ਮੋਗਾ ਵਿਖੇ ਸਕੀਆਂ ਭੈਣਾਂ ਨਾਲ ਵਾਪਰੀ ਘਟਨਾ ਦੀ ਫਰਾਂਸ ਦੇ ਸਮਾਜ ਸੇਵੀ ਨੇ ਕੀਤੀ ਨਿਖੇਧੀ
Monday, Mar 22, 2021 - 02:32 PM (IST)
ਰੋਮ (ਕੈਂਥ): ਮੋਗਾ ਜ਼ਿਲ੍ਹੇ ਦੇ ਪਿੰਡ ਸੇਖਾ ਖੁਰਦ ਵਿੱਚ ਗ਼ਰੀਬ ਮਜ਼ਦੂਰਾਂ ਦੀਆਂ ਦੋ ਧੀਆਂ ਦਾ ਪਿੰਡ ਦੇ ਹੀ ਧਨਾਢ ਜਾਤੀ ਹੰਕਾਰੇ ਸਰਪੰਚ ਦੇ ਮੁੰਡੇ ਨੇ ਤਾਕਤ ਦੇ ਨਸ਼ੇ ਵਿੱਚ ਚੂਰ ਦੋਹਾਂ ਕੁੜੀਆਂ ਨੂੰ ਆਪਣੀ ਕਾਰ ਵਿੱਚ ਅਗਵਾ ਕਰਕੇ ਪਿਉ ਦੀ ਰਿਵਾਲਵਰ ਨਾਲ ਦੋਹਾਂ ਭੈਣਾਂ ਦਾ ਕਤਲ ਕਰ ਦਿੱਤਾ।ਇਸ ਅਤਿਅੰਤ ਦੁਖਦਾਈ ਘਟਨਾ 'ਤੇ ਫਰਾਂਸ ਦੇ ਸਮਾਜ ਸੇਵੀ ਗਰੀਬ ਮਜਲੂਮਾਂ ਦੇ ਨਾਲ ਹਮੇਸ਼ਾ ਖੜਨ ਵਾਲੇ ਰਾਮ ਸਿੰਘ ਮੈਂਘੜਾ ਨੇ ਗਹਿਰਾ ਦੁੱਖ ਜਾਹਿਰ ਕਰਦਿਆਂ ਕਿਹਾ ਕਿ ਘਟਨਾ ਨਾਲ ਇਨਸਾਨੀਅਤ ਪਸੰਦ ਲੋਕਾਂ ਦੇ ਮਨ ਵਿਚ ਭਾਰੀ ਰੋਸ ਹੈ, ਜਿਸ ਲਈ ਹਰ ਇਨਸਾਨ ਨੂੰ ਆਵਾਜ਼ ਬੁਲੰਦ ਕਰਨ ਦੀ ਲੋੜ ਹੈ ਚਾਹੇ ਉਹ ਦੁਨੀਆ ਦੇ ਜਿਸ ਮਰਜ਼ੀ ਕੋਨੇ ਵਿੱਚ ਬੈਠਾ ਹੋਵੇ।
ਇਹ ਘਟਨਾ ਬੇਹੱਦ ਦੀ ਦੁਖਦਾਈ ਅਤੇ ਸ਼ਰਮਨਾਕ ਹੈ ਜਿਸ ਲਈ ਪਰਿਵਾਰਾਂ ਵਾਲ਼ਿਆਂ ਨੂੰ ਗੰਭੀਰਤਾ ਨਾਲ ਸੋਚਣ ਦੀ ਅਹਿਮ ਲੋੜ ਹੈ ਕਿਉਂਕਿ ਪਹਿਲਾ ਗੱਲਾਂ ਦੂਰ ਦੂਰ ਦੀਆਂ ਸੁਣਦੇ ਸੀ। ਹੁਣ ਇਹ ਗ਼ੈਰਮਨੁੱਖੀ ਰਵੱਈਏ ਦੀ ਅੱਗ ਆਪਣੇ ਘਰਾਂ ਤੱਕ ਪਹੁੰਚ ਚੁੱਕੀ ਹੈ। ਜੇਕਰ ਹੁਣ ਵੀ ਕੋਈ ਨਾ ਬੋਲਿਆ ਤੇ ਚੁੱਪ ਬੈਠ ਗਏ ਤਾਂ ਬਹੁਤ ਹੀ ਆਪਣੇ ਹੱਥੀ ਇਨਸਾਫ਼ ਨੂੰ ਦਫ਼ਨ ਕਰਨ ਵਾਲੀ ਗੱਲ ਹੋਵੇਗੀ।
ਪੜ੍ਹੋ ਇਹ ਅਹਿਮ ਖਬਰ - ਮੋਗਾ ’ਚ ਦੋ ਸਕੀਆਂ ਭੈਣਾਂ ਨੂੰ ਗੋਲ਼ੀਆਂ ਮਾਰ ਕੇ ਕਤਲ ਕਰਨ ਵਾਲਾ ਕਾਤਲ 24 ਘੰਟਿਆਂ ’ਚ ਗ੍ਰਿਫ਼ਤਾਰ
