ਮਿਸਰ ਪੁਲਸ ਨੂੰ ਮਿਲੀ ਕਾਮਯਾਬੀ, ਫੜੀ 39 ਕੁਇੰਟਲ ਨਸ਼ਿਆਂ ਦੀ ਖੇਪ
Wednesday, Feb 19, 2020 - 12:16 PM (IST)

ਕਾਇਰਾ— ਮਿਸਰ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੇ ਗੈਰ-ਕਾਨੂੰਨੀ ਤਰੀਕੇ ਨਾਲ ਲੈ ਜਾਈ ਜਾ ਰਹੀ ਡਰੱਗਜ਼ ਦੀ ਵੱਡੀ ਖੇਪ ਫੜੀ ਹੈ। ਮਿਸਰ ਦੇ ਅੰਦਰੂਨੀ ਮਾਮਲਿਆਂ ਦੇ ਮੰਤਰੀ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ।
ਜਾਣਕਾਰੀ ਮੁਤਾਬਕ 3,900 ਕਿਲੋ (39 ਕੁਇੰਟਲ) ਨਸ਼ਾ ਫੜਿਆ ਗਿਆ ਹੈ ਜੋ ਕਿ ਇਕ ਵੱਡੇ ਕੰਟੇਨਰ 'ਚ ਲੁਕੋ ਕੇ ਦੇਸ਼ 'ਚ ਅਰਬ ਦੇਸ਼ 'ਚੋਂ ਲਿਆਂਦਾ ਜਾ ਰਿਹਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਸ ਨਸ਼ੇ ਨੂੰ ਫੂਡ ਕੰਟੇਨਰ 'ਚ ਲੁਕੋ ਕੇ ਲਿਆਂਦਾ ਗਿਆ ਤਾਂ ਕਿ ਅਜਿਹਾ ਲੱਗੇ ਕਿ ਇਹ ਖਾਣ ਵਾਲੀ ਚੀਜ਼ ਹੈ।
ਨਸ਼ਾ ਤਸਕਰੀ ਪਿੱਛੇ ਜਿਨ੍ਹਾਂ ਲੋਕਾਂ ਦਾ ਹੱਥ ਹੈ, ਉਨ੍ਹਾਂ ਨੂੰ ਹਿਰਾਸਤ 'ਚ ਲੈਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਡਰੱਗ ਕੰਟਰੋਲ ਤੇ ਟਰੀਟਮੈਂਟ ਫੰਡ ਮੁਤਾਬਕ ਮਿਸਰ 'ਚ 15 ਤੋਂ 65 ਸਾਲ ਦੇ ਲੋਕ ਬਹੁਤ ਜ਼ਿਆਦਾ ਨਸ਼ਾ ਕਰਦੇ ਹਨ। ਉਨ੍ਹਾਂ ਦੀ ਆਬਾਦੀ ਦਾ 10.4 ਫੀਸਦੀ ਹਿੱਸਾ ਨਸ਼ਿਆਂ 'ਚ ਪੈ ਚੁੱਕਾ ਹੈ। ਮਿਸਰ ਅਧਿਕਾਰੀ ਇਸ 'ਤੇ ਨਕੇਲ ਕੱਸਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਪਰ ਅਜੇ ਇਸ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ।