ਸਫਲ ਹੋ ਨਿਬੜਿਆ ''ਮੇਲਾ ਜੀਲੌਂਗ ਦਾ''
Thursday, May 15, 2025 - 01:26 PM (IST)

ਮੈਲਬੌਰਨ (ਮਨਦੀਪ ਸਿੰਘ ਸੈਣੀ)– ਬੀਤੇ ਦਿਨੀ ਪੰਜਾਬੀ ਸਵੈਗ ਜੀਲੋਂਗ ਵੱਲੋਂ 'ਮੇਲਾ ਜੀਲੋਂਗ ਦਾ 2025' ਪੂਰੇ ਉਤਸ਼ਾਹ ਨਾਲ ਆਯੋਜਿਤ ਕੀਤਾ ਗਿਆ। ਪਿਛਲੇ ਲਗਾਤਾਰ 7 ਸਾਲਾਂ ਤੋਂ ਹੋ ਰਹੇ ਇਸ ਮੇਲੇ ਨੂੰ ਵੇਖਣ ਲਈ ਦੂਰੋਂ ਨੇੜਿਓਂ ਵੱਡੀ ਤਾਦਾਦ ਵਿੱਚ ਦਰਸ਼ਕ ਪਹੁੰਚੇ। ਪ੍ਰੋਗਰਾਮ ਦੀ ਸ਼ੁਰੂਆਤ ਵਿਰਾਸਤੀ ਪੰਜਾਬੀ ਸਕੂਲ ਜੀਲੌਂਗ ਵੱਲੋਂ ਲੋਕ ਨਾਚਾਂ ਦੀਆਂ ਬਾਰੀਕੀਆਂ ਸਿੱਖ ਰਹੇ ਬੱਚਿਆਂ ਨੇ ਕੀਤੀ। ਬੱਚਿਆਂ ਨੇ ਗਿੱਧਾ, ਭੰਗੜਾ ਅਤੇ ਹੋਰ ਸੱਭਿਆਚਾਰਕ ਵੰਨਗੀਆਂ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ।
ਉਪਰੰਤ ਮਸ਼ਹੂਰ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਨੂੰ ਮੰਚ ਤੇ ਆਉਣ ਦਾ ਸੱਦਾ ਦਿੱਤਾ ਗਿਆ ਤਾਂ ਸਾਰਾ ਹਾਲ ਤਾੜੀਆਂ ਨਾਲ ਗੂੰਜ ਉੱਠਿਆ। ਕੁਲਵਿੰਦਰ ਨੇ 'ਜ਼ਿੰਦਗੀ', 'ਮਿਰਜ਼ਾ', 'ਪਲਾਜ਼ੋ','ਟਾਈਮ ਟੇਬਲ', 'ਸੁੱਚਾ ਸੂਰਮਾ','ਤੇਰੀ ਮੇਰੀ ਜੋੜੀ', 'ਅੰਗਰੇਜ਼ੀ' ਸਮੇਤ ਅਨੇਕਾਂ ਗੀਤ ਗਾ ਕੇ ਮੇਲਾ ਲੁੱਟ ਲਿਆ। ਬਿੱਲੇ ਦੇ ਗੀਤਾਂ ਦਾ ਐਸਾ ਜਾਦੂ ਚੱਲਿਆ ਕਿ ਦਰਸ਼ਕ ਨੱਚਣੋਂ ਨਾ ਰਹਿ ਸਕੇ। ਇਸ ਮੇਲੇ ਵਿੱਚ ਜੀਲੋਂਗ ਦੇ ਸਥਾਨਕ ਮੈਂਬਰ ਪਾਰਲੀਮੈਂਟ ਐਲਾ ਜਾਰਜ, ਕੌਂਸਲਰ ਐਡੀ ਕੌਟੇਜ, ਕੌਂਸਲਰ ਐਂਥਨੀ ਐਟਕਨ, ਅਤੇ ਪੰਜਾਬੀ ਭਾਈਚਾਰੇ ਤੋਂ ਕੌਂਸਲਰ ਟੈਲੀ ਕੌਰ ਐਰਾਰਾਟ ਅਤੇ ਸ਼ਿਵਾਲੀ ਚੈਟਲੇ ਬੈਂਡਿੰਗੋ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ। ਸਾਰੇ ਮਹਿਮਾਨਾਂ ਨੇ ਪੰਜਾਬੀ ਸਵੈਗ ਜੀਲੋਂਗ ਵੱਲੋਂ ਕੀਤੇ ਜਾਏ ਉਪਰਾਲਿਆਂ ਦੀ ਸ਼ਲਾਘਾ ਕਰਦੇ ਪ੍ਰਬੰਧਕਾਂ ਨੂੰ ਇਹ ਮੇਲਾ ਸਫਲ ਬਣਾਉਣ ਲਈ ਮੁਬਾਰਕਬਾਦ ਦਿੱਤੀ। ਇਸ ਪ੍ਰੋਗਰਾਮ ਦੀ ਖਾਸੀਅਤ ਇਹ ਰਹੀ ਕਿ ਹਰ ਵਰਗ ਦੇ ਲੋਕਾਂ ਨੇ ਇਸ ਪ੍ਰੋਗਰਾਮ ਦਾ ਆਨੰਦ ਮਾਣਿਆ।
ਪੜ੍ਹੋ ਇਹ ਅਹਿਮ ਖ਼ਬਰ-ਰੂਸ-ਯੂਕ੍ਰੇਨ ਸ਼ਾਂਤੀ ਵਾਰਤਾ 'ਚ Putin ਨਹੀਂ ਹੋਣਗੇ ਸ਼ਾਮਲ, ਜ਼ੇਲੇਂਸਕੀ ਦੀ ਤਿੱਖੀ ਪ੍ਰਤੀਕਿਰਿਆ
ਮੁੱਖ ਪ੍ਰਬੰਧਕ ਅੰਮ੍ਰਿਤ ਸਿੰਘ ਖਿੰਡਾ ਅਤੇ ਪ੍ਰੀਤ ਖਿੰਡਾ ਨੇ ਨੇ ਆਏ ਹੋਏ ਦਰਸ਼ਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ 'ਪੰਜਾਬੀ ਸਵੈਗ ਸੰਸਥਾ' ਵਿਦੇਸ਼ਾਂ ਵਿੱਚ ਜੰਮ ਪਲ ਬੱਚਿਆਂ ਨੂੰ ਵਿਰਸੇ ਅਤੇ ਵਿਰਾਸਤ ਨਾਲ ਜੋੜਨ ਲਈ ਵਚਨਬੱਧ ਹੈ। ਉਹਨਾਂ ਕਿਹਾ ਕਿ ਵਿਦੇਸ਼ਾਂ ਵਿੱਚ ਆਪਣੀ ਵਿਰਾਸਤ ਅਤੇ ਵਿਰਸੇ ਨੂੰ ਸਾਂਭਣ ਲਈ ਇਸ ਸੰਸਥਾ ਵਲੋਂ ਸਮੇਂ-ਸਮੇਂ ਸਿਰ ਸੱਭਿਆਚਾਰਕ ਪ੍ਰੋਗਰਾਮ ਉਲੀਕੇ ਜਾਂਦੇ ਹਨ। ਇਸ ਮੌਕੇ ਭਾਗ ਲੈਣ ਪ੍ਰਤੀਯੋਗੀਆਂ ਨੂੰ ਸਨਮਾਨ ਚਿੰਨ੍ਹ ਵੀ ਭੇਂਟ ਕੀਤੇ ਗਏ। ਮੇਲੇ ਵਿੱਚ ਪੰਜਾਬੀ ਕਿਤਾਬਾਂ ਤੋਂ ਇਲਾਵਾ ਹੋਰ ਵੀ ਕਈ ਤਰਾ ਦੇ ਸਟਾਲ ਲਗਾਏ ਗਏ ਸਨ। ਇਸ ਮੇਲੇ ਨੂੰ ਸਫਲ ਬਣਾਉਣ ਲਈ ਅਸ਼ਵਨੀ ਕੁਮਾਰ, ਐਲ ਜੇ ਹੋਮਜ਼ ਤੋਂ ਲਵਪ੍ਰੀਤ ਕੌੜਾ, ਕਮਲਦੀਪ ਕੌਰ ਸਮੇਤ ਕਈ ਸ਼ਖਸੀਅਤਾਂ ਦਾ ਵਿਸ਼ੇਸ਼ ਯੋਗਦਾਨ ਰਿਹਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।