀ ਦਿਨਾਂ ਤੋਂ ਸੈਂਕੜੇ ਵਿਦਿਆਰਥੀ ਕੋਰੋਨਾ ਵਾਇਰਸ ਤੋਂ ਪੀੜਿਤ ਹੋਏ ਹਨ ਅਤੇ ਇਕਾਂਤਵਾਸ ਵਿਚ ਵੀ ਹਨ। ਉਨ੍ਹਾਂ ਦੁਆਰਾ ਇਕੱਠ ਕਰਨ 'ਤੇ ਹੋਰ ਸਮਾਜਕ ਗਤੀਵਿਧੀਆਂ ਕਰਨ ਦੀ ਮਨਾਹੀ ਦੇ ਬਾਵਜੂਦ ਵਿਦਿਆਰਥੀ ਇਕੱਠੇ ਹੋ ਕੇ ਪਾਰਟੀਆਂ ਕਰ ਰਹੇ ਹਨ।
ਇਸ ਸੰਬੰਧ ਵਿਚ ਸਕਾਟਲੈਂਡ ਪੁਲਸ ਨੇ ਸ਼ਨੀਵਾਰ ਸਵੇਰੇ ਤੜਕੇ ਗਲਾਸਗੋ ਮੁਰਾਨੋ ਸਟਰੀਟ ਸਟੂਡੈਂਟ ਵਿਲੇਜ ਯੂਨੀਵਰਸਟੀ ਵਿਖੇ ਚੱਲ ਰਹੀਆਂ ਵਿਦਿਆਰਥੀ ਪਾਰਟੀਆਂ ਵਿਚ ਸ਼ਿਰਕਤ ਕੀਤੀ ਅਤੇ ਉਨ੍ਹਾਂ ਨੂੰ ਪਾਰਟੀ ਕਰਨ ਤੋਂ ਰੋਕਿਆ। ਇਸ ਦੇ ਸਿੱਟੇ ਵਜੋਂ ਵਿਦਿਆਰਥੀ ਖਿੰਡ ਗਏ ਤੇ ਕਿਸੇ ਕਾਰਵਾਈ ਦੀ ਲੋੜ ਨਹੀਂ ਪਈ।
ਵਿਦਿਆਰਥੀਆਂ ਨੂੰ ਵਾਇਰਸ ਦੇ ਮੱਦੇਨਜ਼ਰ ਇਹ ਵੀ ਦੱਸਿਆ ਗਿਆ ਸੀ ਕਿ ਉਹ ਹਫਤੇ ਦੇ ਅੰਤ ਵਿਚ ਆਪਣੇ ਪਰਿਵਾਰਾਂ ਨੂੰ ਮਿਲਣ ਜਾਂ ਪੱਬਾਂ ਅਤੇ ਰੈਸਟੋਰੈਂਟਾਂ ਵਿਚ ਨਹੀਂ ਜਾ ਸਕਦੇ। ਉਨ੍ਹਾਂ ਨੂੰ ਆਪਣੇ ਵਿਦਿਆਰਥੀ ਫਲੈਟਾਂ ਦੀ ਸੀਮਾ ਵਿਚ ਰਹਿਣ ਲਈ ਕਿਹਾ ਗਿਆ ਹੈ ਅਤੇ ਨਿਯਮਾਂ ਦੀ ਉਲੰਘਣਾ ਕਰਨ ਤੇ “ਗੰਭੀਰ ਅਨੁਸ਼ਾਸਨੀ ਕਾਰਵਾਈ” ਹੋ ਸਕਦੀ ਹੈ।