ਗਲਾਸਗੋ : ਫੇਅਰਵੈਦਰ ਡਰੌਪ-ਇਨ ਸੈਂਟਰ ਵੱਲੋਂ ਈਦ ਪਾਰਟੀ ਦਾ ਆਯੋਜਨ
Friday, May 12, 2023 - 01:44 AM (IST)

ਗਲਾਸਗੋ (ਮਨਦੀਪ ਖੁਰਮ ਹਿੰਮਤਪੁਰਾ) : ਫੇਅਰਵੈਦਰ ਡਰੌਪ-ਇਨ ਸੈਂਟਰ ਵੱਲੋਂ ਫੇਅਰਵੈਦਰ ਹਾਲ ਨਿਊਟਨ ਮੈਰਨਜ਼ (ਗਲਾਸਗੋ) ਵਿਖੇ ਈਦ ਪਾਰਟੀ ਦਾ ਆਯੋਜਨ ਕੀਤਾ ਗਿਆ। ਵੱਡੀ ਗਿਣਤੀ ਵਿੱਚ ਪਹੁੰਚੇ ਮੈਂਬਰਾਂ ਦੇ ਇਕੱਠ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਪਹੁੰਚੀ ਈਸਟ ਰੈਨਫਰੂਸ਼ਾਇਰ ਕੌਂਸਲ ਦੀ ਲਾਰਡ ਪ੍ਰੋਵੋਸਟ ਮੇਰੀ ਮੌਨਟੇਗ ਦਾ ਤਾੜੀਆਂ ਨਾਲ ਸਵਾਗਤ ਕੀਤਾ। ਵੱਖ-ਵੱਖ ਭਾਈਚਾਰਿਆਂ ਦੇ ਲੋਕਾਂ ਨੇ ਇਕ ਦੂਜੇ ਦੇ ਗਲ਼ ਮਿਲ ਕੇ ਈਦ ਦੀ ਮੁਬਾਰਕਬਾਦ ਦਿੱਤੀ। ਮੁੱਖ ਮਹਿਮਾਨ ਨੇ ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਮਿਲ-ਜੁਲ ਕੇ ਤਿਉਹਾਰ ਮਨਾਉਣ ਦੀ ਖਾਸ ਸ਼ਲਾਘਾ ਕੀਤੀ। ਇਸ ਉਪਰੰਤ ਸਭ ਨੇ ਦੇਸੀ ਪਕਵਾਨਾਂ ਦਾ ਆਨੰਦ ਮਾਣਿਆ।
ਇਹ ਵੀ ਪੜ੍ਹੋ : ਪੰਜਾਬੀ ਮੁੰਡੇ ਦਾ 8 ਸਾਲ ਬਾਅਦ ਪ੍ਰਵਾਨ ਚੜ੍ਹਿਆ ਪਿਆਰ, ਪਾਕਿਸਤਾਨੀ ਕੁੜੀ ਨਾਲ ਕਰੇਗਾ ਵਿਆਹ
ਜ਼ਿਕਰਯੋਗ ਹੈ ਕਿ ਇਹ ਸੰਸਥਾ ਪਿਛਲੇ 15 ਸਾਲਾਂ ਤੋਂ ਕਾਰਜਸ਼ੀਲ ਹੈ, ਹਰ ਵੀਰਵਾਰ ਨੂੰ 50 ਸਾਲ ਤੋਂ ਵਡੇਰੀ ਉਮਰ ਦੇ ਦੇਸੀ ਭਾਈਚਾਰੇ ਦੇ ਸੱਜਣ ਯੋਗਾ ਕਰਨ ਉਪਰੰਤ ਤਾਜ਼ਾ ਦੇਸੀ ਭੋਜਨ ਮਿਲ-ਬੈਠ ਕੇ ਛਕਦੇ ਹਨ। ਇਸ ਸੰਸਥਾ ਦਾ ਮੰਤਵ ਹੈ ਕਿ ਬਜ਼ੁਰਗ ਲਗਾਤਾਰ ਘਰ ਦੀ ਚਾਰਦੀਵਾਰੀ ਵਿੱਚ ਰਹਿਣ ਕਾਰਨ ਇਕਾਂਤਵਾਸ ਨਾਲ ਮਾਨਸਿਕ ਰੋਗ ਦਾ ਸ਼ਿਕਾਰ ਨਾ ਹੋ ਜਾਣ। ਸੰਸਥਾ ਨਾਲ ਪਹਿਲਾਂ ਤੋਂ ਜੁੜੇ ਜਨਰਲ ਸਕੱਤਰ ਜਗਦੀਸ਼ ਸਿੰਘ ਪਨਫੇਰ ਨੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ 25 ਮਈ ਨੂੰ ਵਿਸਾਖੀ ਦਾ ਤਿਉਹਾਰ ਮਨਾਉਣ ਦਾ ਖੁੱਲ੍ਹਾ ਸੱਦਾ ਦਿੱਤਾ। ਖੁਸ਼ੀ ਦਾ ਵਾਤਾਵਰਣ ਮੁੱਕਣ 'ਤੇ ਹੀ ਨਹੀਂ ਸੀ ਆਉਂਦਾ ਪਰ ਹਾਲ ਕੀਪਰ ਨੇ ਮੁਸਕਰਾ ਕੇ ਘੜੀ ਵੱਲ ਦੇਖਿਆ ਤਾਂ ਅਗਲੇ ਵੀਰਵਾਰ ਨੂੰ ਫਿਰ ਮਿਲਣ ਦਾ ਵਾਅਦਾ ਕਰਕੇ ਸਭ ਨੂੰ ਜਾਣਾ ਹੀ ਪਿਆ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।