ਸਕੂਲਾਂ ''ਚ ਕੋਰੋਨਾ ਦੇ ਮਾਮਲੇ ਵਧਣ ਮਗਰੋਂ ਓਂਟਾਰੀਓ ਸਿਹਤ ਮੰਤਰੀ ਦਾ ਵੱਡਾ ਬਿਆਨ

09/06/2020 10:01:57 AM

ਓਂਟਾਰੀਓ- ਕੈਨੇਡਾ ਵਿਚ ਕਈ ਸਕੂਲ ਖੁੱਲ੍ਹ ਚੁੱਕੇ ਹਨ ਅਤੇ ਇਸ ਦੇ ਬਾਅਦ ਕੁੱਝ ਸਕੂਲਾਂ ਵਿਚ ਕੋਰੋਨਾ ਵਾਇਰਸ ਦੇ ਧਮਾਕੇ ਦੀਆਂ ਖਬਰਾਂ ਹਨ। ਬੀਤੇ ਦਿਨ ਕਿਊਬਿਕ ਸੂਬੇ ਦੇ 47 ਸਕੂਲਾਂ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ, ਜਿਸ ਕਾਰਨ ਮਾਪਿਆ ਦੀਆਂ ਚਿੰਤਾਵਾਂ ਵੱਧ ਗਈਆਂ ਹਨ। ਇਸ 'ਤੇ ਓਂਟਾਰੀਓ ਸੂਬਾ ਸਿੱਖਿਆ ਮੰਤਰੀ ਸਟੀਫਨ ਲੇਸੀ ਨੇ ਬਿਆਨ ਦਿੱਤਾ ਹੈ ਕਿ ਉਨ੍ਹਾਂ ਵਲੋਂ ਸਕੂਲਾਂ ਵਿਚ ਸੁਰੱਖਿਆ ਲਈ ਚੁੱਕੇ ਗਏ ਕਦਮ ਵੱਖਰੇ ਤੇ ਵਧੇਰੇ ਪ੍ਰਭਾਵਸ਼ਾਲੀ ਹਨ।
 
ਓਂਟਾਰੀਓ ਸਿੱਖਿਆ ਮੰਤਰੀ ਨੇ ਮਾਪਿਆ ਨੂੰ ਹੌਂਸਲਾ ਦਿੰਦਿਆਂ ਕਿਹਾ ਕਿ ਉਨ੍ਹਾਂ ਵਲੋਂ ਚੁੱਕੇ ਜਾ ਰਹੇ ਠੋਸ ਕਦਮਾਂ ਕਾਰਨ ਵਿਦਿਆਰਥੀਆਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੋਵੇਗੀ ਤੇ ਬੱਚੇ ਤੇ ਸਟਾਫ ਕੋਰੋਨਾ ਵਾਇਰਸ ਤੋਂ ਸੁਰੱਖਿਅਤ ਰਹਿਣਗੇ।
 
