IPL ਦੇ ਸੰਸਥਾਪਕ ਲਲਿਤ ਮੋਦੀ ਖ਼ਿਲਾਫ਼ ਬ੍ਰਿਟੇਨ ਦੀ ਅਦਾਲਤ 'ਚ ਮੁਕੱਦਮਾ ਦਾਇਰ, ਜਾਣੋ ਪੂਰਾ ਮਾਮਲਾ

02/24/2022 10:45:48 AM

ਲੰਡਨ (ਭਾਸ਼ਾ)- ਭਾਰਤੀ ਮਾਡਲ ਤੋਂ ਨਿਵੇਸ਼ਕ ਬਣੀ ਗੁਰਪ੍ਰੀਤ ਗਿੱਲ ਮਾਗ ਨੇ ਲੰਡਨ ਦੀ ਹਾਈ ਕੋਰਟ ਵਿਚ ਕਥਿਤ ਧੋਖਾਧੜੀ ਅਤੇ ਇਕਰਾਰਨਾਮੇ ਦੀ ਉਲੰਘਣਾ ਨੂੰ ਲੈ ਕੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ ਸੰਸਥਾਪਕ ਲਲਿਤ ਮੋਦੀ ਖ਼ਿਲਾਫ਼ ਮੁਕੱਦਮਾ ਦਾਇਰ ਕੀਤਾ ਹੈ ਅਤੇ ਉਨ੍ਹਾਂ ਤੋਂ ਲੱਖਾਂ ਡਾਲਰ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ। ਜੱਜ ਮੁਰੇ ਰੋਸੇਨ ਕਿਊ.ਸੀ. ਦੀ ਅਗਵਾਈ ਵਿਚ ਇਸ ਹਫ਼ਤੇ ਚਾਂਸਰੀ ਡਿਵੀਜ਼ਨ ਵਿਚ ਇਹ ਤੈਅ ਕਰਨ ਲਈ ਸੁਣਵਾਈ ਸ਼ੁਰੂ ਹੋਈ ਕਿ ਕੀ ਮੋਦੀ ਨੇ ਅਪ੍ਰੈਲ 2018 ਦੇ ਵਿਸ਼ਵਵਿਆਪੀ ਕੈਂਸਰ ਇਲਾਜ ਪ੍ਰੋਜੈਕਟ ਲਈ ਝੂਠੀ ਪੇਸ਼ਕਾਰੀ ਕੀਤੀ ਹੈ।

ਇਹ ਵੀ ਪੜ੍ਹੋ: ਪੁਤਿਨ ਨੇ ਪੂਰਬੀ ਯੂਕ੍ਰੇਨ 'ਚ ਫੌਜੀ ਕਾਰਵਾਈ ਦਾ ਕੀਤਾ ਐਲਾਨ, ਦੂਜੇ ਦੇਸ਼ਾਂ ਨੂੰ ਦਿੱਤੀ ਚੇਤਾਵਨੀ

