ਕੋਲੋਰਾਡੋ ''ਚ 2 ਮਹੀਨਿਆਂ ਤੋਂ ਲੱਗੀ ਅੱਗ ਨੇ ਸਵਾਹ ਕੀਤਾ 2 ਲੱਖ ਏਕੜ ਰਕਬਾ

10/19/2020 11:26:43 PM

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਵਾਸੀਆਂ ਨੂੰ ਆਪਣੇ ਜੀਵਨ 'ਚ ਬਹੁਤ ਕੁਦਰਤੀ ਆਫਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਨ੍ਹਾਂ ਵਿਚੋਂ ਸਭ ਤੋਂ ਖ਼ਤਰਨਾਕ ਜੰਗਲੀ ਅੱਗ ਹੈ। ਇਸ ਆਫ਼ਤ ਨਾਲ ਸਭ ਕੁੱਝ ਸੜ ਕੇ ਸਵਾਹ ਹੋ ਜਾਂਦਾ ਹੈ। ਅਜਿਹੀ ਹੀ ਮਾਰ ਹੁਣ ਕੋਲੋਰਾਡੋ ਵਾਸੀ ਝੱਲ ਰਹੇ ਹਨ। 

ਇਸ ਖੇਤਰ ਵਿਚ ਅੱਗ ਬੁਝਾਊ ਅਮਲਾ ਸੈਂਕੜੇ ਹਜ਼ਾਰਾਂ ਏਕੜ ਰਕਬੇ ਵਿਚ ਦੋ ਮਹੀਨਿਆਂ ਤੋਂ ਲੱਗੀ ਅੱਗ ਨੂੰ ਬੁਝਾਉਣ ਵਿਚ ਲੱਗਾ ਹੋਇਆ ਹੈ। ਰਾਕੀ ਮਾਊਨਟੇਨ ਏਰੀਆ ਕੋਆਰਡੀਨੇਸ਼ਨ ਸੈਂਟਰ ਅਨੁਸਾਰ ਕੈਮਰਨ ਪੀਕ ਫਾਇਰ ਜੋ ਕਿ 13 ਅਗਸਤ ਨੂੰ ਸ਼ੁਰੂ ਹੋਈ ਸੀ, ਕੋਲੋਰਾਡੋ ਦੇ ਇਤਿਹਾਸ ਵਿਚ ਸਭ ਤੋਂ ਵੱਡੀ ਰਿਕਾਰਡ ਕੀਤੀ ਗਈ ਜੰਗਲੀ ਅੱਗ ਹੈ। 

ਫੋਰਟ ਕੋਲਿਨ ਦੇ ਪੱਛਮ ਵਿਚ ਲੱਗੀ ਇਸ ਅੱਗ ਨਾਲ 203,253 ਏਕੜ ਜ਼ਮੀਨ ਸੜ੍ਹ ਗਈ ਹੈ। ਸੰਯੁਕਤ ਰਾਜ ਜੰਗਲਾਤ ਸੇਵਾ ਮੁਤਾਬਕ ਇਸ 'ਤੇ ਕਾਬੂ ਪਾਉਣ ਲਈ ਲਗਭਗ 1,542 ਅੱਗ ਬੁਝਾਊ ਕਾਮੇ ਵੱਖ-ਵੱਖ ਹਿੱਸਿਆਂ ਵਿਚ ਅੱਗ ਬੁਝਾਉਣ ਲਈ ਲੜ ਰਹੇ ਹਨ । ਮੌਸਮ ਵਿਗਿਆਨੀਆਂ ਅਨੁਸਾਰ ਅੱਗ ਲੱਗਣ ਦੇ ਵਾਧੇ ਪਿੱਛੇ ਮੌਸਮ ਵਿਚ ਤਬਦੀਲੀ ਪ੍ਰਮੁੱਖ ਕਾਰਨ ਰਹੀ ਹੈ ਕਿਉਂਕਿ ਵੱਧ ਰਹੇ ਤਾਪਮਾਨ, ਸੁੱਕਣ ਵਾਲੀ ਹਵਾ ਨੇ ਅੱਗ ਨੂੰ ਤੇਜ਼ ਕੀਤਾ ਹੈ। ਇਸ ਤੋਂ ਇਲਾਵਾ ਕੈਲੀਫੋਰਨੀਆ ਦੇ ਜੰਗਲਾਤ ਅਤੇ ਅੱਗ ਸੁਰੱਖਿਆ ਵਿਭਾਗ ਨੇ ਵੀ ਰਿਪੋਰਟ ਦਿੱਤੀ ਹੈ ਕਿ ਕੈਲੀਫੋਰਨੀਆ ਵਿਚ ਇਸ ਸਾਲ ਜੰਗਲੀ ਅੱਗਾਂ ਨਾਲ 4.1 ਮਿਲੀਅਨ ਏਕੜ ਤੋਂ ਜ਼ਿਆਦਾ ਰਕਬਾ ਸੜ੍ਹ ਗਿਆ ਹੈ ਅਤੇ ਨਾਲ ਹੀ 8 ਲੋਕਾਂ ਦੀ ਮੌਤ ਵੀ ਹੋਈ ਹੈ।


Sanjeev

Content Editor

Related News