ਸਿਨਸਿਨਾਟੀ ਗੁਰਦੁਆਰਾ ਸਾਹਿਬ ਵਿਖੇ ਲਗਾਇਆ ਗਿਆ ਫ੍ਰੀ ਮੈਡੀਕਲ ਕੈਂਪ
Tuesday, Jun 13, 2023 - 01:36 PM (IST)
ਸਿਨਸਿਨਾਟੀ (ਰਾਜ ਗੋਗਨਾ)- ਬੀਤੇ ਦਿਨ ਅਮਰੀਕਾ ਦੇ ਓਹਾਈਓ ਸੂਬੇ ਦੇ ਗੁਰੂ ਨਾਨਕ ਸੋਸਾਇਟੀ ਆਫ ਗ੍ਰੇਟਰ ਸਿਨਸਿਨਾਟੀ ਗੁਰਦੁਆਰਾ ਸਾਹਿਬ ਵਿਖੇ ਕ੍ਰਾਈਸਟ ਹਸਪਤਾਲ ਦੀ ਸਾਊਥ ਏਸ਼ੀਅਨ ਕਾਰਡੀਓਵੈਸਕੁਲਰ ਕਲੀਨਿਕ ਦੇ ਸਹਿਯੋਗ ਦੇ ਨਾਲ “ਦਿਲ ਦੇ ਰੋਗਾਂ ਦੀ ਜਾਂਚ” ਨਾਲ ਸਬੰਧਿਤ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਡਾਕਟਰ ਸਤਿੰਦਰ ਸਿੰਘ ਭਾਰਜ ਨੇ ਦੱਸਿਆ ਕਿ ਇਸ ਕੈਂਪ ਵਿੱਚ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਸੰਤੋਸ਼ ਮੈਨਨ, ਡਾ. ਸ਼ਾਦ ਹਸਨ, ਨਰਸਾਂ ਦੀ ਟੀਮ ਜਿਸ ਵਿੱਚ ਵਰਿੰਦਰ ਕੌਰ ਸਿੱਧੂ ਤੇ ਮਿਪਨਦੀਪ ਕੌਰ ਸਹੋਤਾ ਅਤੇ ਫਾਰਮਾਸਿਸਟ ਡਾ. ਕਿਰਨਪਾਲ ਸਿੰਘ ਸੰਘਾ ਵੀ ਸ਼ਾਮਲ ਸਨ, ਨੇ ਤਕਰੀਬਨ 80 ਮਰੀਜ਼ਾਂ ਦੀ ਜਾਂਚ ਕੀਤੀ ਅਤੇ ਹਰੇਕ ਨੂੰ ਜਾਂਚ ਰਿਪੋਰਟ ਵੀ ਦਿੱਤੀ ਗਈ।
ਭਾਰਜ ਅਨੁਸਾਰ ਮੁੱਢਲੀ ਜਾਂਚ ਤੋਂ ਬਾਦ 60 ਮਰੀਜ਼ਾਂ ਦੀ ਈਕੇਜੀ ਅਤੇ ਉਸ ਤੋਂ ਬਾਅਦ ਹੋਰ ਵਧੇਰੇ ਜਾਂਚ ਲਈ ਤਕਰੀਬਨ 45 ਲੋਕਾਂ ਦੀ ਈਕੋਕਾਰਡੀਓਗ੍ਰਾਫੀ ਕੀਤੀ ਗਈ। ਗੁਰਦੁਆਰਾ ਸਾਹਿਬ ਵਿਖੇ ਕ੍ਰਾਈਸਟ ਹਸਪਤਾਲ ਦੇ ਸਹਿਯੋਗ ਨਾਲ ਹਰ ਸਾਲ ਦੋ ਵਾਰ ਦਿਲ ਦੀ ਜਾਂਚ ਅਤੇ ਦੋ ਵਾਰ ਵਿਸਾਖੀ ਤੇ ਗੁਰੂ ਨਾਨਕ ਸਾਹਿਬ ਜੀ ਦੇ ਗੁਰਪੂਰਬ ਮੌਕੇ ਫ੍ਰੀ ਮੈਡੀਕਲ ਕੈਂਪ ਲਾਏ ਜਾਂਦੇ ਹਨ। ਸੰਗਤ ਅਤੇ ਮੈਂਬਰਾਂ ਨੇ ਹਰ ਸਾਲ ਕੀਤੇ ਜਾਂਦੇ ਇਸ ਉਪਰਾਲੇ ਲਈ ਪ੍ਰਬੰਧਕਾਂ ਦਾ ਵਿਸ਼ੇਸ ਧੰਨਵਾਦ ਕੀਤਾ ਅਤੇ ਕਿਹਾ ਕਿ ਸਾਨੂੰ ਸਾਲ ਵਿੱਚ ਦੋ ਵਾਰ ਮੁਫ਼ਤ ਆਪਣੇ ਦਿਲ ਅਤੇ ਹੋਰ ਸਰੀਰਕ ਜਾਂਚ ਕਰਾਉਣ ਦਾ ਮੌਕਾ ਮਿਲਦਾ ਹੈ ਤਾਂ ਜੋ ਕਿਸੇ ਤਰਾਂ ਦੀ ਵੀ ਬੀਮਾਰੀ ਦਾ ਪਹਿਲਾਂ ਹੀ ਪਤਾ ਲਾਇਆ ਜਾ ਸਕੇ।