ਮੋਦੀ ਨੇ ਲਿਖਤੀ ਸਬੂਤਾਂ ਰਾਹੀਂ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਤੇ ਬਾਅਦ ਵਿਚ ਇਸ ਮਾਮਲੇ ਦੀ ਸੁਣਵਾਈ ਦੌਰਾਨ ਉਨ੍ਹਾਂ ਵੱਲੋਂ ਜ਼ੁਬਾਨੀ ਪ੍ਰਤੀਨਿਧਤਾ ਕਰਨ ਦੀ ਵੀ ਸੰਭਾਵਨਾ ਹੈ। ਅਦਾਲਤੀ ਦਸਤਾਵੇਜ਼ਾਂ ਅਨੁਸਾਰ, ਮਾਗ ਦੀ ਮਲਕੀਅਤ ਵਾਲੀ 'ਕੁਆਂਟਮ ਕੇਅਰ ਲਿਮਟਿਡ' ਨੇ ਮੋਦੀ ਦੀ ਕੈਂਸਰ ਕੇਅਰ ਫਰਮ ਨਾਲ ਜੁੜੀ ਕੰਪਨੀ 'ਆਇਨ ਕੇਅਰ' ਲਈ ਦੁਬਈ ਵਿਚ 'ਫੋਰ ਸੀਜ਼ਨ ਹੋਟਲ' ਵਿਚ ਮੁਨਾਫਾ ਨਿਵੇਸ਼ ਦੀ ਪੇਸ਼ਕਸ਼ ਕੀਤੀ ਸੀ। ਅਦਾਲਤ ਨੂੰ ਕਿਹਾ ਗਿਆ, 'ਗੁਰਪ੍ਰੀਤ ਮਾਗ ਅਤੇ ਉਨ੍ਹਾਂ ਦੇ ਪਤੀ ਡੈਨੀਅਲ ਮਾਗ ਨੇ ਕਿਹਾ ਕਿ ਮੋਦੀ ਨੇ ਮੀਟਿੰਗ ਦੌਰਾਨ ਉਨ੍ਹਾਂ ਨੂੰ ਸੂਚਿਤ ਕੀਤਾ ਸੀ ਕਿ ਕਈ ਉੱਘੇ ਅਤੇ ਪ੍ਰਭਾਵਸ਼ਾਲੀ ਲੋਕਾਂ ਨੇ ‘ਆਇਨ ਕੇਅਰ’ ਦੇ ‘ਸਰਪ੍ਰਸਤ’ ਵਜੋਂ ਕੰਮ ਕਰਨ ਅਤੇ ਇਸ ਦੇ ਪ੍ਰਬੰਧਨ ਵਿਚ ਹਿੱਸਾ ਲੈਣ ਦੀ ਸਹਿਮਤ ਜਤਾਈ ਹੈ ਅਤੇ ਕਰੀਬ 26 ਕਰੋੜ ਡਾਲਰ ਦੀ ਵਿੱਤੀ ਪ੍ਰਤੀਬੱਧਤਾ ਜਤਾਈ ਹੈ।' ਮਾਗ ਨੇ ਕਿਹਾ ਕਿ ਮੋਦੀ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਬਹੁਤ ਸਾਰੇ ਪ੍ਰਭਾਵਸ਼ਾਲੀ ਲੋਕ ਅਤੇ ਮਸ਼ਹੂਰ ਹਸਤੀਆਂ ਆਇਨ ਕੇਅਰ ਦੇ 'ਬ੍ਰਾਂਡ ਅੰਬੈਸਡਰ' ਬਣਨ ਲਈ ਸਹਿਮਤ ਹੋ ਗਏ ਹਨ।

ਇਹ ਵੀ ਪੜ੍ਹੋ: ਚੀਨ ਦੀ ਤਰਜ਼ ’ਤੇ ਪਾਕਿ ਵੀ LoC ’ਤੇ ਮਾਡਲ ਪਿੰਡ ਵਸਾਉਣ ਦੀ ਤਿਆਰੀ ’ਚ

ਲੰਡਨ 'ਚ ਰਹਿਣ ਵਾਲੇ ਮੋਦੀ ਨੇ ਮਾਗ ਨੂੰ 20 ਲੱਖ ਡਾਲਰ ਨਿਵੇਸ਼ ਕਰਨ ਲਈ ਕਿਹਾ ਸੀ। ਸਿੰਗਾਪੁਰ ਅਧਾਰਤ ਮਾਗ ਦੀ ਕੰਪਨੀ 'ਕੁਆਂਟਮ ਕੇਅਰ' ਨੇ 14 ਨਵੰਬਰ, 2018 ਨੂੰ 10 ਲੱਖ ਡਾਲਰ ਨਿਵੇਸ਼ ਕੀਤੇ ਅਤੇ ਬਾਕੀ 10 ਲੱਖ ਡਾਲਰ ਨਿਵੇਸ਼ ਨਹੀਂ ਕੀਤੇ ਗਏ, ਕਿਉਂਕਿ ਆਇਨ ਕੇਅਰ ਦਾ ਕਾਰੋਬਾਰ ਕਦੇ ਸ਼ੁਰੂ ਹੀ ਨਹੀਂ ਹੋਇਆ। ਮਾਗ ਨੇ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਬਹੁਤ ਨੁਕਸਾਨ ਹੋਇਆ ਹੈ, ਕਿਉਂਕਿ ਆਇਨ ਕੇਅਰ ਨੂੰ ਦਿੱਤੇ ਗਏ ਪੈਸੇ ਉਹ ਕਿਸੇ ਹੋਰ ਕਾਰੋਬਾਰ ਵਿਚ ਨਿਵੇਸ਼ ਨਹੀਂ ਕਰ ਸਕੀ।

