ਨੇਪਾਲ ਜਹਾਜ਼ ਹਾਦਸੇ ਦੇ ਚਸ਼ਮਦੀਦਾਂ ਨੇ ਬਿਆਨ ਕੀਤਾ ਦਰਦਨਾਕ ਮੰਜ਼ਰ, ਜੇਕਰ ਬਸਤੀ 'ਚ ਡਿੱਗਦਾ ਤਾਂ...

Monday, Jan 16, 2023 - 05:03 PM (IST)

ਨੇਪਾਲ ਜਹਾਜ਼ ਹਾਦਸੇ ਦੇ ਚਸ਼ਮਦੀਦਾਂ ਨੇ ਬਿਆਨ ਕੀਤਾ ਦਰਦਨਾਕ ਮੰਜ਼ਰ, ਜੇਕਰ ਬਸਤੀ 'ਚ ਡਿੱਗਦਾ ਤਾਂ...

ਕਾਠਮੰਡੂ (ਭਾਸ਼ਾ)- ਨੇਪਾਲ ਵਿੱਚ ਐਤਵਾਰ ਨੂੰ ਯਾਤਰੀ ਜਹਾਜ਼ ਹਾਦਸੇ ਤੋਂ ਬਾਅਦ ਮੌਕੇ 'ਤੇ ਮੌਜੂਦ ਚਸ਼ਮਦੀਦਾਂ ਨੇ ਹਾਦਸੇ ਦੇ ਦਰਦਨਾਕ ਮੰਜ਼ਰ ਬਾਰੇ ਦੱਸਿਆ। ਉਹਨਾਂ ਦੱਸਿਆ ਕਿ ਯੇਤੀ ਏਅਰਲਾਈਨਜ਼ ਦਾ ਜਹਾਜ਼ ਜਦੋਂ ਉਨ੍ਹਾਂ ਦੀ ਬਸਤੀ ਨੇੜੇ ਹਾਦਸਾਗ੍ਰਸਤ ਹੋਇਆ, ਉਦੋਂ ਉਨ੍ਹਾਂ ਨੇ ਬੰਬ ਧਮਾਕੇ ਵਰਗੀ ਆਵਾਜ਼ ਸੁਣੀ।ਹਿਮਾਲੀਅਨ ਦੇਸ਼ ਵਿੱਚ 30 ਸਾਲਾਂ ਤੋਂ ਵੱਧ ਸਮੇਂ ਵਿੱਚ ਇਹ ਸਭ ਤੋਂ ਭਿਆਨਕ ਜਹਾਜ਼ ਹਾਦਸਾ ਹੈ। ਪੋਖਰਾ ਦੇ ਰਿਜ਼ੋਰਟ ਸ਼ਹਿਰ 'ਚ ਹਾਲ ਹੀ 'ਚ ਲਾਂਚ ਕੀਤੇ ਗਏ ਹਵਾਈ ਅੱਡੇ 'ਤੇ ਲੈਂਡਿੰਗ ਦੌਰਾਨ ਜਹਾਜ਼ ਕਰੈਸ਼ ਹੋ ਗਿਆ। ਜਹਾਜ਼ 'ਚ ਸਵਾਰ 72 ਲੋਕਾਂ 'ਚੋਂ 68 ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ।ਬਾਕੀ ਚਾਰ ਦੀ ਭਾਲ ਜਾਰੀ ਹੈ। ਇਸ ਦੌਰਾਨ ਜਹਾਜ਼ ਦਾ ਬਲੈਕ ਬਾਕਸ ਵੀ ਬਰਾਮਦ ਕਰ ਲਿਆ ਗਿਆ ਹੈ।

PunjabKesari

PunjabKesari

ਨੇਪਾਲੀ ਅਖਬਾਰ 'ਕਾਠਮੰਡੂ ਪੋਸਟ' ਨਾਲ ਗੱਲਬਾਤ ਦੌਰਾਨ ਚਸ਼ਮਦੀਦ ਕਲਪਨਾ ਸੁਨਾਰ ਨੇ ਦੱਸਿਆ ਕਿ ਉਹ ਆਪਣੇ ਘਰ ਦੇ ਵਿਹੜੇ 'ਚ ਕੱਪੜੇ ਧੋ ਰਹੀ ਸੀ। ਫਿਰ ਉਸਨੇ ਆਸਮਾਨ ਤੋਂ ਡਿੱਗਦੇ ਹੋਏ ਇੱਕ ਜਹਾਜ਼ ਨੂੰ ਆਪਣੇ ਵੱਲ ਆਉਂਦਾ ਦੇਖਿਆ। ਉਸਨੇ ਕਿਹਾ ਕਿ "ਜਹਾਜ਼ ਅਜੀਬ ਢੰਗ ਨਾਲ ਝੁਕਿਆ ਅਤੇ ਕੁਝ ਪਲਾਂ ਬਾਅਦ ਉਸ ਨੇ ਇੱਕ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ, ਜਿਵੇਂ ਕਿ ਕੋਈ ਬੰਬ ਫਟਿਆ ਹੋਵੇ। ਫਿਰ ਉਸ ਨੇ ਸੇਤੀ ਘਾਟੀ ਵਿੱਚੋਂ ਕਾਲਾ ਧੂੰਆਂ ਨਿਕਲਦਾ ਦੇਖਿਆ।''

