ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਕੀਤੀ ਹਿੰਦੂ ਅਧਿਆਤਮਕ ਨੇਤਾ ਦੀ ਗ੍ਰਿਫਤਾਰੀ ਦੀ ਨਿੰਦਾ

Thursday, Nov 28, 2024 - 08:20 PM (IST)

ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਕੀਤੀ ਹਿੰਦੂ ਅਧਿਆਤਮਕ ਨੇਤਾ ਦੀ ਗ੍ਰਿਫਤਾਰੀ ਦੀ ਨਿੰਦਾ

ਢਾਕਾ (ਭਾਸ਼ਾ) : ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਵੀਰਵਾਰ ਨੂੰ ਹਿੰਦੂ ਅਧਿਆਤਮਕ ਨੇਤਾ ਚਿਨਮਯ ਕ੍ਰਿਸ਼ਨ ਦਾਸ ਦੀ ਗ੍ਰਿਫਤਾਰੀ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਤੁਰੰਤ ਰਿਹਾਅ ਕੀਤਾ ਜਾਣਾ ਚਾਹੀਦਾ ਹੈ। ਦਾਸ ਨੂੰ ਇਸ ਹਫਤੇ ਦੇ ਸ਼ੁਰੂ ਵਿਚ ਦੇਸ਼ਧ੍ਰੋਹ ਦੇ ਦੋਸ਼ ਵਿਚ ਹਿਰਾਸਤ ਵਿਚ ਲਿਆ ਗਿਆ ਸੀ।

ਸ਼ੇਖ ਹਸੀਨਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਸਨਾਤਨ ਧਰਮ ਦੇ ਇੱਕ ਚੋਟੀ ਦੇ ਅਧਿਆਤਮਕ ਨੇਤਾ ਨੂੰ ਗਲਤ ਤਰੀਕੇ ਨਾਲ ਗ੍ਰਿਫਤਾਰ ਕੀਤਾ ਗਿਆ ਹੈ, ਉਸਨੂੰ ਤੁਰੰਤ ਰਿਹਾਅ ਕੀਤਾ ਜਾਣਾ ਚਾਹੀਦਾ ਹੈ। ਅਵਾਮੀ ਲੀਗ ਦੀ ਤਰਫੋਂ 'ਐਕਸ' 'ਤੇ ਇੱਕ ਪੋਸਟ 'ਚ ਹਸੀਨਾ ਨੇ ਕਿਹਾ ਕਿ ਚਟਗਾਂਵ ਵਿੱਚ ਇੱਕ ਮੰਦਰ ਨੂੰ ਸਾੜ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਅਹਿਮਦੀਆ ਭਾਈਚਾਰੇ ਦੀਆਂ ਮਸਜਿਦਾਂ, ਗੁਰਦੁਆਰਿਆਂ, ਚਰਚਾਂ, ਮੱਠਾਂ ਅਤੇ ਘਰਾਂ 'ਤੇ ਹਮਲੇ ਕੀਤੇ ਗਏ, ਤੋੜ-ਭੰਨ੍ਹ ਕੀਤੀ ਗਈ, ਲੁੱਟਮਾਰ ਕੀਤੀ ਗਈ ਅਤੇ ਅੱਗ ਲਗਾਈ ਗਈ। ਧਾਰਮਿਕ ਆਜ਼ਾਦੀ ਅਤੇ ਸਾਰੇ ਭਾਈਚਾਰਿਆਂ ਦੇ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ।