ਉਹਨਾਂ ਨੇ ਕਿਹਾ ਕਿ ਪੰਜਾਬੀਆਂ ਕੋਲ ਪਿਛਲੇ ਦੋ ਦਹਾਕਿਆਂ ਵਿਚ ਹਥਿਆਰ ਤਾਂ ਬਹੁਤ ਆ ਗਏ ਹਨ ਪਰ ਲੋਕਾਂ ਦਾ ਸਤਿਕਾਰ, ਤਹਿਜ਼ੀਬ ਅਤੇ ਤਾਲੁਕਾਤ ਗੁਆਚ ਰਹੇ ਹਨ। ਦੁੱਲੇ ਭੱਟੀ ਦੇ ਵਾਰਸ ਆਪਣੀਆਂ ਧੀਆਂ-ਭੈਣਾਂ ਦੀਆਂ ਵਾਲੀਆਂ ਲਾਹ ਰਹੇ ਹਨ।ਨਸ਼ੇੜੀ ਪੁੱਤ ਆਪਣੀਆਂ ਹੀ ਮਾਂਵਾਂ ਦੇ ਪਰਸ ਖੋਹ ਰਹੇ ਹਨ। ਆਪਣੀ ਹੀ ਮਿੱਟੀ 'ਤੇ ਧੀਆਂ-ਭੈਣਾਂ ਦੇ ਲਹੂ ਨਾਲ ਹੱਥ ਰੰਗ ਰਹੇ ਹਨ। ਜ਼ਿਲ੍ਹਾ ਮੋਗਾ ਦੇ ਪਿੰਡ ਸ਼ੇਖਾ ਖੁਰਦ ਵਿਖੇ ਇਕ ਪਰਿਵਾਰ ਦੀਆਂ ਦੋ ਸਕੀਆਂ ਭੈਣਾਂ ਨੂੰ ਇਕ ਸਰਪੰਚ ਦੇ ਵਿਗੜੈਲ ਜਗੀਰੂ ਸੋਚ ਵਾਲੇ ਮੁੰਡੇ ਨੇ ਸ਼ਰੇਆਮ ਗੋਲ਼ੀਆਂ ਚਲਾ ਕੇ ਮਾਰ ਦਿੱਤਾ। ਪੰਜਾਬੀ ਖ਼ਿੱਤੇ ਦੇ ਇਖ਼ਲਾਕੀ ਤੌਰ 'ਤੇ ਗਰਕਨ ਦੀ ਇੰਤਹਾ ਹੋ ਰਹੀ ਹੈ। ਇਹ ਬਿਲਕੁਲ ਉਸ ਮਿੱਟੀ 'ਤੇ ਵਾਪਰ ਰਿਹਾ ਹੈ, ਜਿਸ ਮਿੱਟੀ ਵਿਚ ਜਨਮ ਲੈ ਕੇ ਭਾਈ ਗੁਰਦਾਸ ਜੀ ਨੇ ਲਿਖਿਆ ਸੀ-ਦੇਖ ਪਰਾਈਆਂ ਚੰਗੀਆਂ ਮਾਂਵਾਂ ਧੀਆਂ ਭੈਣਾਂ ਜਾਣੈ।
ਪੜ੍ਹੋ ਇਹ ਅਹਿਮ ਖਬਰ - ਮੋਗਾ ’ਚ ਕਤਲ ਕੀਤੀਆਂ ਸਕੀਆਂ ਭੈਣਾਂ ਦਾ ਇਕੱਠਿਆਂ ਹੋਇਆ ਸਸਕਾਰ, ਲਾਲ ਚੁੰਨੀਆਂ ਪਾ ਕੀਤਾ ਵਿਦਾ
ਜਿੱਥੇ ਦੁੱਲੇ ਭੱਟੀ ਨੇ ਦੋ ਧੀਆਂ ਦੇ ਬਦਲੇ ਹਕੂਮਤ ਨਾਲ ਆਢਾ ਲਾ ਲਿਆ ਸੀ ਪਰ ਇਹ ਕੌਣ ਲੋਕ ਹਨ ਜੋ ਪੰਜਾਬ ਦੀ ਧੀ ਦੇ ਹੱਤਿਆਰੇ ਬਣ ਰਹੇ ਹਨ।ਇਹ ਕਤਲ ਸਾਡੇ ਸਮਾਜ ਦੀ ਮਨੋ ਧਰਾਤਲ ਵਿਚ ਦਰਿੰਦਗੀ ਦੇ ਅੰਸ਼ਾਂ ਦੀ ਘਿਣਾਉਣੀ ਤਸਵੀਰ ਬਿਆਨ ਕਰਦੇ ਹਨ।ਇਹੋ ਜਿਹੈ ਗੁੰਡਿਆਂ 'ਤੇ ਸਰਕਾਰ ਸਖ਼ਤ ਤੋਂ ਸਖ਼ਤ ਕਾਰਵਾਈ ਕਰੇ। ਫਾਸਟ ਟ੍ਰੈਕ ਅਦਾਲਤ ਰਾਹੀਂ ਇਸ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ।ਇਸ ਘਟਨਾ ਦੀ ਮੁਖਤਿਆਰ ਕੌਲ, ਪਰਮਿੰਦਰ ਸਿੰਘ, ਰਾਜ ਕੌਲ, ਸ਼ਸ਼ੀ ਪਾਲ ਜੀ ਨੇ ਵੀ ਜੋਰਦਾਰ ਸ਼ਬਦਾ ਵਿਚ ਇਸ ਘਟਨਾ ਦੀ ਨਿਖੇਧੀ ਕੀਤੀ।