PunjabKesari

PunjabKesari

ਸਥਾਨਕ ਨਿਵਾਸੀ ਗੀਤਾ ਸੁਨਾਰ ਦੇ ਘਰ ਤੋਂ ਕਰੀਬ 12 ਮੀਟਰ ਦੀ ਦੂਰੀ 'ਤੇ ਜਹਾਜ਼ ਦਾ ਇੱਕ ਵਿੰਗ ਜ਼ਮੀਨ 'ਤੇ ਡਿੱਗ ਗਿਆ। ਵਾਲ-ਵਾਲ ਬਚੀ ਗੀਤਾ ਨੇ ਦੱਸਿਆ ਕਿ ਜੇਕਰ ਜਹਾਜ਼ ਉਸ ਦੇ ਘਰ ਦੇ ਥੋੜ੍ਹਾ ਜਿਹਾ ਵੀ ਨੇੜੇ ਆ ਜਾਂਦਾ ਤਾਂ ਪੂਰੀ ਕਲੋਨੀ ਤਬਾਹ ਹੋ ਜਾਂਦੀ। ਗੀਤਾ ਨੇ ਦੱਸਿਆ ਕਿ ਜਿੱਥੇ ਜਹਾਜ਼ ਕਰੈਸ਼ ਹੋਇਆ, ਉੱਥੇ ਕਾਫੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਜਹਾਜ਼ ਕੁਝ ਦੂਰੀ 'ਤੇ ਡਿੱਗਣ ਕਾਰਨ ਬਸਤੀ ਬਚ ਗਈ, ਨਹੀਂ ਤਾਂ ਜਾਨੀ ਨੁਕਸਾਨ ਜ਼ਿਆਦਾ ਹੋਣਾ ਸੀ। 

PunjabKesari

PunjabKesari

ਪੜ੍ਹੋ ਇਹ ਅਹਿਮ ਖ਼ਬਰ-ਨੇਪਾਲ: ਬਰਾਮਦ ਬਲੈਕ ਬਾਕਸ ਖੋਲ੍ਹਣਗੇ ਜਹਾਜ਼ ਹਾਦਸੇ ਦੀ ਅਸਲ ਵਜ੍ਹਾ, ਅੱਜ ਸੌਂਪੀਆਂ ਜਾਣਗੀਆਂ ਲਾਸ਼ਾਂ

ਗੀਤਾ ਅਨੁਸਾਰ ਸੇਤੀ ਘਾਟੀ ਦੇ ਦੋਵੇਂ ਪਾਸੇ ਅੱਗ ਲੱਗੀ ਹੋਈ ਸੀ ਅਤੇ ਲਾਸ਼ਾਂ ਇਧਰ-ਉਧਰ ਖਿੱਲਰੀਆਂ ਪਈਆਂ ਸਨ। ਘਟਨਾ ਦੇ ਸਮੇਂ ਉੱਥੇ ਮੌਜੂਦ ਬੱਚਿਆਂ ਨੇ ਦੱਸਿਆ ਕਿ ਆਸਮਾਨ ਤੋਂ ਤੇਜ਼ੀ ਨਾਲ ਘੁੰਮਦੇ ਹੋਏ ਡਿੱਗਦੇ ਜਹਾਜ਼ ਨੂੰ ਦੇਖਿਆ।। 11 ਸਾਲਾ ਸਮੀਰ ਅਤੇ ਪ੍ਰਜਵਲ ਪੇਰੀਆਰ ਨੇ ਪਹਿਲਾਂ ਤਾਂ ਜਹਾਜ਼ ਨੂੰ ਖਿਡੌਣਾ ਸਮਝਿਆ ਪਰ ਜਦੋਂ ਜਹਾਜ਼ ਨੇੜੇ ਆਇਆ ਤਾਂ ਉਹ ਭੱਜ ਗਏ। ਸਮੀਰ ਨੇ ਕਿਹਾ ਕਿ ਅਚਾਨਕ ਧੂੰਏਂ ਕਾਰਨ ਚਾਰੇ ਪਾਸੇ ਹਨੇਰਾ ਹੋ ਗਿਆ। ਇੰਝ ਲੱਗਦਾ ਸੀ ਕਿ ਜਹਾਜ਼ ਦਾ ਪਹੀਆ ਹੇਠਾਂ ਆਉਂਦੇ ਹੀ ਸਾਨੂੰ ਛੂਹ ਲਵੇਗਾ। ਇਕ ਹੋਰ ਚਸ਼ਮਦੀਦ ਬੈਂਸਾ ਬਹਾਦਰ ਬੀ.ਕੇ ਨੇ ਦੱਸਿਆ ਕਿ ਜੇਕਰ ਜਹਾਜ਼ ਸਿੱਧਾ ਡਿੱਗ ਜਾਂਦਾ ਤਾਂ ਟਾਊਨਸ਼ਿਪ ਨਾਲ ਟਕਰਾ ਜਾਣਾ ਸੀ ਅਤੇ ਇਸ ਤੋਂ ਵੀ ਜ਼ਿਆਦਾ ਨੁਕਸਾਨ ਹੋ ਸਕਦਾ ਸੀ। ਅਖ਼ਬਾਰ ਨੇ ਉਸ ਦੇ ਹਵਾਲੇ ਨਾਲ ਕਿਹਾ ਕਿ "ਜਹਾਜ਼ ਦੀਆਂ ਅੱਠ ਖਿੜਕੀਆਂ ਵਿੱਚੋਂ ਸੱਤ ਬਰਕਰਾਰ ਸਨ, ਜਿਸ ਕਾਰਨ ਸਾਨੂੰ ਲੱਗਦਾ ਸੀ ਕਿ ਯਾਤਰੀ ਅਜੇ ਵੀ ਜ਼ਿੰਦਾ ਹਨ। ਪਰ ਅੱਗ ਕੁਝ ਹੀ ਸਮੇਂ ਵਿੱਚ ਫੈਲ ਗਈ...ਇਹ ਬਹੁਤ ਡਰਾਉਣੀ ਸੀ।' 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News