ਸਾਊਦੀ ਅਰਬ ਦੇ ਹੋਟਲਾਂ ''ਚ ਦਸੰਬਰ ਤੋਂ ਵਿਦੇਸ਼ੀਆਂ ਨੂੰ ਨਹੀਂ ਮਿਲੇਗੀ ਨੌਕਰੀ

07/30/2019 10:21:08 AM

ਵਰਲਡ ਡੈਸਕ — ਸਾਊਦੀ ਅਰਬ ਨੇ ਆਪਣੇ ਦੇਸ਼ 'ਚ ਵਧ ਰਹੀ ਬੇਰੋਜ਼ਗਾਰੀ ਦੀ ਦਰ ਨੂੰ ਘਟਾਉਣ ਲਈ ਹੋਟਲ ਖੇਤਰ ਵਿਚ ਵਿਦੇਸ਼ੀਆਂ ਨੂੰ ਨੌਕਰੀ ਨਾ ਦੇਣ ਦਾ ਫੈਸਲਾ ਕੀਤਾ ਹੈ। ਸਾਊਦੀ ਸਰਕਾਰ ਨੇ ਇਸ ਫੈਸਲੇ ਨੂੰ ਸਾਲ ਦੇ ਅੰਤ ਤੱਕ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਸਾਊਦੀ ਸਰਕਾਰ ਦੇ ਇਸ ਫੈਸਲੇ ਦਾ ਸਿੱਧਾ ਅਸਰ ਉਥੇ ਰਹਿ ਰਹੇ ਭਾਰਤੀਆਂ 'ਤੇ ਵੀ ਪਵੇਗਾ ਕਿਉਂਕਿ ਵੱਡੀ ਸੰਖਿਆ 'ਚ ਭਾਰਤ ਦੇ ਲੋਕ ਇਸ ਖੇਤਰ ਵਿਚ ਨੌਕਰੀ ਕਰ ਰਹੇ ਹਨ। 

ਇਸ ਤੋਂ ਇਲਾਵਾ ਰੈਸਟੋਰੈਂਟ ਹੋਸਟ ਅਤੇ ਹੈਲਥ ਕਲੱਬ ਸੂਪਰਵਾਈਜ਼ਰ ਵਰਗੀਆਂ ਨੌਕਰੀਆਂ ਵੀ ਉਥੋਂ ਦੇ ਸਾਥਨਕ ਲੋਕਾਂ ਲਈ ਹੀ ਰਾਂਖਵੀਆਂ ਰੱਖੀਆਂ ਜਾਣਗੀਆਂ। ਸਾਊਦੀ ਦੇ ਕਿਰਤ ਮੰਤਰਾਲੇ ਨੇ ਬਿਆਨ ਜਾਰੀ ਕਰਕੇ ਕਿਹਾ, ਇਹ ਫੈਸਲਾ ਤਿੰਨ ਸਟਾਰ ਜਾਂ ਇਸ ਤੋਂ ਜ਼ਿਆਦਾ ਸਟਾਰ ਵਾਲੇ ਹੋਟਲਾਂ ਅਤੇ ਰੈਸਟੋਰੈਂਟ, ਚਾਰ ਸਟਾਰ ਜਾਂ ਇਸ ਤੋਂ ਜ਼ਿਆਦਾ ਵਾਲੇ ਹੋਟਲ ਅਪਾਰਟਮੈਂਟਸ 'ਤੇ ਲਾਗੂ ਹੋਵੇਗਾ। ਰਿਸੈਪਸ਼ਨ ਤੋਂ ਲੈ ਕੇ ਮੈਨੇਜਮੈਂਟ ਤੱਕ ਦੇ ਅਹੁਦਿਆਂ ਲਈ ਸਥਾਨਕ ਲੋਕਾਂ ਨੂੰ ਪਹਿਲ ਦਿੱਤੀ ਜਾਵੇਗੀ। ਹਾਲਾਂਕਿ ਡਰਾਈਵਰਾਂ, ਸਕਿਊਰਿਟੀ ਗਾਰਡਾਂ ਅਤੇ ਕੂਲੀ ਦੇ ਤੌਰ 'ਤੇ ਵਿਦੇਸ਼ੀ ਲੋਕਾਂ ਨੂੰ ਮੌਕੇ ਮਿਲਦੇ ਰਹਿਣਗੇ।

ਜ਼ਿਕਰਯੋਗ ਹੈ ਕਿ ਸਾਊਦੀ ਅਰਬ ਦੇ ਲੋਕ ਇਸ ਸਮੇਂ ਬੇਰੋਜ਼ਗਾਰੀ ਦਾ ਸਾਹਮਣਾ ਕਰ ਰਹੇ ਹਨ। ਉੱਥੇ ਬੇਰੋਜ਼ਗਾਰੀ ਦਾ ਪੱਧਰ 13 ਫੀਸਦੀ ਤੱਕ ਪਹੁੰਚ ਗਿਆ ਸੀ, ਜਿਹੜਾ ਕਿ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਹੈ। ਇਸ ਖੇਤਰ ਵਿਚ ਭਾਰਤੀ ਮੂਲ ਦੇ ਲੋਕਾਂ ਦੀ ਵੱਡੀ ਸੰਖਿਆ ਹੈ ਅਜਿਹੇ 'ਚ ਸਾਊਦੀ ਸਰਕਾਰ ਦਾ ਇਹ ਫੈਸਲਾ ਭਾਰਤੀ ਲੋਕਾਂ ਲਈ ਵੱਡੀ ਮੂਸੀਬਤ ਖੜ੍ਹੀ ਕਰ ਸਕਦਾ ਹੈ।


Related News