ਪੇਰੂ ਦੇ ਸਾਬਕਾ ਰਾਸ਼ਟਰਪਤੀ ਨੇ ਗ੍ਰਿਫਤਾਰੀ ਤੋਂ ਪਹਿਲਾਂ ਖੁਦ ਨੂੰ ਮਾਰੀ ਗੋਲੀ, ਮੌਤ
Thursday, Apr 18, 2019 - 11:43 PM (IST)

ਲੀਮਾ - ਭ੍ਰਿਸ਼ਟਾਚਾਰ ਦੇ ਇਕ ਮਾਮਲੇ 'ਚ ਗ੍ਰਿਫਤਾਰੀ ਦੇ ਡਰ ਤੋਂ ਪੇਰੂ ਦੇ ਸਾਬਕਾ ਰਾਸ਼ਟਰਪਤੀ ਐਲਨ ਗਾਰਸੀਆ ਨੇ ਖੁਦ ਨੂੰ ਗੋਲੀ ਮਾਰ ਲਈ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਉਹ 69 ਸਾਲਾ ਦੇ ਸਨ। ਗਾਰਸੀਆ ਦੀ ਅਮਰੀਕਨ ਪਾਪੁਲਰ ਰਿਵੋਲਿਊਸ਼ਨਰੀ ਅਲਾਇੰਸ (ਅਪਰਾ) ਪਾਰਟੀ ਦੇ ਜਨਰਲ ਸਕੱਤਰ ਓਮਰ ਕਵੇਸਾਦਾ ਨੇ ਦੱਸਿਆ ਕਿ ਐਲਨ ਗਾਰਸੀਆ ਦੀ ਮੌਤ ਹੋ ਗਈ। ਪੇਰੂ ਦੇ ਰਾਸ਼ਟਰਪਤੀ ਮਾਰਟਿਨ ਵਿਜਕਾਰਾ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਗਾਰਸੀਆ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ।
ਵਿਜਕਾਰਾ ਨੇ ਟਵੀਟ ਕੀਤਾ ਕਿ ਸਾਬਕਾ ਰਾਸ਼ਟਰਪਤੀ ਗਾਰਸੀਆ ਦੀ ਮੌਤ ਦੇ ਬਾਰੇ 'ਚ ਜਾਣ ਕੇ ਦੁੱਖ ਹੋਇਆ। ਉਨ੍ਹਾਂ ਦੇ ਪਰਿਵਾਰ ਅਤੇ ਚਾਹੁੰਣ ਵਾਲਿਆਂ ਨਾਲ ਮੈਂ ਦੁੱਖ ਪ੍ਰਗਟ ਕਰਦਾ ਹਾਂ। ਗਾਰਸੀਆ 1985-90 ਤੱਕ ਅਤੇ ਇਸ ਤੋਂ ਬਾਅਦ 2006-11 ਤੱਕ ਰਾਸ਼ਟਰਪਤੀ ਰਹੇ। ਬ੍ਰਾਜ਼ੀਲ ਦੀ ਕੰਪਨੀ ਓਡੇਬ੍ਰੇਚਟ ਨੂੰ ਠੇਕਾ ਦੇਣ 'ਚ ਹੋਏ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਪੁਲਸ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਵਾਲੀ ਸੀ। ਪੇਰੂ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਗਾਰਸੀਆ ਨੇ ਸਿਰ 'ਚ ਗੋਲੀ ਮਾਰ ਲਈ ਸੀ। ਸਿਹਤ ਮੰਤਰੀ ਜੁਲੇਮਾ ਟੋਮਸ ਨੇ ਦੱਸਿਆ ਕਿ ਹਸਪਤਾਲ 'ਚ ਸਰਜਰੀ ਦੌਰਾਨ ਉਨ੍ਹਾਂ ਨੂੰ 3 ਵਾਰ ਹਾਰਟ ਅਟੈਕ ਆਇਆ।