ਉਨ੍ਹਾਂ ਕਿਹਾ ਕਿ ਓਂਟਾਰੀਓ ਸੂਬੇ ਦੇ ਹਰ ਸਕੂਲ ਵਿਚ ਵਿਦਿਆਰਥੀਆਂ ਨੂੰ ਮਾਸਕ ਲਗਾਉਣਾ ਲਾਜ਼ਮੀ ਹੈ ਪਰ ਕਿਊਬਿਕ ਸੂਬੇ ਨੇ ਇਹ ਨਿਯਮ ਜ਼ਰੂਰੀ ਨਹੀਂ ਕੀਤਾ ਸੀ। ਬੱਚਿਆਂ ਦਾ ਤਾਪਮਾਨ ਜਾਂਚਣ ਲਈ ਤੇ ਹੋਰ ਜ਼ਰੂਰੀ ਸਹਾਇਤਾ ਪ੍ਰਦਾਨ ਕਰਨ ਲਈ 600 ਨਰਸਾਂ ਸਕੂਲਾਂ ਵਿਚ ਤਾਇਨਾਤ ਕੀਤੀਆਂ ਜਾਣਗੀਆਂ । ਟੋਰਾਂਟੋ ਵਿਚ ਇਕ ਪ੍ਰੋਗਰਾਮ ਨੂੰ ਸੰਬੋਧਤ ਕਰਦਿਆਂ ਉਨ੍ਹਾਂ ਕਿਹਾ ਕਿ ਮਾਪਿਆ ਨੂੰ ਬੱਚਿਆਂ ਦੀ ਸਕਰੀਨਿੰਗ ਹਰ ਰੋਜ਼ ਕਰਨੀ ਪਵੇਗੀ ਤਾਂ ਕਿ ਜੇਕਰ ਕਿਸੇ ਵੀ ਕੋਈ ਵੀ ਲੱਛਣ ਨਜ਼ਰ ਆਵੇ ਤਾਂ ਉਸ ਨੂੰ ਸਕੂਲ ਨਾ ਭੇਜਿਆ ਜਾਵੇ।  

ਜ਼ਿਕਰਯੋਗ ਹੈ ਕਿ ਸਕੂਲ ਬੋਰਡ, ਅਧਿਆਪਕ ਯੂਨੀਅਨ ਅਤੇ ਕੁਝ ਮਾਪਿਆਂ ਦੀ ਮੰਗ ਹੈ ਕਿ ਜਮਾਤ ਵਿਚ ਸਮਾਜਿਕ ਦੂਰੀ ਬਣਾ ਕੇ ਰੱਖਣ ਤੇ ਕਲਾਸਾਂ ਦਾ ਆਕਾਰ ਛੋਟਾ ਰੱਖਣ ਲਈ ਫੰਡ ਦਿੱਤਾ ਜਾਵੇ। ਓਂਟਾਰੀਓ ਦੇ ਮੁੱਖ ਮੰਤਰੀ ਡਗ ਫੋਰਡ ਨੂੰ ਸਕੂਲ ਖੋਲ੍ਹਣ ਲਈ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ। ਫੋਰਡ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਕੂਲ ਖੋਲ੍ਹਣ ਦੀ ਯੋਜਨਾ ਡਾਕਟਰਾਂ ਅਤੇ ਮਾਹਰਾਂ ਦੀ ਰਾਇ ਨਾਲ ਬਣਾਈ ਗਈ ਹੈ। ਉਨ੍ਹਾਂ ਪਿਛਲੇ ਹਫਤੇ ਹੀ ਇਹ ਨਿਯਮ ਲਾਗੂ ਕੀਤਾ ਹੈ ਕਿ ਮਾਪੇ ਰੋਜ਼ਾਨਾ ਬੱਚਿਆਂ ਦੇ ਤਾਪਮਾਨ ਦੀ ਸਕਰੀਨਿੰਗ ਕਰਨ ਅਤੇ ਅਧਿਆਪਕ ਤੇ ਪ੍ਰਿੰਸੀਪਲ ਨੂੰ ਜੇਕਰ ਕਿਸੇ ਬੱਚੇ ਵਿਚ ਕੋਰੋਨਾ ਦਾ ਲੱਛਣ ਦਿਖਾਈ ਦਿੰਦਾ ਹੈ ਤਾਂ ਉਹ ਉਸ ਨੂੰ ਇਕਾਂਤਵਾਸ ਕਰ ਸਕਦੇ ਹਨ। ਓਂਟਾਰੀਓ ਵਿਚ 43,003 ਲੋਕ ਕੋਰੋਨਾ ਦੇ ਸ਼ਿਕਾਰ ਹੋ ਚੁੱਕੇ ਹਨ ਤੇ ਹੁਣ ਤੱਕ 2,811 ਲੋਕਾਂ ਦੀ ਜਾਨ ਜਾ ਚੁੱਕੀ ਹੈ। 


Lalita Mam

Content Editor

Related News