ਚੀਨ ਦੇ ਸਤਾਏ ਉਈਗਰਾਂ ਨੂੰ ਸ਼ਰਣਾਰਥੀਆਂ ਵਜੋਂ ਸਵਿਕਾਰ ਕਰਨ ਦੇਸ਼ : ਜਰਮਨੀ

10/08/2020 12:42:45 PM

ਬਰਲਿਨ- ਸੰਯੁਕਤ ਰਾਸ਼ਟਰ (ਯੂ. ਐੱਨ.) ਵਿਚ ਜਰਮਨੀ ਤੇ 38 ਹੋਰ ਦੇਸ਼ਾਂ ਨੇ ਚੀਨ ਨੂੰ ਉਈਗਰਾਂ 'ਤੇ ਤਸ਼ੱਦਦ ਢਾਹੁਣ ਦੇ ਮਾਮਲੇ ਵਿਚ ਘੇਰਿਆ। ਉਨ੍ਹਾਂ ਕਿਹਾ ਕਿ ਚੀਨ ਉਈਗਰ ਮੁਸਲਮਾਨਾਂ ’ਤੇ ਅੱਤਿਆਚਾਰ ਕਰ ਰਿਹਾ ਹੈ। ਉਨ੍ਹਾਂ ਦੁਨੀਆ ਨੂੰ ਉਈਗਰ ਮੁਸਲਮਾਨਾਂ ਨੂੰ ਸ਼ਰਣਾਰਥੀਆਂ ਦੇ ਰੂਪ ਵਿਚ ਸਵਿਕਾਰ ਕਰਨ ਦੀ ਅਪੀਲ ਕੀਤੀ। ਬਰਲਿਨ ਦੇ ਅੰਬੈਸਡਰ ਨੇ ਯੂ. ਐੱਨ. 'ਚ ਕਿਹਾ ਕਿ ਚੀਨ ਵਲੋਂ ਅਜਿਹਾ ਕਰਨਾ ਬੇਹੱਦ ਦੁੱਖ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਸ਼ਿਨਜਿਆਂਗ 10 ਮਿਲੀਅਨ ਉਈਗਰਾਂ ਦਾ ਘਰ ਹੈ। ਸਿਨਜਿਆਂਗ ਦੀ ਲਗਭਗ 45 ਫੀਸਦੀ ਆਬਾਦੀ ਵਾਲੇ ਤੁਰਕ ਮੁਸਲਿਮ ਸਮੂਹ ਨੇ ਲੰਬੇ ਸਮੇਂ ਤੋਂ ਚੀਨ ਦੇ ਅਧਿਕਾਰੀਆਂ 'ਤੇ ਸੱਭਿਆਚਾਰਕ, ਧਾਰਮਿਕ ਤੇ ਆਰਥਿਕ ਭੇਦਭਾਵ ਦੇ ਦੋਸ਼ ਲਾਏ ਹਨ। ਯੂ. ਐੱਨ. ’ਚ ਬਰਲਿਨ ਦੇ ਰਾਜਦੂਤ ਕ੍ਰਿਸਟੋਫ ਹੇਯੁਸਗੇਨ ਵਲੋਂ ਇਹ ਬਿਆਨ ਪੜ੍ਹੇ ਜਾਣ ਦੇ ਤੁਰੰਤ ਬਾਅਦ ਪਾਕਿਸਤਾਨ ਨੇ ਚੀਨ ਦੇ ਕਰਜ਼ੇ ’ਚ ਫਸੇ 55 ਦੇਸ਼ਾਂ ਵਲੋਂ ਡ੍ਰੈਗਨ ਦਾ ਬਚਾਅ ਕੀਤਾ ਅਤੇ ਹਾਂਗਕਾਂਗ ’ਚ ਦਖਲਅੰਦਾਜ਼ੀ ਦਾ ਵਿਰੋਧ ਕੀਤਾ। 

