ਫਲਾਇਡ ਦੇ ਪਰਿਵਾਰ ਨੇ ਮਿਨਿਆਪੋਲਿਸ ਤੇ ਪੁਲਸ ਅਧਿਕਾਰੀਆਂ ਖਿਲਾਫ ਦਰਜ ਕੀਤਾ ਮੁਕੱਦਮਾ
Thursday, Jul 16, 2020 - 12:33 PM (IST)

ਵਾਸ਼ਿੰਗਟਨ- ਪੁਲਸ ਹਿਰਾਸਤ ਵਿਚ ਮਾਰੇ ਗਏ ਜਾਰਜ ਫਲਾਇਡ ਦੇ ਪਰਿਵਾਰ ਨੇ ਬੁੱਧਵਾਰ ਨੂੰ ਮਿਨਿਆਪੋਲਿਸ ਸ਼ਹਿਰ ਤੇ ਉਨ੍ਹਾਂ ਚਾਰ ਪੁਲਸ ਅਧਿਕਾਰੀਆਂ ਖਿਲਾਫ ਮੁਕੱਦਮਾ ਦਾਇਰ ਕੀਤਾ ਹੈ, ਜਿਨ੍ਹਾਂ 'ਤੇ ਉਸ ਦੀ ਮੌਤ ਦੇ ਦੋਸ਼ ਲੱਗੇ ਹਨ।
ਪਰਿਵਾਰ ਦਾ ਦੋਸ਼ ਹੈ ਕਿ ਅਧਿਕਾਰੀਆਂ ਨੇ ਫਲਾਇਡ ਨੂੰ ਕਾਬੂ ਵਿਚ ਕਰਨ ਦੌਰਾਨ ਉਸ ਦੇ ਅਧਿਕਾਰਾਂ ਦਾ ਉਲੰਘਣ ਕੀਤਾ ਅਤੇ ਸ਼ਹਿਰ ਨੇ ਆਪਣੇ ਪੁਲਸ ਵਿਭਾਗ ਵਿਚ ਵੱਧ ਤੋਂ ਵੱਧ ਤਾਕਤ ਦੀ ਵਰਤੋਂ, ਨਸਲਵਾਦ ਅਤੇ ਸਜ਼ਾ ਤੋਂ ਬਚਣ ਦੀ ਸੱਭਿਆਚਾਰ ਨੂੰ ਵਧਣ-ਫੁੱਲਣ ਦਾ ਮੌਕਾ ਦਿੱਤਾ। ਅਸਲ ਵਿਚ 25 ਮਈ ਨੂੰ ਅਮਰੀਕਾ ਦੇ ਮਿਨਿਆਪੋਲਿਸਸ ਵਿਚ ਗੈਰ-ਗੋਰੇ ਨਾਗਰਿਕ ਜਾਰਜ ਫਲਾਇਡ ਦੀ ਪੁਲਸ ਹਿਰਾਸਤ ਵਿਚ ਮੌਤ ਹੋ ਗਈ ਸੀ। ਘਟਨਾ ਦੀਆਂ ਕੁਝ ਵੀਡੀਓਜ਼ ਤੋਂ ਪਤਾ ਲੱਗਾ ਕਿ ਪੁਲਸ ਅਧਿਕਾਰੀਆਂ ਨੇ ਫਲਾਇਡ ਦੀ ਗਰਦਨ ਆਪਣੇ ਗੋਡੇ ਹੇਠ ਦੇ ਕੇ ਰੱਖੀ ਸੀ ਤੇ ਇਸ ਦੌਰਾਨ ਫਵਾਇਡ ਦੀ ਮੌਤ ਹੋ ਗਈ ਸੀ। ਫਲਾਇਡ ਦੀ ਮੌਤ ਮਗਰੋਂ ਅਮਰੀਕਾ ਸਣੇ ਪੂਰੇ ਵਿਸ਼ਵ ਵਿਚ ਬਲੈਕ ਲਾਈਫ ਮੈਟਰ ਦੇ ਨਾਂ ਹੇਠ ਪ੍ਰਦਰਸ਼ਨ ਹੋਏ।