ਇਟਲੀ 'ਚ ਅਮਿੱਟ ਪੈੜਾਂ ਛੱਡਦਾ ਯੂਰਪੀ ਕਬੱਡੀ ਟੂਰਨਾਮੈਂਟ ਸ਼ਾਨੋਂ-ਸ਼ੌਕਤ ਨਾਲ ਹੋਇਆ ਸਮਾਪਤ
Friday, Sep 02, 2022 - 11:55 AM (IST)
ਰੋਮ (ਕੈਂਥ)- ਮਾਂ ਖੇਡ ਕਬੱਡੀ ਨੂੰ ਦੁਨੀਆ ਦੇ ਕੌਨੇ-ਕੌਨੇ ਵਿਚ ਮਸ਼ਹੂਰ ਕਰਨ ਦੇ ਇਰਾਦੇ ਨਾਲ ਬੀਤੇ ਦਿਨੀਂ ਇਟਲੀ ਵਿਚ ਕਰਵਾਇਆ ਗਿਆ ਕਬੱਡੀ ਦਾ ਮਹਾਂਕੁੰਭ ਅਮਿੱਟ ਪੈੜਾਂ ਛੱਡਦਾ ਸ਼ਾਨੋਂ ਸ਼ੌਕਤ ਨਾਲ ਸਮਾਪਤ ਹੋ ਗਿਆ। ਕੋਨੀ ਦੇ ਅਧੀਨ ਅਤੇ ਵਰਲਡ ਕਬੱਡੀ ਦੇ ਪ੍ਰਧਾਨ ਅਸ਼ੋਕ ਦਾਸ ਅਤੇ ਇਟਾਲੀਅਨ ਕਬੱਡੀ ਫੈੱਡਰੇਸ਼ਨ ਦੇ ਪ੍ਰਧਾਨ ਸੁਖਮੰਦਰ ਸਿੰਘ ਜੌਹਲ ਦੀ ਅਗਵਾਈ ਅਤੇ ਯਤਨਾਂ ਸਦਕਾ ਪਹਿਲੀ ਵਾਰ ਯੂਰਪੀ ਕਬੱਡੀ ਕੱਪ ਕਰਵਾਇਆ ਗਿਆ, ਜਿਸ ਵਿਚ ਯੂਰਪ ਦੀਆਂ ਲੱਗਭਗ ਸਾਰੀਆਂ ਕਬੱਡੀ ਟੀਮਾਂ ਨੇ ਹਿੱਸਾ ਲਿਆ। 27-28 ਅਗਸਤ ਨੂੰ ਕਰਵਾਏ ਗਏ ਇਸ ਟੂਰਨਾਮੈਂਟ ਵਿਚ ਮੁੰਡਿਆਂ ਅਤੇ ਕੁੜੀਆਂ ਦੀਆਂ 24 ਟੀਮਾਂ ਨੇ ਹਿੱਸਾ ਲਿਆ। ਇਸ ਕਬੱਡੀ ਚੈਂਪੀਅਨਸ਼ਿਪ ਵਿਚ ਮੁੰਡੇ ਤੇ ਕੁੜੀਆਂ ਦੀ ਨੈਸ਼ਨਲ ਸਟਾਈਲ, ਸਰਕਲ ਸਟਾਈਲ ਤੋਂ ਇਲਾਵਾ ਅੰਡਰ 20 ਤੇ 40 ਸਾਲਾਂ ਤੋਂ ਉਪਰ ਦੇ ਸਰਕਲ ਸਟਾਈਲ ਦੇ ਸ਼ੋਅ ਮੈਚ ਕਰਵਾਏ ਗਏ, ਜਿਨ੍ਹਾਂ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਨੈਸ਼ਨਲ ਸਟਾਈਲ ਕਬੱਡੀ ਵਿਚ ਮੁੰਡਿਆਂ ਦੀ ਟੀਮ ਵਿਚ ਇੰਗਲੈਂਡ ਨੇ ਬਾਜ਼ੀ ਮਾਰ, ਜਦੋਂਕਿ ਪੋਲੈਂਡ ਦੇ ਮੁੰਡੇ ਦੂਜੇ ਸਥਾਨ 'ਤੇ ਰਹੇ। ਉਧਰ ਸਰਕਲ ਸਟਾਈਲ ਵਿਚ ਹੋਲੈਂਡ ਦੀ ਟੀਮ ਨੇ ਬਾਜ਼ੀ ਮਾਰੀ, ਜਦੋਂਕਿ ਮੇਜ਼ਬਾਨ ਇਟਲੀ ਦੀ ਟੀਮ ਦੂਜੇ ਸਥਾਨ 'ਤੇ ਰਹੀ। ਦੂਜੇ ਪਾਸੇ ਕੁੜੀਆਂ ਦੀ ਗੱਲ ਕਰੀਏ ਤਾਂ ਨੈਸ਼ਨਲ ਸਟਾਈਲ ਵਿਚ ਪੋਲੈਂਡ ਦੀ ਟੀਮ ਪਹਿਲੇ ਸਥਾਨ 'ਤੇ ਰਹੀ, ਜਦੋਂਕਿ ਇਟਲੀ ਦੀਆਂ ਕੁੜੀਆਂ ਦੂਜੇ ਸਥਾਨ 'ਤੇ ਰਹੀਆਂ।
ਇਸ ਦੌਰਾਨ ਇਟਲੀ ਦੀ ਧਰਤੀ 'ਤੇ ਪੂਰਾ ਪੰਜਾਬ ਵਾਲਾ ਮਾਹੌਲ ਦਿਖਾਈ ਦਿੱਤਾ। ਵੱਡੀ ਗਿਣਤੀ ਵਿਚ ਦਰਸ਼ਕ ਇਹਨਾਂ ਮੈਚਾਂ ਨੂੰ ਦੇਖਣ ਲਈ ਪਹੁੰਚੇ। ਇਟਲੀ ਦੇ ਜ਼ਿਲ੍ਹਾ ਬਰੇਸ਼ੀਆ ਅਧੀਨ ਆਉਂਦੇ ਕਸਬੇ ਪਸਰੀਆਨੋ ਨੇੜੇ ਰੋਵਾਤੋ ਵਿਖੇ ਕਰਵਾਏ, ਇਸ ਕਬੱਡੀ ਕੱਪ ਨੂੰ ਦੇਖਣ ਲਈ ਦੂਰੋਂ-ਦੂਰੋਂ ਲੋਕ ਪਹੁੰਚੇ।ਦਰਸ਼ਕਾਂ ਦੇ ਉਤਸ਼ਾਹ ਦੇਖਦੇ ਹੀ ਬਣਦਾ ਸੀ। ਉਧਰ ਕਬੱਡੀ ਖਿਡਾਰੀਆਂ ਨੂੰ ਨਗਦੀ ਇਨਾਮ ਵੀ ਵੰਡੇ ਗਏ, ਜਿਸ ਨਾਲ ਉਹਨਾਂ ਦਾ ਉਤਸ਼ਾਹ ਹੋਰ ਵੀ ਵਧ ਗਿਆ। ਇਸ ਟੂਰਨਾਮੈਂਟ ਵਿਚ ਵਿਸ਼ੇਸ਼ ਗੱਲ ਇਹ ਰਹੀ ਕਿ ਕੁੜੀਆਂ ਦੀ ਕਬੱਡੀ ਮੌਕੇ ਔਰਤਾਂ ਵਲੋਂ ਖ਼ਾਸ ਤੌਰ 'ਤੇ ਆਸ਼ਿਰਵਾਦ ਦਿੱਤਾ ਗਿਆ। ਵੱਡੀ ਗਿਣਤੀ ਵਿਚ ਲੋਕਾਂ ਨੇ ਇਹਨਾਂ ਕਬੱਡੀ ਮੈਚਾਂ ਦਾ ਆਨੰਦ ਮਾਣਿਆ। ਇਸ ਮੌਕੇ ਸੁਖਮੰਦਰ ਸਿੰਘ ਜੌਹਲ ਨੇ ਆਏ ਹੋਏ ਦਰਸ਼ਕਾਂ, ਗੁਰੂ ਘਰਾਂ ਦੇ ਪ੍ਰਬੰਧਕਾਂ, ਖੇਡ ਕਲੱਬਾਂ, ਸਮਾਜ ਸੇਵੀ ਸੰਸਥਾਵਾਂ, ਪ੍ਰਮੋਟਰਾਂ ਅਤੇ ਸਪੋਟਰਾਂ ਦਾ ਵੀ ਧੰਨਵਾਦ ਕੀਤਾ। ਮਾਂ ਖੇਡ ਕਬੱਡੀ ਨੂੰ ਇਟਲੀ ਵਿਚ ਪਹੁੰਚਾਉਣ ਤੇ ਬਣਦਾ ਮਾਣ ਦਿਵਾਉਣ ਲਈ ਸੁਖਮੰਦਰ ਸਿੰਘ ਜੌਹਲ ਤੇ ਅਸ਼ੋਕ ਦਾਸ ਵੀ ਸ਼ਲਾਘਾ ਦੇ ਪਾਤਰ ਹਨ