ਜਰਮਨੀ ਸਣੇ ਪੱਛਮੀ ਦੇਸ਼ਾਂ ਨੇ ਸ਼ਿੰਜਿਯਾਂਗ ਅਤੇ ਤਿੱਬਤ ’ਚ ਘੱਟ-ਗਿਣਤੀ ਸਮੂਹਾਂ ’ਤੇ ਢਾਏ ਜਾ ਰਹੇ ਜ਼ੁਲਮਾਂ ਸਬੰਧੀ ਆਵਾਜ਼ ਉਠਾਈ। ਇਹੋ ਨਹੀਂ ਹਾਂਗਕਾਂਗ ’ਚ ਨਵੇਂ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਮਨੁੱਖੀ ਅਧਿਕਾਰਾਂ ’ਤੇ ਪੈਣ ਵਾਲੇ ਬੁਰੇ ਪ੍ਰਭਾਵ ’ਤੇ ਚਿੰਤਾ ਵੀ ਪ੍ਰਗਟਾਈ। ਅਮਰੀਕਾ, ਕਈ ਯੂਰਪੀ ਦੇਸ਼ਾਂ, ਜਾਪਾਨ ਅਤੇ ਹੋਰਨਾਂ ਨੇ ਚੀਨ ਨੂੰ ਕਿਹਾ ਕਿ ਉਹ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰਮੁੱਖ ਮਿਸ਼ੇਲ ਬੇਚਲੇਟ ਅਤੇ ਆਜ਼ਾਦ ਸੁਪਰਵਾਇਜਰਾਂ ਨੂੰ ਸ਼ਿੰਜਿਯਾਂਗ ’ਚ ਬਿਨਾਂ ਰੋਕ-ਟੋਕ ਦੇ ਜਾਣ ਦੇਵੇ। ਨਾਲ ਹੀ ਉਈਗਰ ਮੁਸਲਮਾਨਾਂ ਅਤੇ ਘੱਟ ਗਿਣਤੀ ਭਾਈਚਾਰੇ ਦੇ ਹੋਰ ਮੈਂਬਰਾਂ ਨੂੰ ਕੈਦ ’ਚ ਪਾਉਣਾ ਬੰਦ ਕਰੇ।

ਸੰਯੁਕਤ ਰਾਸ਼ਟਰ ਮਹਾਸਾਭ ਦੀ ਮਨੁੱਖੀ ਅਧਿਕਾਰ ਕਮੇਟੀ ਦੀ ਇਕ ਬੈਠਕ ’ਚ 39 ਦੇਸ਼ਾਂ ਨੇ ਸੰਯੁਕਤ ਤੌਰ ’ਤੇ ਜਾਰੀ ਬਿਆਨ ’ਚ ਚੀਨ ਨੂੰ ਕਿਹਾ ਕਿ ਹਾਂਗਕਾਂਗ ਦੀ ਖੁਦ ਮੁਖਤਿਆਰੀ, ਆਜ਼ਾਦੀ ਦੇ ਅਧਿਕਾਰ ਨੂੰ ਬਹਾਲ ਕੀਤਾ ਜਾਵੇ ਅਤੇ ਉਥੋਂ ਦੀ ਨਿਆਂਪਾਲਿਕਾ ਦੀ ਆਜ਼ਾਦੀ ਦਾ ਸਨਮਾਨ ਕੀਤਾ ਜਾਵੇ।ਇਸ ਦੇ ਬਾਅਦ ਕਿਊਬਾ ਨੇ 45 ਦੇਸ਼ਾਂ ਵਲੋਂ ਬਿਆਨ ਪੜ੍ਹਦੇ ਹੋਏ ਚੀਨ ਦੇ ਅੱਤਵਾਦ ਅਤੇ ਕੱਟੜਤਾ ਦੇ ਖਿਲਾਫ ਚੁੱਕੇ ਗਏ ਕਦਮਾਂ ਦਾ ਸਮਰਥਨ ਕੀਤਾ। ਜ਼ਿਕਰਯੋਗ ਹੈ ਕਿ ਚੀਨ ਇਸੇ ਨਾਂ ’ਤੇ ਦੇਸ਼ ’ਚ ਉਈਗਰ ਮੁਸਲਮਾਨਾਂ ਦਾ ਸ਼ੋਸ਼ਣ ਕਰ ਰਿਹਾ ਹੈ।


Lalita Mam

Content Editor

Related News