ਜੀ. ਐੱਚ ਜੀ. ਅਕੈਡਮੀ ਵੱਲੋਂ ਕਰਵਾਏ 15ਵੇਂ ਸਾਲਾਨਾ ਅੰਤਰਰਾਸ਼ਟਰੀ ਯੁਵਕ ਮੇਲੇ ਨੇ ਛੱਡੀਆਂ ਅਮਿੱਟ ਪੈੜਾਂ
Wednesday, Jul 30, 2025 - 06:05 AM (IST)

ਫਰਿਜ਼ਨੋ, ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ) : ਜੀ. ਐੱਚ ਜੀ. ਡਾਂਸ ਅਤੇ ਸੰਗੀਤ ਅਕੈਡਮੀ ਫਰਿਜ਼ਨੋ ਵੱਲੋਂ 15ਵਾਂ ਸਾਲਾਨਾ ਅੰਤਰਰਾਸ਼ਟਰੀ ਯੁਵਕ ਮੇਲਾ ਫਰਿਜ਼ਨੋ ਦੇ “ਵਿਲੀਅਮ ਸਰੋਏਨ ਥੀਏਟਰ” (William Saroyan Theater) ਵਿੱਚ ਕਰਵਾਇਆ ਗਿਆ। ਜਿਸ ਦੀ ਸ਼ੁਰੂਆਤ ਜੀ. ਐੱਚ ਜੀ. ਖਾਲਸਾ ਦੀ ਚੱਲੀ ਆ ਰਹੀ ਮਰਿਯਾਦਾ ਅਨੁਸਾਰ ਸਭ ਨੇ ਰਲ ਕੇ ਪ੍ਰੋਗਰਾਮ ਦੀ ਸਫਲਤਾ ਲਈ ਅਰਦਾਸ ਕੀਤੀ। ਇਸ ਉਪਰੰਤ ਪੰਜਾਬੀ ਸੱਭਿਆਚਾਰ ਨੂੰ ਸਿਜਦਾ ਕਰਦੇ ਹੋਏ ਗਿੱਧੇ ਅਤੇ ਭੰਗੜੇ ਦਾ ਦੌਰ ਵਿੱਚ ਪਹਿਲਾਂ ਜੀ. ਐੱਚ ਜੀ. ਅਕੈਡਮੀ ਦੇ ਵੱਲੋਂ ਤਿਆਰ ਟੀਮਾਂ ਦੇ ਬੱਚਿਆਂ ਦੀਆਂ ਟੀਮਾਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਇਸ ਸਮੇਂ ਅਕੈਡਮੀ ਦੇ ਕੈਂਪ ਦੌਰਾਨ ਸਿਖਲਾਈ ਪ੍ਰਾਪਤ 500 ਤੋਂ ਵਧੀਕ ਬੱਚਿਆਂ ਦੀਆਂ ਟੀਮਾਂ ਨੇ ਸਟੇਜ ਤੋਂ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਨ੍ਹਾਂ ਵਿੱਚ 20 ਸਥਾਨਕ ਕੈਂਪ ਦੀਆਂ 8 ਅੰਤਰਰਾਸ਼ਟਰੀ ਪੱਧਰ ਦੀਆਂ ਟੀਮਾਂ ਸਾਮਲ ਸਨ। ਸਮੂਹ ਪੇਸ਼ਕਾਰੀ ਕਰਨ ਵਾਲੇ ਬੱਚਿਆਂ ਨੂੰ ਅਕੈਡਮੀ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਇਸ ਸਮੇਂ ਅੰਤਰਰਾਸ਼ਟਰੀ ਯੁਵਕ ਮੇਲੇ ਦੇ ਚੱਲੇ ਭੰਗੜੇ ਦੇ ਮੁਕਾਬਲੇ ਦੇ ਮਹਾਂ ਯੁੱਧ ਵਿੱਚ ਅਮਰੀਕਾ ਅਤੇ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਦੀਆਂ ਟੀਮਾਂ ਨੇ ਪੂਰੇ ਜੋਸ਼ ਅਤੇ ਚੜ੍ਹਦੀ ਕਲਾ ਨਾਲ ਭੰਗੜੇ ਦੇ ਮੁਕਾਬਲੇ ਕਰਦੇ ਹੋਏ ਖੂਬ ਕਲਾ ਦਾ ਪ੍ਰਦਰਸ਼ਨ ਅਤੇ ਹਾਜ਼ਰੀਨ ਦਾ ਮਨੋਰੰਜਨ ਕੀਤਾ।
ਇਹ ਵੀ ਪੜ੍ਹੋ : ਭਾਰਤ High ਅਮਰੀਕੀ ਟੈਰਿਫ ਲਈ ਤਿਆਰ! ਵਿਆਪਕ ਵਪਾਰ ਸਮਝੌਤੇ 'ਤੇ ਨਜ਼ਰਾਂ
ਇਹ ਅੰਤਰਰਾਸ਼ਟਰੀ ਪੱਧਰ ਦੀਆਂ ਟੀਮਾਂ ਦੇ ਮੁਕਾਬਲੇ ਬੜੇ ਦਿਲਚਸਪ ਸਨ। ਸਭ ਟੀਮਾਂ ਨੇ ਆਪਣੀ ਪੂਰੀ ਤਿਆਰੀ ਨਾਲ ਪੇਸ਼ਕਾਰੀ ਕੀਤੀ। ਆਪਸੀ ਮੁਕਾਬਲੇ ਵਿੱਚ ਕੁਝ ਨੰਬਰਾਂ ਦੇ ਹਿਸਾਬ ਨਾਲ ਹੀ ਇੱਕ-ਦੂਜੇ ਤੋਂ ਫ਼ਰਕ ਨਾਲ ਰਹੇ। ਟੀਮਾਂ ਲਈ ਇਨਾਮ ਵੱਖ-ਵੱਖ ਸਪਾਂਸਰਾਂ ਵੱਲੋਂ ਦਿੱਤੇ ਗਏ। ਅੰਤਰਰਾਸ਼ਟਰੀ ਟੀਮਾਂ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ “ਆਪਣਾ ਭੰਗੜਾ ਕਰਿਓ” ਸਿਆਟਲ ਤੋਂ ਆਈ ਟੀਮ ਨੂੰ ਸ਼ਾਨ-ਏ-ਪੰਜਾਬ ਸਟੋਰ ਵੱਲੋਂ ਸਪਾਂਸਰ ਕੀਤਾ ਗਿਆ. ਜਦਕਿ ਦੂਜਾ ਸਥਾਨ “ਸ਼ੌਂਕੀ ਜਵਾਨੀ ਦਾ” ਮਿਸ਼ੀਗਨ ਦੀ ਟੀਮ ਨੂੰ ਜਸਪ੍ਰੀਤ ਸਿੰਘ ਅਟਾਰਨੀ ਵੱਲੋਂ ਸਪਾਂਸਰ ਗਿਆ ਅਤੇ ਤੀਜਾ ਸਥਾਨ “ਗੱਭਰੂ ਯੂਨਿਟ” ਬੇ-ਏਰੀਆ ਵੱਲੋਂ ਪ੍ਰਾਪਤ ਕੀਤਾ, ਜੋ ਜਗਦੀਪ ਸਿੰਘ ਇੰਸੋਰੈਂਸ ਵੱਲੋਂ ਸਪਾਂਸਰ ਗਿਆ ਸੀ। ਇਸ ਸਮੇਂ ਬੈਸਟ ਡਾਂਸਰ ਫੀਮੇਲ ਦਾ ਖਿਤਾਬ ਕੈਨੇਡਾ ਤੋਂ ਕੋਹੇਨੂਰ ਟੀਮ ਦੀ ਹਰਨੂਰ ਕੌਰ ਨੇ ਜਿੱਤਿਆ ਜਦਕਿ ਬੈਸਟ ਮੇਲ ਡਾਂਸਰ ਦਾ ਖਿਤਾਬ ਗੱਭਰੂ ਯੂਨਿਟ ਦੇ ਮਨਸੁੱਖ ਨੇ ਜਿੱਤਿਆ। ਇਸੇ ਤਰ੍ਹਾਂ ਬੈਸਟ ਜੋੜੀ ਦਾ ਰੁਤਬਾ ਆਪਣਾ ਭੰਗੜਾ ਕਰਿਉ ਦੇ ਈਸ਼ਰ ਅਤੇ ਜੱਸੀ ਨੇ ਪ੍ਰਾਪਤ ਕੀਤਾ ਜਦਕਿ ਬੈਸਟ ਮਿਕਸ “ਸ਼ੌਕ ਜਵਾਨੀ ਦਾ” ਮਿਸੀਗਨ ਨੇ ਪ੍ਰਾਪਤ ਕੀਤਾ। ਹੁਣ ਸਾਰਾ ਸਾਲ ਆਪਣੇ ਸਟੂਡੀੳ ਵਿੱਚ ਭੰਗੜਾ ਸਿਖਲਾਈ ਦੇਣ ਵਾਲੀ ਜੀ. ਐੱਚ ਜੀ. ਅਕੈਡਮੀ ਦੇ ਸਿੱਖਿਆਰਥੀਆਂ ਦੀ ਟੀਮ ਨੇ ਵੀ ਹਮੇਸ਼ਾ ਵਾਂਗ ਬਾ-ਕਮਾਲ ਪੇਸ਼ਕਾਰੀ ਕੀਤੀ। ਜਿਸ ਵਿੱਚ ਭੰਗੜੇ ਤੋਂ ਇਲਾਵਾ ਬਾਬਿਆਂ ਦਾ “ਮਲਵਈ ਗਿੱਧਾ” ਅਤੇ “ਮਾਵਾਂ ਦਾ ਗਿੱਧਾ” ਦੀ ਪੇਸ਼ਕਾਰੀ ਨੇ ਪੰਜਾਬੀ ਸੱਭਿਆਚਾਰ ਦੀ ਅਸਲ ਤਸਵੀਰ ਪੇਸ਼ ਕਰਦੇ ਹੋਏ ਰੂਬ ਰੰਗ ਬੰਨੇ। ਇਸੇ ਤਰਾਂ ਸਭ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਸਨਮਾਨ ਚਿੰਨ੍ਹ ਦਿੱਤੇ ਗਏ।
ਇਹ ਵੀ ਪੜ੍ਹੋ : ਸਵਿਸ ਬੈਂਕਾਂ 'ਚ ਭਾਰਤੀਆਂ ਦੀ ਕਿੰਨੀ ਹੈ ਜਮ੍ਹਾਂ-ਪੂੰਜੀ? ਸਰਕਾਰ ਨੇ ਸੰਸਦ 'ਚ ਦਿੱਤੀ ਪੂਰੀ ਜਾਣਕਾਰੀ
ਸਮੁੱਚੇ ਪ੍ਰੋਗਰਾਮ ਦੌਰਾਨ ਸਟੇਜ ਸੰਚਾਲਨ ਦੀ ਮੁੱਖ ਭੂਮਿਕਾ ਬੀਬੀ ਆਸ਼ਾ ਸ਼ਰਮਾ ਨੇ ਹਮੇਸ਼ਾ ਵਾਂਗ ਬਾਖੂਬੀ ਨਿਭਾਈ ਜਦਕਿ ਉਨ੍ਹਾਂ ਦਾ ਸਾਥ ਅਕੈਡਮੀ ਦੇ ਸਰਗਰਮ ਨੌਜਵਾਨ ਆਗੂ ਗੁਰਦੀਪ ਸ਼ੇਰਗਿੱਲ ਅਤੇ ਜਸਪ੍ਰੀਤ ਸਿੱਘ ਸਿੱਧੂ ਨੇ ਦਿੱਤਾ। ਇਸ ਸਮੁੱਚੇ ਕਾਰਜ ਨੂੰ ਨੇਪਰੇ ਚਾੜ੍ਹਨ ਵਿੱਚ ਸਭ ਪ੍ਰਬੰਧਕ ਵਧਾਈ ਦੇ ਪਾਤਰ ਹਨ ਜਿਸ ਤੋਂ ਸਭ ਹਾਜ਼ਰੀਨ ਬਹੁਤ ਖੁਸ਼ ਸਨ। ਅੱਜ ਦੇ ਸਮੇਂ ਅੰਦਰ ਬੱਚਿਆਂ ਨੂੰ ਘਰ ਦੀ ਚਾਰਦੀਵਾਰੀ ਤੋਂ ਬਾਹਰ ਕੱਢ ਵੀਡੀੳ ਗੇਮ ਵਰਗੀ ਆਦਤ ਤੋਂ ਦੂਰ ਕਰਨਾ ਅਤੇ ਆਪਣੇ ਸੱਭਿਆਚਾਰਕ ਵਿਰਸੇ ਅਤੇ ਧਰਮ ਨਾਲ ਜੋੜਨ ਦਾ ਇਹ ਇਕ ਪ੍ਰਬੰਧਕਾਂ ਦਾ ਬਹੁਤ ਵੱਡਾ ਉਪਰਾਲਾ ਹੈ। ਅਜਿਹੇ ਪ੍ਰੋਗਰਾਮ ਹੀ ਪੰਜਾਬੀ ਸੱਭਿਆਚਾਰ ਅਤੇ ਬੋਲੀ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਚੱਲਦੇ ਰੱਖਣ ਵਿੱਚ ਬਹੁਤ ਸਹਾਇਕ ਹੋਣਗੇ। ਵੀਡੀਓ ਸੇਵਾਵਾਂ ਸਿੰਘ ਪ੍ਰੋਡਕਸ਼ਨ ਵੱਲੋਂ ਨਿਭਾਈਆਂ ਗਈਆਂ। ਇਸ ਸਮੁੱਚੇ ਕਾਰਜ ਲਈ ਪਰਮਜੀਤ ਸਿੰਘ ਧਾਲੀਵਾਲ, ਉਦੈਦੀਪ ਸਿੰਘ ਸਿੱਧੂ, ਗੁਰਦੀਪ ਸਿੰਘ ਸ਼ੇਰਗਿੱਲ ਅਤੇ ਸਮੂੰਹ ਪ੍ਰਬੰਧਕ ਵਧਾਈ ਦੇ ਪਾਤਰ ਹਨ। ਅੰਤ ਆਪਣੀਆਂ ਅਮਿੱਟ ਪੈੜਾਂ ਛੱਡਦਾ ਹੋਇਆ ਇਹ ਅੰਤਰਰਾਸ਼ਟਰੀ ਯੁਵਕ ਮੇਲਾ ਯਾਦਗਾਰੀ ਹੋ ਨਿਬੜਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8