ਕੋਰੋਨਾ ਦਾ ਕਹਿਰ, ਜਰਮਨੀ ''ਚ 28 ਮਾਰਚ ਤੱਕ ਵਧੀ ਤਾਲਾਬੰਦੀ
Thursday, Mar 04, 2021 - 10:36 AM (IST)
ਬਰਲਿਨ (ਭਾਸ਼ਾ): ਜਰਮਨੀ ਨੇ ਦੇਸ਼ ਵਿਚ ਕੋਰੋਨਾ ਵਾਇਰਸ ਨਾਲ ਨਜਿੱਠਣ ਦੇ ਮੱਦੇਨਜ਼ਰ ਲੱਗੀ ਤਾਲਾਬੰਦੀ ਨੂੰ ਹੋਰ ਤਿੰਨ ਹਫ਼ਤੇ ਮਤਲਬ 28 ਮਾਰਚ ਤੱਕ ਵਧਾਉਣ ਦਾ ਫ਼ੈਸਲਾ ਲਿਆ ਹੈ ਭਾਵੇਂਕਿ ਇਸ ਦੌਰਾਨ ਕੁਝ ਪਾਬੰਦੀਆਂ ਵਿਚ ਛੋਟ ਦਿੱਤੀ ਜਾਵੇਗੀ। ਜਰਮਨੀ ਦੀ ਚਾਂਸਲਰ ਐਂਜਲਾ ਮਰਕੇਲ ਅਤੇ ਦੇਸ਼ ਵਿਚ 16 ਰਾਜਾਂ ਦੇ ਗਵਰਨਰਾਂ ਦਰਮਿਆਨ ਬੁੱਧਵਾਰ ਨੂੰ ਕਰੀਬ 9 ਘੰਟੇ ਤੱਕ ਗੱਲਬਾਤ ਹੋਈ।ਇਸ ਦੌਰਾਨ ਕੋਰੋਨਾ ਵਾਇਰਸ ਦੇ ਨਵੇਂ ਰੂਪ ਦੇ ਵੱਧਦੇ ਖਤਰੇ ਅਤੇ ਸਧਾਰਨ ਜੀਵਨ ਨੂੰ ਪਟੜੀ 'ਤੇ ਲਿਆਉਣ ਸਬੰਧੀ ਚਰਚਾ ਹੋਈ।
ਦੇਸ਼ ਵਿਚ ਪਿਛਲੇ ਹਫ਼ਤੇ ਵਿਦਿਆਰਥੀਆਂ ਲਈ ਪ੍ਰਾਇਮਰੀ ਪੱਧਰ ਤੱਕ ਦੇ ਸਕੂਲ ਖੋਲ੍ਹ ਦਿੱਤੇ ਗਏ ਸਨ। ਉੱਥੇ ਕਰੀਬ ਢਾਈ ਮਹੀਨੇ ਬਾਅਦ ਸੋਮਵਾਰ ਨੂੰ 'ਹੇਅਰਡ੍ਰੈਸਰ' ਕੰਮ 'ਤੇ ਪਰਤੇ। ਬੈਠਕ ਵਿਚ ਤੈਅ ਕੀਤੇ ਗਏ ਤਾਲਾਬੰਦੀ ਦੇ ਨਵੇਂ ਨਿਯਮ ਦੇਸ਼ ਵਿਚ ਐਤਵਾਰ ਤੋਂ ਲਾਗੂ ਕੀਤੇ ਜਾਣਗੇ। ਮਰਕੇਲ ਅਤੇ ਰਾਜਾਂ ਦੇ ਗਵਰਨਰਾਂ ਨੇ ਬੁੱਧਵਾਰ ਨੂੰ ਪਾਬੰਦੀਆਂ ਵਿਚ ਢਿੱਲ ਦੇਣ ਦੀ ਇਕ ਲੜੀਬੱਧ ਯੋਜਨਾ ਵੀ ਤਿਆਰ ਕੀਤੀ। ਬਰਲਿਨ ਵਿਚ ਮਰਕੇਲ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਹ ਕਦਮ ਸਾਨੂੰ ਅੱਗੇ ਵੱਲ ਲਿਜਾਣ ਲਈ ਹੋਣੇ ਚਾਹੀਦੇ ਹਨ ਪਰ ਨਾਲ ਹੀ ਇਸ ਨਾਲ ਵਾਇਰਸ ਨਾਲ ਨਜਿੱਠਣ ਦੀ ਦਿਸ਼ਾਂ ਵਿਚ ਹੁਣ ਤੱਕ ਹਾਸਲ ਹੋਈ ਤਰੱਕੀ ਪ੍ਰਭਾਵਿਤ ਨਹੀਂ ਹੋਣੀ ਚਾਹੀਦੀ। ਉਹਨਾਂ ਨੇ ਕਿਹਾ,''ਯੂਰਪ ਵਿਚ ਤੀਜੀ ਲਹਿਰ ਦੇ ਕਈ ਭਿਆਨਕ ਉਦਾਹਰਨ ਮੌਜੂਦ ਹਨ।''
ਪੜ੍ਹੋ ਇਹ ਅਹਿਮ ਖਬਰ- ਕੈਨੇਡਾ ਨੇ ਕੋਰੋਨਾ ਵੈਕਸੀਨ ਦੀਆਂ 5 ਲੱਖ ਖੁਰਾਕਾਂ ਭੇਜਣ ਲਈ ਭਾਰਤ ਦਾ ਕੀਤਾ ਧੰਨਵਾਦ
