ਭਾਰਤੀ-ਅਮਰੀਕੀ MP ਰੋਅ ਖੰਨਾ ਨੇ ਕਿਸਾਨਾਂ ਦੇ ਮੁੱਦੇ ਦਾ ਸ਼ਾਂਤੀਪੂਰਨ ਹੱਲ ਕੱਢਣ ਦੀ ਕੀਤੀ ਮੰਗ

12/14/2020 1:30:42 PM

ਵਾਸ਼ਿੰਗਟਨ, (ਭਾਸ਼ਾ)–ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰ ਰੋਅ ਖੰਨਾ ਨੇ ਭਾਰਤ ਵਿਚ ਕਿਸਾਨਾਂ ਦੇ ਮੁੱਦੇ ਦਾ ਸ਼ਾਂਤੀਪੂਰਨ ਤੇ ਨਿਰਪੱਖ ਹੱਲ ਕੱਢਣ ਦੀ ਉਮੀਦ ਜ਼ਾਹਿਰ ਕੀਤੀ ਅਤੇ ਕਿਹਾ ਕਿ ਸਰਕਾਰ ਤੇ ਅੰਦੋਲਨ ਕਰ ਰਹੇ ਕਿਸਾਨਾਂ ਦਰਮਿਆਨ ਗੱਲਬਾਤ ਤੋਂ ਉਹ ਉਤਸ਼ਾਹਿਤ ਹਨ। ਖੰਨਾ (44) ਸਿਲੀਕਾਨ ਵੈਲੀ ਤੋਂ ਲਗਾਤਾਰ ਤੀਜੀ ਵਾਰ ਕਾਂਗਰਸ ਲਈ ਚੁਣੇ ਗਏ ਹਨ। ਉਨ੍ਹਾਂ ਸ਼ਨੀਵਾਰ ਨੂੰ ਟਵੀਟ ਕੀਤਾ,‘‘ਭਾਰਤ ਤੇ ਅਮਰੀਕਾ ਲੋਕਤੰਤਰ ਤੇ ਸ਼ਾਂਤੀਪੂਰਨ ਵਿਖਾਵਿਆਂ ਦੀ ਖੁਸ਼ਹਾਲ ਪਰੰਪਰਾ ਸਾਂਝੀ ਕਰਦੇ ਹਨ। ਕਿਸਾਨ ਸਾਡੇ ਦੇਸ਼ ਦੀ ਰੀੜ੍ਹ ਹਨ ਅਤੇ ਉਨ੍ਹਾਂ ਦੀਆਂ ਗੱਲਾਂ ਸੁਣੀਆਂ ਜਾਣੀਆਂ ਚਾਹੀਦੀਆਂ ਹਨ। ਮੈਂ ਉਮੀਦ ਕਰਦਾ ਹਾਂ ਕਿ ਸ਼ਾਤੀਪੂਰਨ ਤੇ ਨਿਰਪੱਖ ਹੱਲ ਨਿਕਲੇਗਾ।’’

ਉਨ੍ਹਾਂ ਕਿਹਾ,‘‘ਮੈਂ ਚੱਲ ਰਹੀ ਗੱਲਬਾਤ ਤੋਂ ਉਤਸ਼ਾਹਿਤ ਹਾਂ।’’ ਖੰਨਾ ਤੋਂ ਇਲਾਵਾ ਅਮਰੀਕਾ ਦੇ ਕਈ ਸੰਸਦ ਮੈਂਬਰਾਂ ਨੇ ਕਿਸਾਨ ਅੰਦੋਲਨ ’ਤੇ ਵਿਚਾਰ ਰੱਖੇ ਹਨ ਅਤੇ ਕਈਆਂ ਨੇ ਇਸ ’ਤੇ ਚਿੰਤਾ ਵੀ ਜ਼ਾਹਿਰ ਕੀਤੀ ਹੈ।

ਸੰਸਦ ਮੈਂਬਰ ਜਾਨ ਗਰਾਮੇਂਡੀ ਨੇ ਕਿਹਾ,‘‘ਕਾਂਗਰਸ ਵਿਚ ਅਮਰੀਕੀ ਸਿੱਖ ਕਾਕਸ ਦਾ ਸਹਿ-ਪ੍ਰਧਾਨ ਹੋਣ ਦੇ ਨਾਤੇ ਮੇਰੇ ਦਫ਼ਤਰ ਨੂੰ ਭਾਰਤ ਵਿਚ ਖੇਤੀ ਕਾਨੂੰਨ ਦੇ ਵਿਰੋਧ ਵਿਚ ਸ਼ਾਂਤੀਪੂਰਨ ਵਿਖਾਵਾ ਕਰ ਰਹੇ ਵਿਖਾਵਾਕਾਰੀਆਂ ’ਤੇ ਵੱਡੀ ਕਾਰਵਾਈ ਹੋਣ ਦੀ ਜਾਣਕਾਰੀ ਮਿਲੀ ਹੈ।’’

ਜਾਨ ਨੇ 2 ਹੋਰ ਸੰਸਦ ਮੈਂਬਰਾਂ ਨਾਲ ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਣਜੀਤ ਸੰਧੂ ਨੂੰ ਇਸ ਹਫਤੇ ਦੇ ਸ਼ੁਰੂ ਵਿਚ ਚਿੱਠੀ ਲਿਖੀ ਸੀ। ਚਿੱਠੀ ਵਿਚ ਭਾਰਤ ਸਰਕਾਰ ਨੂੰ ਅਹਿਮ ਲੋਕਤੰਤਰੀ ਆਜ਼ਾਦੀਆਂ ਪ੍ਰਤੀ ਸਨਮਾਨ ਦਿਖਾਉਣ ਅਤੇ ਹਿੰਦ ਪ੍ਰਸ਼ਾਂਤ ਖੇਤਰ ਵਿਚ ਲੋਕਤੰਤਰੀ ਕਦਰਾਂ-ਕੀਮਤਾਂ ਦਾ ਮਾਡਲ ਬਣਨ ਦੀ ਅਪੀਲ ਕੀਤੀ ਗਈ ਸੀ।


Lalita Mam

Content Editor

Related News