ਇਹ ਵੀ ਪੜ੍ਹੋ: ਚੀਨ 'ਚ ਫਸੇ 23 ਹਜ਼ਾਰ ਤੋਂ ਵਧੇਰੇ ਵਿਦਿਆਰਥੀ ਜਲਦ ਪਰਤਣਗੇ ਭਾਰਤ

ਮਾਗ ਦੇ ਵਕੀਲ ਨੇ ਕਿਹਾ, "ਕੁਆਂਟਮ ਨੇ ਦੋਸ਼ ਲਾਇਆ ਕਿ ਅਪ੍ਰੈਲ 2018 ਦੀ ਮੀਟਿੰਗ ਦੌਰਾਨ ਮੋਦੀ ਵੱਲੋਂ ਦਿੱਤੀਆਂ ਗਈਆਂ ਪੇਸ਼ਕਾਰੀਆਂ ਝੂਠੀਆਂ ਸਨ ਅਤੇ ਉਨ੍ਹਾਂ ਨੂੰ ਜਾਣਕਾਰੀ ਵੀ ਨਹੀਂ ਸੀ ਕਿ ਇਹ ਝੂਠੀਆਂ ਗੱਲਾਂ ਹਨ ਜਾਂ ਉਨ੍ਹਾਂ ਨੇ ਇਹ ਪੇਸ਼ਕਾਰੀ ਦੇਣ ਸਮੇਂ ਲਾਪਰਵਾਹੀ ਵਰਤੀ।" ਮੋਦੀ ਵੱਲੋਂ ਅਦਾਲਤ ਵਿਚ ਦਾਇਰ ਕੀਤੀ ਗਈ ਪੇਸ਼ਕਾਰੀ ਅਨੁਸਾਰ, ਉਨ੍ਹਾਂ ਦੀ ਪਤਨੀ ਮੀਨਲ ਨੂੰ ਮੁਹੱਈਆ ਕਰਾਏ ਗਏ ਕੈਂਸਰ ਦੇ ਇਲਾਜ ਤੋਂ ਬਾਅਦ ਉਨ੍ਹਾਂ ਦੇ ਮਨ ਵਿਚ 'ਆਇਨ ਕੇਅਰ' ਕਾਰੋਬਾਰ ਦਾ ਵਿਚਾਰ ਆਇਆ ਸੀ। ਮੀਨਲ ਦੀ ਦਸੰਬਰ 2018 ਵਿਚ ਮੌਤ ਹੋ ਗਈ ਸੀ। ਮੋਦੀ ਨੇ ਕਿਹਾ ਕਿ ਉਨ੍ਹਾਂ ਦਾ ਕਾਰੋਬਾਰ ਸਫ਼ਲ ਨਹੀਂ ਹੋਇਆ, ਪਰ ਅਜਿਹੀ ਕੋਈ ਸ਼ਿਕਾਇਤ ਨਹੀਂ ਹੈ ਕਿ ਇਸ ਕਾਰੋਬਾਰ ਦਾ ਮਾਡਲ ਜਾਂ ਉਸ ਦੀ ਤਕਨਾਲੋਜੀ ਨੂੰ "ਗ਼ਲਤ ਰੂਪ ਵਿਚ ਪੇਸ਼ ਕੀਤਾ ਗਿਆ।" ਮੋਦੀ ਆਈ.ਪੀ.ਐੱਲ. ਨਾਲ ਜੁੜੇ ਘੁਟਾਲਿਆਂ ਅਤੇ ਵਿਵਾਦਾਂ ਦੇ ਵਿਚਕਾਰ 2010 ਵਿਚ ਭਾਰਤ ਛੱਡ ਕੇ ਲੰਡਨ ਚਲੇ ਗਏ ਸਨ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News