ਇਰਾਕ ''ਚ 2018 ਦੌਰਾਨ ਵਿਦੇਸ਼ੀ ਫੌਜੀਆਂ ਦੀ ਗਿਣਤੀ ''ਚ ਹੋਈ ਵੱਡੀ ਕਟੌਤੀ: PM
Wednesday, Jan 16, 2019 - 06:29 PM (IST)

ਬਗਦਾਦ— ਇਰਾਕ ਦੇ ਪ੍ਰਧਾਨ ਮੰਤਰੀ ਆਦਿਲ ਅਬਦੁੱਲ ਮਹਿਦੀ ਨੇ ਕਿਹਾ ਹੈ ਕਿ ਦੇਸ਼ 'ਚ ਵਿਦੇਸ਼ੀ ਫੌਜੀਆਂ ਦੀ ਗਿਣਤੀ 2018 ਦੌਰਾਨ ਇਕ-ਚੌਥਾਈ ਤੱਕ ਘੱਟ ਕਰ ਦਿੱਤੀ ਗਈ ਹੈ। ਮਹਿਦੀ ਨੇ ਮੰਗਲਵਾਰ ਸ਼ਾਮ ਇਕ ਹਫਤਾਵਾਰ ਪ੍ਰੈੱਸ ਬ੍ਰੀਫਿੰਗ 'ਚ ਦੱਸਿਆ ਕਿ ਜਨਵਰੀ 2018 'ਚ ਲਗਭਗ 11 ਹਜ਼ਾਰ ਵਿਦੇਸ਼ੀ ਫੌਜੀ ਸਨ, ਉਨ੍ਹਾਂ 'ਚੋਂ ਲਗਭਗ 70 ਫੀਸਦੀ ਅਮਰੀਕੀ ਸਨ ਤੇ ਬਾਕੀ ਹੋਰਾਂ ਦੇਸ਼ਾਂ ਤੋਂ ਸਨ।
ਉਨ੍ਹਾਂ ਦੱਸਿਆ ਕਿ ਦਸੰਬਰ 'ਚ ਇਹ ਗਿਣਤੀ ਘੱਟ ਕੇ ਲਗਭਗ 8 ਹਜ਼ਾਰ ਰਹਿ ਗਈ ਹੈ। ਇਸ 'ਚ ਅਮਰੀਕੀ ਫੌਜੀਆਂ ਦੀ ਗਿਣਤੀ 6 ਹਜ਼ਾਰ ਹੈ। ਉਨ੍ਹਾਂ ਕਿਹਾ ਕਿ ਇਰਾਕ 'ਚ ਇਸਲਾਮਿਕ ਸਟੇਟ ਸਮੂਹ 'ਤੇ ਸਰਕਾਰ ਦੀ ਜਿੱਤ ਦੇ ਐਲਾਨ ਤੋਂ 12 ਮਹੀਨੇ ਤੋਂ ਵੀ ਜ਼ਿਆਦਾ ਸਮਾਂ ਬਾਅਦ ਵਿਦੇਸ਼ੀ ਫੌਜੀਆਂ ਦੀ ਵਾਪਸੀ 'ਚ ਤੇਜ਼ੀ ਆਈ ਹੈ। ਉਨ੍ਹਾਂ ਕਿਹਾ ਕਿ ਹਾਲ ਦੇ ਮਹੀਨਿਆਂ 'ਚ ਵਿਦੇਸ਼ੀ ਫੌਜ ਦੀ ਗਿਣਤੀ 'ਚ ਗਿਰਾਵਟ ਆਉਣ ਦੀ ਰਫਤਾਰ ਤੇਜ਼ ਹੋਈ ਹੈ ਤੇ ਪਿਛਲੇ 2 ਮਹੀਨਿਆਂ 'ਚ ਇਕ ਹਜ਼ਾਰ ਫੌਜੀਆਂ ਦੀ ਗਿਣਤੀ 'ਚ ਗਿਰਾਵਟ ਆਈ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਸੀਰੀਆ ਤੋਂ ਸਾਰੇ ਫੌਜੀਆਂ ਦੀ ਵਾਪਸੀ ਤੋਂ ਬਾਅਦ ਇਰਾਕ 'ਚ ਅਮਰੀਕੀ ਫੌਜ ਬਣੀ ਰਹੇਗੀ। ਜੇਕਰ ਲੋੜ ਪਈ ਤਾਂ ਫੌਜ ਸਰਹੱਦ ਦੇ ਦੂਜੇ ਪਾਸੇ ਆਈ.ਐੱਸ. ਖਿਲਾਫ ਕਾਰਵਾਈ ਕਰਨ ਲਈ ਉਪਲੱਬਧ ਰਹੇਗੀ।