ਮਰਕੇਲ ਨੇ ਸੰਕਲਪ ਲਿਆ ਕਿ 2021 ਦਾ ਬਸੰਤ ਪਿਛਲੇ ਸਾਲ ਦੇ ਬਸੰਤ ਤੋਂ ਵੱਖ ਹੋਵੇਗਾ। ਉਹਨਾਂ ਨੇ ਦੱਸਿਆ ਕਿ ਜਿਹੜੇ ਖੇਤਰਾਂ ਵਿਚ ਇਨਫੈਕਸ਼ਨ ਦੇ ਮਾਮਲੇ ਘੱਟ ਹਨ ਉੱਥੇ ਗੈਰ ਜ਼ਰੂਰੀ ਸਾਮਾਨ ਦੀਆਂ ਦੁਕਾਨਾਂ, ਮਿਊਜ਼ੀਅਮ ਅਤੇ ਹੋਰ ਕੇਂਦਰ ਸੀਮਤ ਸਮੇਂ ਲਈ ਖੁੱਲ੍ਹਣਗੇ। ਜ਼ਿਆਦਾਤਰ ਦੁਕਾਨਾਂ ਦੇਸ਼ ਵਿਚ 16 ਦਸੰਬਰ ਨੂੰ ਲਾਗੀ ਕੀਤੀ ਗਈ ਤਾਲਾਬੰਦੀ ਦੇ ਸਮੇਂ ਤੋਂ ਹੀ ਬੰਦ ਹਨ। ਉੱਥੇ ਰੈਸਟੋਰੈਂਟ, ਬਾਰ, ਖੇਡ ਕੇਂਦਰ ਆਦਿ ਪਿਛਲੇ ਸਾਲ 2 ਨਵੰਬਰ ਤੋਂ ਬੰਦ ਹਨ। ਹੋਟਲਾਂ ਨੂੰ ਸਿਰਫ ਕਾਰੋਬਾਰ ਲਈ ਯਾਤਰਾ ਕਰਨ ਵਾਲੇ ਲੋਕਾਂ ਨੂੰ ਠਹਿਰਾਉਣ ਦੀ ਇਜਾਜ਼ਤ ਦਿੱਤੀ ਗਈ ਸੀ।
ਜਰਮਨੀ ਦੇ ਰਾਸ਼ਟਰੀ ਰੋਗ ਕੰਟਰੋਲ ਕੇ ਰੌਬਰਟ ਕੋਚ ਨੇ ਬੁੱਧਵਾਰ ਨੂੰ ਦੱਸਿਆ ਕਿ ਪਿਛਲੇ ਹਫ਼ਤੇ ਕਰੀਬ 25000 ਨਮੂਨਿਆਂ ਦੀ ਜਾਂਚ ਵਿਚ 46 ਫੀਸਦੀ ਵਿਚ ਬ੍ਰਿਟੇਨ ਵਿਚ ਸਾਹਮਣੇ ਆਇਆ ਕੋਵਿਡ-19 ਦਾ ਨਵਾਂ ਰੂਪ ਮਿਲਿਆ ਸੀ। ਦੇਸ਼ ਵਿਚ ਮੰਗਲਵਾਰ ਤੱਕ 5.3 ਫੀਸਦੀ ਆਬਾਦੀ ਨੂੰ ਕੋਵਿਡ-19 ਦੇ ਟੀਕੇ ਦੀ ਪਹਿਲੀ ਖੁਰਾਕ ਲੱਗ ਗਈ ਸੀ ਅਤੇ 2.7 ਫੀਸਦੀ ਲੋਕਾਂ ਨੂੰ ਦੂਜੀ ਖੁਰਾਕ ਵੀ ਲੱਗ ਚੁੱਕੀ ਹੈ। ਰਾਸ਼ਟਰੀ ਰੋਗ ਕੰਟਰੋਲ ਕੇਂਦਰ ਮੁਤਾਬਕ ਦੇਸ਼ ਵਿਚ ਬੁੱਧਵਾਰ ਨੂੰ ਕੋਰੋਨਾ ਵਾਇਰਸ ਦੇ 9019 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਪੀੜਤਾਂ ਦੀ ਗਿਣਤੀ ਵੱਧ ਕੇ 24.6 ਲੱਖ ਦੇ ਨੇੜੇ ਪਹੁੰਚ ਗਈ। ਉੱਥੇ 418 ਹੋਰ ਮਰੀਜ਼ਾਂ ਦੀ ਮੌਤ ਦੇ ਬਾਅਦ ਮ੍ਰਿਤਕਾਂ ਦੀ ਗਿਣਤੀ ਵੱਧ ਕੇ 70,881 ਹੋ ਗਈ।
ਨੋਟ- ਜਰਮਨੀ ਵਿਚ ਵਧੀ ਤਾਲਾਬੰਦੀ ਮਿਆਦ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।