ਜਾਪਾਨੀ ਪੀ. ਐੱਮ. ਅਹੁਦੇ ਦੀ ਦੌੜ ’ਚ ਪ੍ਰਮੁੱਖ ਨੇਤਾ ਵਜੋਂ ਉਭਰੀ ‘ਤਾਕਾਇਚੀ’
Saturday, Sep 20, 2025 - 10:43 PM (IST)

ਟੋਕੀਓ– ਜਾਪਾਨ ’ਚ ਲਿਬਰਲ ਡੈਮੋਕ੍ਰੈਟਿਕ ਪਾਰਟੀ (ਐੱਲ. ਡੀ. ਪੀ.) ਦੀ ਧਾਕੜ ਨੇਤਾ ਸਨਾਯ ਤਾਕਾਇਚੀ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ’ਚ ਪ੍ਰਮੁੱਖ ਦਾਅਵੇਦਾਰ ਵਜੋਂ ਉਭਰ ਰਹੀ ਹੈ।
ਜਾਪਾਨ ’ਚ ਸੱਤਾ ਦੇ ਸਰਵਉੱਚ ਅਹੁਦੇ ’ਤੇ ਪਹੁੰਚਣਾ ਤਾਕਾਇਚੀ ਦੀ ਦੁਰਲੱਭ ਪ੍ਰਾਪਤੀ ਹੋਵੇਗਾ। ਉਹ ਇਕ ਕੱਟੜ ਰੂੜੀਵਾਦੀ ਹੈ ਅਤੇ ਸਵਰਗੀ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੀ ਲੰਮੇ ਸਮੇਂ ਤੋਂ ਸਹਿਯੋਗੀ ਰਹੀ ਹੈ, ਜਿਨ੍ਹਾਂ ਦੀਆਂ ਨੀਤੀਆਂ ਨੂੰ ਉਸ ਨੇ ਜਾਰੀ ਰੱਖਣ ਦਾ ਸੰਕਲਪ ਲਿਆ ਹੈ।
‘ਜਾਪਾਨ ਟਾਈਮਜ਼’ ਦੀ ਰਿਪੋਰਟ ਅਨੁਸਾਰ ਖੇਤੀਬਾੜੀ ਮੰਤਰੀ ਸ਼ਿੰਜਿਰੋ ਕੋਈਜ਼ੁਮੀ ਨਾਲ ਜਨਤਾ ਦੀ ਮਨਪਸੰਦ ਤਾਕਾਇਚੀ ਪਿਛਲੇ ਸਾਲ ਐੱਲ. ਡੀ. ਪੀ. ਲੀਡਰਸ਼ਿਪ ਲਈ ਹੋਈ ਦੂਜੇ ਦੌਰ ਦੀ ਚੋਣ ਵਿਚ ਅਹੁਦੇ ਛੱਡ ਰਹੇ ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ਿਬਾ ਤੋਂ ਥੋੜ੍ਹੇ ਫਰਕ ਨਾਲ ਹਾਰ ਗਈ ਸੀ। ਜੇ ਇਸ ਵਾਰ ਉਹ ਜਿੱਤ ਜਾਂਦੀ ਹੈ ਤਾਂ ਉਹ ਜਾਪਾਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣ ਜਾਵੇਗੀ, ਜੋ ਦੇਸ਼ ਦੇ ਸਿਆਸੀ ਇਤਿਹਾਸ ਵਿਚ ਇਕ ਸੰਭਾਵਤ ਇਤਿਹਾਸਕ ਮੀਲ ਦਾ ਪੱਥਰ ਹੋਵੇਗਾ।