ਬੰਗਲਾਦੇਸ਼ 'ਚ ਵਿਵਾਦਗ੍ਰਸਤ ਨੌਕਰੀ ਰਾਖਵਾਂਕਰਨ ਪ੍ਰਣਾਲੀ ਨੂੰ ਲੈ ਕੇ ਅਵਾਮੀ ਲੀਗ ਦੀ ਅਗਵਾਈ ਵਾਲੀ ਸਰਕਾਰ ਦੇ ਖਿਲਾਫ ਵਿਆਪਕ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਹਸੀਨਾ ਨੇ 5 ਅਗਸਤ ਨੂੰ ਭਾਰਤ 'ਚ ਸ਼ਰਨ ਲਈ ਸੀ। ਤਿੰਨ ਦਿਨ ਬਾਅਦ, ਨੋਬਲ ਪੁਰਸਕਾਰ ਜੇਤੂ ਯੂਨਸ ਸਲੀਮ ਨੇ ਅੰਤਰਿਮ ਸਰਕਾਰ ਦੇ ਮੁੱਖ ਸਲਾਹਕਾਰ ਵਜੋਂ ਅਹੁਦਾ ਸੰਭਾਲ ਲਿਆ। ਯੂਨਸ ਦੇ ਸੱਤਾ ਸੰਭਾਲਣ ਤੋਂ ਬਾਅਦ ਵੀ ਬੰਗਲਾਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਹਿੰਦੂ ਘੱਟ ਗਿਣਤੀ ਭਾਈਚਾਰੇ ਦੇ ਮੈਂਬਰਾਂ ਦੇ ਖਿਲਾਫ ਅੱਤਿਆਚਾਰ ਦੀਆਂ ਲਗਾਤਾਰ ਖਬਰਾਂ ਆ ਰਹੀਆਂ ਹਨ। ਜਮਾਤ-ਏ-ਇਸਲਾਮੀ ਵਰਗੇ ਕੱਟੜਪੰਥੀ ਸਮੂਹਾਂ ਅਤੇ ਇਸੇ ਤਰ੍ਹਾਂ ਦੇ ਵਿਚਾਰਧਾਰਕ ਕੱਟੜਪੰਥੀ ਸਮੂਹਾਂ ਦੇ ਉਭਾਰ ਦੀਆਂ ਰਿਪੋਰਟਾਂ ਵੀ ਹਨ।

ਹਿੰਦੂ ਨੇਤਾ ਚਿਨਮੋਏ ਕ੍ਰਿਸ਼ਨ ਦਾਸ ਨੂੰ ਇਸ ਹਫਤੇ ਗ੍ਰਿਫਤਾਰ ਕੀਤਾ ਗਿਆ ਸੀ। ਦਾਸ ਨੂੰ ਪਹਿਲਾਂ ਅੰਤਰਰਾਸ਼ਟਰੀ ਸੋਸਾਇਟੀ ਫਾਰ ਕ੍ਰਿਸ਼ਨਾ ਚੇਤਨਾ (ਇਸਕੋਨ) ਤੋਂ ਕੱਢ ਦਿੱਤਾ ਗਿਆ ਸੀ। ਉਸ ਦੀ ਗ੍ਰਿਫਤਾਰੀ ਮੰਗਲਵਾਰ ਨੂੰ ਝੜਪਾਂ ਤੋਂ ਬਾਅਦ ਹੋਈ, ਜਿਸ ਵਿਚ ਸਹਾਇਕ ਸਰਕਾਰੀ ਵਕੀਲ ਸੈਫੁਲ ਇਸਲਾਮ ਮਾਰਿਆ ਗਿਆ। ਇਸ ਤੋਂ ਇਲਾਵਾ, ਬੰਗਲਾਦੇਸ਼ ਸੁਪਰੀਮ ਕੋਰਟ ਦੇ ਵਕੀਲਾਂ ਦੇ ਇੱਕ ਸਮੂਹ ਨੇ ਬੁੱਧਵਾਰ ਨੂੰ ਬੰਗਲਾਦੇਸ਼ ਸਰਕਾਰ ਨੂੰ ਇੱਕ ਕਾਨੂੰਨੀ ਨੋਟਿਸ ਭੇਜ ਕੇ ਇਸਕੋਨ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ, ਇਸਨੂੰ "ਕੱਟੜਪੰਥੀ ਸੰਗਠਨ" ਕਿਹਾ। ਹਾਲਾਂਕਿ, ਬੰਗਲਾਦੇਸ਼ ਹਾਈ ਕੋਰਟ ਨੇ ਵੀਰਵਾਰ ਨੂੰ ਦੇਸ਼ ਵਿੱਚ ਇਸਕੋਨ ਦੀਆਂ ਗਤੀਵਿਧੀਆਂ 'ਤੇ ਪਾਬੰਦੀ ਲਗਾਉਣ ਦੀ ਮੰਗ ਵਾਲੀ ਪਟੀਸ਼ਨ ਨੂੰ ਰੱਦ ਕਰ ਦਿੱਤਾ।


author

Baljit Singh

Content Editor

Related News